ਹੁਣ ਫੜੇ ਜਾਣਗੇ ਮੋਬਾਇਲ ਸਮੇਤ ਪਾਬੰਦੀਸ਼ੁਦਾ ਸਾਮਾਨ ਲੁਕੋ ਕੇ ਜੇਲ ਅੰਦਰ ਲਿਜਾਣ ਵਾਲੇ

Saturday, Nov 25, 2017 - 05:43 AM (IST)

ਹੁਣ ਫੜੇ ਜਾਣਗੇ ਮੋਬਾਇਲ ਸਮੇਤ ਪਾਬੰਦੀਸ਼ੁਦਾ ਸਾਮਾਨ ਲੁਕੋ ਕੇ ਜੇਲ ਅੰਦਰ ਲਿਜਾਣ ਵਾਲੇ

ਲੁਧਿਆਣਾ(ਸਿਆਲ)-ਹੁਣ ਜੇਲ ਵਿਚ ਮੋਬਾਇਲ ਫੋਨ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਲੁਕੋ ਕੇ ਲਿਜਾਣ ਵਾਲੇ ਆਸਾਨੀ ਨਾਲ ਜੇਲ ਪ੍ਰਸ਼ਾਸਨ ਦੀ ਪਕੜ ਵਿਚ ਆ ਜਾਣਗੇ ਕਿਉਂਕਿ ਜੇਲ ਦੀ ਡਿਓਢੀ 'ਤੇ ਇਕ ਨਵੀਂ ਐਕਸ-ਰੇ ਬੈਗਿੰਗ ਮਸ਼ੀਨ ਸਥਾਪਤ ਕੀਤੀ ਗਈ ਹੈ। ਜੇਲ ਦੇ ਅੰਦਰ ਜਾਣ ਵਾਲੇ ਹਰ ਕਿਸੇ ਵਿਅਕਤੀ ਚਾਹੇ ਉਹ ਅਧਿਕਾਰੀ ਜਾਂ ਕਰਮਚਾਰੀ ਜਾਂ ਫਿਰ ਮੁਲਾਕਾਤੀ ਹੋਵੇ, ਦਾ ਸਾਮਾਨ ਪਹਿਲਾਂ ਇਸ ਮਸ਼ੀਨ ਵਿਚ ਚੈੱਕ ਕੀਤਾ ਜਾਵੇਗਾ। ਕਿਸੇ ਵੀ ਸ਼ਾਤਰ ਵੱਲੋਂ ਕੱਪੜਿਆਂ ਅਤੇ ਜੁੱਤੀਆਂ ਆਦਿ ਵਿਚ ਲੁਕੋਏ ਗਏ ਨਸ਼ੇ ਆਦਿ ਦੇ ਸਬੰਧ ਵਿਚ ਮਸ਼ੀਨ ਤੁਰੰਤ ਦੱਸ ਦੇਵੇਗੀ। ਪਿਛਲੇ ਸਮੇਂ ਦੌਰਾਨ ਮੋਬਾਇਲ ਫੋਨ, ਨਸ਼ੇ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਕੈਦੀਆਂ ਅਤੇ ਹਵਾਲਾਤੀਆਂ ਤੱਕ ਪਹੁੰਚਣ ਨੂੰ ਲੈ ਕੇ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀ ਲੁਧਿਆਣਾ ਦੀ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਸਬੰਧੀ ਸਖ਼ਤ ਨੋਟਿਸ ਲੈਂਦੇ ਹੋਏ ਜੇਲ ਵਿਭਾਗ ਨੇ ਹਰ ਤਰ੍ਹਾਂ ਨਾਲ ਸਖ਼ਤੀ ਕਰਨ ਦੀ ਠਾਣ ਲਈ ਹੈ। ਜਿੱਥੇ ਆਏ ਦਿਨ ਸਰਚ ਮੁਹਿੰਮ ਚਲਾਈ ਜਾ ਰਹੀ ਹੈ, ਨਾਲ ਹੀ ਕਰਮਚਾਰੀਆਂ ਨੂੰ ਮੁਸਤੈਦੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 
ਮਨਾਹੀਯੋਗ ਸਾਮਾਨ ਵੱਲ ਇਸ਼ਾਰਾ ਕਰੇਗੀ ਮਸ਼ੀਨ
ਜੇਲ ਦੇ ਸੁਪਰਡੈਂਟ ਐੱਸ. ਪੀ. ਖੰਨਾ ਮੁਤਾਬਕ ਕਰੀਬ 10 ਲੱਖ ਤੋਂ ਉੱਪਰ ਦੀ ਇਹ ਐਕਸ-ਰੇ ਬੈਗਿੰਗ ਮਸ਼ੀਨ ਮਨਾਹੀਯੋਗ ਸਾਮਾਨ ਲੁਕੋਇਆ ਹੋਣ 'ਤੇ ਇਸ਼ਾਰਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨੂੰ 2 ਆਪ੍ਰੇਟਰ ਚਲਾਉਣਗੇ। ਹਾਲਾਂਕਿ ਜੇਲ ਵਿਚ ਮੁਲਾਕਾਤ ਰੂਮ ਵਿਚ ਪਹਿਲਾਂ ਹੀ ਇਕ ਐਕਸ-ਰੇ ਬੈਗਿੰਗ ਮਸ਼ੀਨ ਸਥਾਪਤ ਹੈ ਪਰ ਪਾਬੰਦੀਸ਼ੁਦਾ ਸਾਮਾਨ ਜੇਲ ਵਿਚ ਪਹੁੰਚਣ ਦੀਆਂ ਘਟਨਾਵਾਂ ਨੂੰ ਲੈ ਕੇ ਜੇਲ ਵਿਭਾਗ ਨੇ ਇਕ ਹੋਰ ਅਜਿਹੀ ਮਸ਼ੀਨ ਜੇਲ ਦੀ ਡਿਓਢੀ 'ਚ ਸਥਾਪਤ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਥੇ ਮੁਲਾਕਾਤੀਆਂ, ਪੇਸ਼ੀ ਜਾਂ ਨਵੇਂ ਆਏ ਹਵਾਲਾਤੀਆਂ ਦੇ ਸਾਮਾਨ ਦੀ ਚੈਕਿੰਗ ਹੋਵੇਗੀ। ਨਾਲ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਾਮਾਨ ਵੀ ਰੋਜ਼ਾਨਾ ਚੈੱਕ ਹੋਇਆ ਕਰੇਗਾ।


Related News