''ਆਪ'' ਦੇ ਬਾਗੀ ਖਹਿਰਾ ਧੜੇ ਤੋਂ ਵਿਧਾਇਕ ਰੋੜੀ ਨੇ ਬਣਾਈ ਦੂਰੀ
Thursday, Dec 13, 2018 - 03:41 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਖਹਿਰਾ ਧੜੇ ਵਲੋਂ ਸੂਬੇ 'ਚ ਕੱਢੇ ਜਾ ਰਹੇ ਇਨਸਾਫ ਮਾਰਚ ਤੋਂ ਉਨ੍ਹਾ ਦੇ ਇਕ ਸਾਥੀ ਵਿਧਾਇਕ ਜੈ ਕਿਸ਼ਨ ਰੋੜੀ ਨੇ ਦੂਰੀ ਬਣਾ ਲਈ ਹੈ। ਉਨ੍ਹਾਂ ਹੁਣ ਤੱਕ ਮਾਰਚ 'ਚ ਇਕ ਵਾਰ ਵੀ ਹਾਜ਼ਰੀ ਨਹੀਂ ਲੁਆਈ, ਜਿਸ ਕਾਰਨ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਬਾਗੀ ਧੜੇ ਵਲੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਬੈਂਸ ਭਰਾਵਾਂ ਅਤੇ 'ਆਪ' 'ਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲ ਕੇ 8 ਤੋਂ 16 ਦਸੰਬਰ ਤੱਕ ਸੂਬੇ 'ਚ ਇਨਸਾਫ ਮਾਰਚੱ ਕੀਤਾ ਜਾ ਰਿਹਾ ਹੈ। ਇਹ 16 ਦਸੰਬਰ ਨੂੰ ਪਟਿਆਲਾ 'ਚ ਖਤਮ ਹੋਵੇਗਾ। ਜਦੋਂ ਇਸ ਬਾਰੇ ਜੈ ਕਿਸ਼ਨ ਰੋੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਲਈ ਇਨਸਾਫ ਮਾਰਚ 'ਚ ਸ਼ਾਮਲ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਗੜਸ਼ੰਕਰ ਹਲਕਾ ਇਨਸਾਫ ਮਾਰਚ ਵਾਲੇ ਰੂਟ ਤੋਂ ਕਾਫੀ ਦੂਰ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਉਹ ਇਨ੍ਹੀਂ ਦਿਨੀਂ ਆਪਣੇ ਹਲਕੇ ਵਿਚਲੀਆਂ ਕੁਝ ਸਰਗਰਮੀਆਂ ਕਾਰਨ ਇਨਸਾਫ ਮਾਰਚ 'ਚ ਸ਼ਾਮਲ ਹੋਣ ਦੇ ਸਮਰੱਥ ਨਹੀਂ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਇਨਸਾਫ ਮਾਰਚ ਦੀ ਥਾਂ 13 ਤੋਂ 15 ਦਸੰਬਰ ਤੱਕ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ ਅਤੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਰੱਖਣਗੇ।