ਕਰੋੜਾਂ ਦੀ ਹੈਰੋਇਨ ਸਮੇਤ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ

Saturday, Nov 16, 2019 - 07:50 PM (IST)

ਤਰਨਤਾਰਨ,(ਰਮਨ)- ਜ਼ਿਲਾ ਤਰਨਤਾਰਨ ਦੀ ਸੀ. ਆਈ. ਏ. ਪੁਲਸ ਪਾਰਟੀ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ ਇਕ ਮੁਲਜ਼ਮ ਨੂੰ 5 ਕਰੋੜ 2 ਲੱਖ 75 ਹਜ਼ਾਰ ਰੁਪਏ ਦੀ ਹੈਰੋਇਨ ਅਤੇ ਇਕ ਸਵਿਫਟ ਕਾਰ ਸਮੇਤ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਖਿਲਾਫ ਥਾਣਾ ਵੈਰੋਵਾਲ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵਲੋਂ ਇਸ ਮੁਲਜ਼ਮ ਦਾ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਏਕਲ ਗੱਡਾ ਟੀ ਪੁਆਇੰਟ ਵਿਖੇ ਦੌਰਾਨੇ ਨਾਕੇਬੰਦੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਜੰਡਿਆਲਾ ਗੁਰੂ ਵਾਲੀ ਸਾਈਡ ਤੋਂ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਕੱਚੇ ਰਸਤੇ 'ਤੇ ਜਾ ਕੇ ਅਚਾਨਕ ਬੰਦ ਹੋ ਗਈ। ਇਸ ਦੌਰਾਨ ਕਾਰ 'ਚੋਂ ਬਾਹਰ ਨਿਕਲ ਇਕ ਨੌਜਵਾਨ ਹੱਥ 'ਚ ਲਿਫਾਫਾ ਫੜ ਫਰਾਰ ਹੋਣ ਲੱਗਾ ਤਾਂ ਪੁਲਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਲਿਫਾਫੇ 'ਚੋਂ 1 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਮੁਲਜ਼ਮ ਨੇ ਆਪਣਾ ਨਾਂ ਰਾਜਨਦੀਪ ਸਿੰਘ ਉਰਫ ਘੁੱਗੀ ਪੁੱਤਰ ਇੰਦਰਜੀਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਚੌਕ ਜੰਡਿਆਲਾ ਗੁਰੂ (ਅੰਮ੍ਰਿਤਸਰ) ਦੱਸਿਆ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਜੋਧਬੀਰ ਸਿੰਘ ਉਰਫ ਜੋਧਾ ਵਾਸੀ ਦੇਵੀਦਾਸਪੁਰਾ ਅਤੇ ਬਲਜਿੰਦਰ ਸਿੰਘ ਉਰਫ ਬੁੱਲੀ ਵਾਸੀ ਜੰਡਿਆਲਾ ਗੁਰੂ ਕੋਲੋਂ ਲਿਆਂਦੀ ਸੀ , ਜਿਸ ਨੂੰ ਉਹ ਵੇਚਣ ਦਾ ਧੰਦਾ ਕਰਦਾ ਹੈ। ਮੁਲਜ਼ਮ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਲਜਿੰਦਰ ਸਿੰਘ ਉਰਫ ਬੁੱਲੀ ਦੇ ਸਬੰਧ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹਨ ਜੋ ਇਸ ਵੇਲੇ ਜੇਲ 'ਚ ਬੰਦ ਹੈ।
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਜਿਸ ਵੇਲੇ ਰਾਜਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਉਸ ਵੇਲੇ ਕਾਰ 'ਚ ਬੱਬਲੂ ਵੀ ਮੌਜੂਦ ਸੀ ਜੋ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਨੂੰ ਜਲਦ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ, ਜਿਸ ਨਾਲ ਉਸ ਵਲੋਂ ਚਲਾਈ ਗਈ ਅੰਮ੍ਰਿਤਸਰ, ਤਰਨਤਾਰਨ ਵਿਖੇ ਨਸ਼ੇ ਦੀ ਲੜੀ ਨੂੰ ਤੋੜ ਦਿੱਤਾ ਜਾਵੇਗਾ।


Bharat Thapa

Content Editor

Related News