ਜੇਲ੍ਹ ਵਿਚ ਨਸ਼ਾ ਲਿਜਾ ਰਹੇ ਹੌਲਦਾਰ ਨੂੰ ਕੀਤਾ ਗ੍ਰਿਫਤਾਰ, ਜਾਂਚ ’ਚ ਜੁਟੀ ਪੁਲਸ
Tuesday, Oct 31, 2023 - 06:08 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ਵਿਚ ਨਸ਼ਾ ਲਿਜਾ ਰਹੇ ਹੌਲਦਾਰ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਤ੍ਰਿਪੜੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਸ ਦੇ ਅਗਲੇ ਅਤੇ ਪਿਛਲੇ ਲਿੰਕੇਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿਚ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸ: ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿਚ ਕੁੱਲ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇੰਸਪੈਕਟਰ ਬਾਜਵਾ ਨੇ ਦੱਸਿਆ ਕਿ ਇਹ ਮੋਬਾਇਲ ਜਸਕੀਰਤ ਸਿੰਘ ਵਾਸੀ ਵਿਕਾਸ ਨਗਰ ਵੱਲੋਂ ਹੌਲਦਾਰ ਜਸਪਾਲ ਸਿੰਘ ਨੂੰ ਦਿੱਤਾ ਗਿਆ ਸੀ ਅਤੇ ਜਸਕੀਰਤ ਸਿੰਘ ਨੇ ਇਹ ਮੋਬਾਇਲ ਭਾਦਸੋਂ ਰੋਡ ’ਤੇ ਸਥਿਤ ਮੋਬਾਇਲਾਂ ਦੀ ਦੁਕਾਨ ਤੋਂ ਕਰਨ ਕੁਮਾਰ ਵਾਸੀ ਰਤਨ ਨਗਰ ਪਟਿਆਲਾ ਤੋਂ ਖਰੀਦਿਆਂ ਸੀ ਅਤੇ ਇਹ ਮੋਬਾਇਲ ਬਿਨਾਂ ਆਈ.ਡੀ. ਤੋਂ ਵੇਚਿਆ ਗਿਆ। ਇਸ ਲਈ ਇਸ ਮਾਮਲੇ ਵਿਚ ਜਸਕੀਰਤ ਸਿੰਘ ਅਤੇ ਕਰਨ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਸ. ਬਾਜਵਾ ਨੇ ਦੱਸਿਆ ਕਿ ਹੌਲਦਾਰ ਜਸਪਾਲ ਸਿੰਘ ਤੋਂ ਜਿਹੜੀ ਅਫੀਮ ਬਰਾਮਦ ਕੀਤੀ ਗਈ ਸੀ, ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਜਵਾ ਨੇ ਦੱਸਿਆ ਕਿ ਜਸਪਾਲ ਸਿੰਘ ਪੁਲਸ ਰਿਮਾਂਡ ’ਤੇ ਹੈ ਉਸ ਤੋਂ ਹੋਰ ਵੀ ਡੂੰਘਾਈ ਨਾਲ ਪੁਛ ਗਿਛ ਕੀਤੀ ਜਾਵੇਗੀ, ਕਿ ਆਖਰ ਇਹ ਅਫੀਮ ਕਿਥੋਂ ਲੈ ਕੇ ਆਇਆ ਸੀ ਅਤੇ ਅੰਦਰ ਕਿਸ ਨੂੰ ਦੇਣੀ ਸੀ।
ਇਥੇ ਇਹ ਦੱਸਣਯੋਗ ਹੈ ਕਿ ਹੌਲਦਾਰ ਜਸਪਾਲ ਸਿੰਘ ਨੰ: 454/36 ਬਟਾਲੀਅਨ ਦਾ ਹੈ ਅਤੇ ਜੇਲ੍ਹ ਦੀ ਗਾਰਦ ਵਿਚ ਤੈਨਾਤ ਸੀ ਅਤੇ ਜੇਲ੍ਹ ਖੁਲਾਈ ਤੋਂ ਪਹਿਲਾਂ ਜਦੋਂ ਗਾਰਦ ਦੀ ਤਲਾਸ਼ੀ ਲਈ ਗਈ ਤਾਂ ਜਸਪਾਲ ਸਿੰਘ ਦੇ ਬੈਗ ਵਿਚੋਂ 1 ਮੋਬਾਇਲ, 1 ਚਾਰਜਰ ਅਤੇ 27.5 ਗ੍ਰਾਮ ਅਫੀਮ ਬਰਾਮਦ ਹੋਈ। ਜਦੋਂ ਉਸ ਦੀ ਰਿਹਾਇਸ਼ ਦੀ ਤਲਾਸ਼ੀ ਲਈ ਗਈ ਤਾਂ 3 ਤੰਬਾਕੂ ਦੇ ਪੈਕੇਟ, 10 ਜਰਦੇ ਦੀਆਂ ਪੁੜੀਆਂ, 1 ਈਅਰ ਫੋਨ, 2 ਪੈਕੇਟ ਰੋਲਿੰਗ ਪੇਪਰ ਅਤੇ 4 ਡਾਟਾ ਕੇਬਲਾਂ ਬਰਾਮਦ ਹੋਈਆਂ। ਜਿਸ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਜਸਪਾਲ ਸਿੰਘ ਦੇ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ 42, 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਸੀ।