ਨਾਭਾ ਜ਼ਿਲ੍ਹਾ ਜੇਲ੍ਹ ’ਚ ਕੋਰੋਨਾ ਦਾ ਵੱਡਾ ਬਲਾਸਟ, 53 ਹਵਾਲਾਤੀ/ਕੈਦੀ ਪਾਜ਼ੇਟਿਵ
Tuesday, Jan 25, 2022 - 05:08 PM (IST)
ਨਾਭਾ (ਜੈਨ) : ਇਥੇ ਕੋਰੋਨਾ ਪਾਜ਼ੇਟਿਵ ਕੇਸਾਂ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ 53 ਕੈਦੀਆਂ ਤੇ ਹਵਾਲਾਤੀਆਂ ਦੇ ਪਾਜ਼ੇਟਿਵ ਪਾਏ ਜਾਣ ਨਾਲ ਜੇਲ੍ਹ ਵਿਚ ਹੜਕੰਪ ਮਚ ਗਿਆ ਹੈ। ਸਿਹਤ ਵਿਭਾਗ ਨੇ ਜੇਲ੍ਹ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਸਾਰੇ ਕੋਰੋਨਾ ਪਾਜ਼ੇਟਿਵ ਹਵਾਲਾਤੀਆਂ ਨੂੰ ਵੱਖਰੀ ਬੈਰਕ ਵਿਚ ਰੱਖਿਆ ਜਾਵੇ। ਗੰਭੀਰ ਸਥਿਤੀ ਵਿਚ ਰਜਿੰਦਰਾ ਹਸਪਤਾਲ ਦੇ ਕੈਦੀ ਵਾਰਡ ਵਿਚ ਹਵਾਲਾਤੀ ਤਬਦੀਲ ਕੀਤੇ ਜਾ ਸਕਦੇ ਹਨ। ਪਿਛਲੇ ਸਾਲ ਵੀ ਇਸ ਜੇਲ੍ਹ ਵਿਚ 60 ਤੋਂ ਵੱਧ ਕੈਦੀ/ਹਵਾਲਾਤੀ ਪਾਜ਼ੇਟਿਵ ਪਾਏ ਗਏ ਸਨ।
ਇਸ ਜੇਲ੍ਹ ਵਿਚ ਮਹਿਲਾ ਤੇ ਵਿਦੇਸ਼ੀ ਹਵਾਲਾਤੀਆਂ ਤੋਂ ਇਲਾਵਾ ਗੈਂਗਸਟਰ/ਤਸਕਰ ਵੀ ਨਜ਼ਰਬੰਦ ਹਨ। ਜੇਲ੍ਹ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਮਿਤ ਸਿੰਘ ਨੇ ਕੋਰੋਨਾ ਬਲਾਸਟ ਦੀ ਪੁਸ਼ਟੀ ਕੀਤੀ ਹੈ। ਨਾਭਾ ਬਲਾਕ ਵਿਚ ਪਿਛਲੇ ਚਾਰ ਦਿਨਾਂ ਦੌਰਾਨ ਲਗਭਗ 200 ਤੋਂ ਵੱਧ ਪਾਜ਼ੇਟਿਵ ਕੇਸ ਪਾਏ ਗਏ ਹਨ ਪਰ ਪ੍ਰਸ਼ਾਸਨ ਅਜੇ ਤੱਕ ਸਖ਼ਤ ਕਦਮ ਨਹੀਂ ਚੁੱਕ ਰਿਹਾ ਹੈ ਅਤੇ ਨਾ ਹੀ ਸਰਕਾਰੀ ਦਫ਼ਤਰਾਂ ਵਿਚ ਨਿਯਮਾਂ ਦੀ ਪਾਲਣਾ ਹੋ ਰਹੀ ਹੈ।