ਜਗਤਾਰ ਤਾਰਾ ਨੇ ਥਾਈਲੈਂਡ ''ਚ ਬਠਿੰਡਾ ਦੇ 2 ਨੌਜਵਾਨਾਂ ਨੂੰ ਦਿੱਤੀ ਸੀ ਬੰਬ ਬਣਾਉਣ ਦੀ ਟ੍ਰੇਨਿੰਗ

03/18/2018 3:17:21 AM

ਬੇਅੰਤ ਸਿੰਘ ਮਾਮਲੇ ਵਿਚ ਜਗਤਾਰ ਤਾਰਾ ਦਾ ਬਠਿੰਡਾ ਕੁਨੈਕਸ਼ਨ
ਬਠਿੰਡਾ(ਵਰਮਾ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਮੁੱਖ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਬੇਸ਼ੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਬਠਿੰਡਾ ਦੇ 2 ਨੌਜਵਾਨਾਂ ਰਮਨਦੀਪ ਸੰਨੀ ਤੇ ਅਮਰਜੀਤ ਨੂੰ ਥਾਈਲੈਂਡ 'ਚ ਬੰਬ ਬਣਾਉਣ ਦੀ ਟ੍ਰੇਨਿੰਗ ਦੇਣ ਦੇ ਮਾਮਲੇ 'ਚ 8 ਨਵੰਬਰ 2014 ਨੂੰ ਬਠਿੰਡਾ ਦੇ ਥਾਣਾ ਕੋਤਵਾਲੀ 'ਚ ਦਰਜ ਕੇਸ ਦੀ ਸੁਣਵਾਈ ਅਜੇ ਸੀ. ਜੇ. ਐੱਮ. ਦੀ ਅਦਾਲਤ 'ਚ ਚੱਲ ਰਹੀ ਹੈ। ਇਸ ਕੇਸ 'ਚ ਸੰਨੀ ਤੇ ਅਮਰਜੀਤ ਨੂੰ 26 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਜੋ ਕਿ ਸਥਾਨਕ ਜੇਲ 'ਚ ਬੰਦ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ 2014 ਨੂੰ ਰਮਨਦੀਪ ਸੰਨੀ ਪੁਲਸ ਦੀ ਗ੍ਰਿਫਤ 'ਚ ਆ ਗਿਆ ਸੀ, ਜਿਸ ਨੇ ਖੁਲਾਸਾ ਕੀਤਾ ਸੀ ਕਿ ਜਗਤਾਰ ਸਿੰਘ ਤਾਰਾ ਦੇ ਕਹਿਣ 'ਤੇ ਹੀ ਉਹ ਥਾਈਲੈਂਡ ਗਿਆ ਸੀ ਜਿਥੇ ਉਸ ਨੂੰ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਤੇ ਉਹ ਉਸ ਨੂੰ ਪਾਕਿਸਤਾਨ ਵੀ ਟ੍ਰੇਨਿੰਗ ਲਈ ਭੇਜਣਾ ਚਾਹੁੰਦਾ ਸੀ ਪਰ ਉਸਦਾ ਵੀਜ਼ਾ ਖਤਮ ਹੋਣ ਕਾਰਨ ਉਸ ਨੂੰ ਭਾਰਤ ਆਉਣਾ ਪਿਆ। ਥਾਈਲੈਂਡ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੇ ਉਸ ਨੂੰ ਫੰਡ ਵੀ ਮੁਹੱਈਆ ਕਰਵਾਇਆ ਸੀ। 
ਫੇਸਬੁੱਕ 'ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਅੱਤਵਾਦੀ ਗਤੀਵਿਧੀਆਂ ਵਿਚ ਕਰਦਾ ਸੀ ਸ਼ਾਮਲ
ਤਾਰਾ ਫੇਸਬੁੱਕ 'ਤੇ ਆਪਣੀ ਫਰਜ਼ੀ ਆਈ. ਡੀ. ਬਣਾ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ ਅਤੇ ਉਨ੍ਹਾਂ ਦਾ ਮਾਈਂਡਵਾਸ਼ ਕਰ ਕੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਕਰਦਾ ਸੀ। ਅਪ੍ਰੈਲ 2014 ਵਿਚ ਸੰਨੀ ਥਾਈਲੈਂਡ ਵਿਚ ਤਾਰਾ ਨੂੰ ਮਿਲਿਆ ਸੀ, ਜਿਸ ਦੀ ਭਿਣਕ ਖੁਫੀਆ ਏਜੰਸੀਆਂ ਨੂੰ ਲੱਗ ਚੁੱਕੀ ਸੀ, ਉਸ ਨੂੰ ਬਠਿੰਡਾ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਸੀ। ਰਿਮਾਂਡ 'ਤੇ ਸੰਨੀ ਨੇ ਸਭ ਕੁਝ ਦੱਸ ਦਿੱਤਾ ਅਤੇ ਆਪਣੇ ਸਾਥੀ ਅਮਰਜੀਤ ਜੋ ਕਿ ਮਨੁੱਖੀ ਬੰਬ ਬਣ ਕੇ ਜਗਦੀਸ਼ ਟਾਈਟਲਰ ਨੂੰ ਉਡਾਉਣਾ ਚਾਹੁੰਦਾ ਸੀ, ਉਹ ਵੀ ਤਾਰਾ ਦੇ ਸੰਪਰਕ ਵਿਚ ਸੀ। 2015 ਵਿਚ ਅਮਰਜੀਤ ਵੀ ਫੜਿਆ ਗਿਆ ਸੀ ਪਰ ਜ਼ਮਾਨਤ ਤੋਂ ਬਾਅਦ ਉਹ ਘੁੰਮਦਾ ਰਿਹਾ ਅਤੇ 26 ਫਰਵਰੀ 2018 ਨੂੰ ਗੁਰਮੀਤ ਨਾਂ ਦੇ ਵਿਅਕਤੀ ਨੂੰ ਪਿਸਤੌਲ ਦੇਣ ਲਈ ਜਿਵੇਂ ਹੀ ਕੋਰਟ ਕੰਪਲੈਕਸ ਵਿਚ ਦਾਖਲ ਹੋਇਆ ਤਾਂ ਪੁਲਸ ਨੇ ਉਸ ਨੂੰ ਫੜ ਲਿਆ। ਅਮਰਜੀਤ ਲੇਬਨਾਨ ਤੋਂ ਆਇਆ ਸੀ ਅਤੇ ਉਹ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿਚ ਸੀ ਅਤੇ ਉਸਨੇ ਮਨੁੱਖੀ ਬੰਬ ਬਣਾਉਣ ਦੀ ਟ੍ਰੇਨਿੰਗ ਵੀ ਲਈ ਸੀ। ਸੰਨੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੀ ਉਹ ਤਾਰਾ ਨੂੰ ਮਿਲਿਆ ਸੀ। ਉਸ ਨੇ ਵੀ ਥਾਈਲੈਂਡ ਵਿਚ ਜਾ ਕੇ ਟ੍ਰੇਨਿੰਗ ਲਈ ਸੀ ਪਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਖੁਫੀਆ ਏਜੰਸੀਆਂ ਦੀ ਉਸ 'ਤੇ ਪੂਰੀ ਨਜ਼ਰ ਸੀ। 
2015 'ਚ ਸੰਨੀ ਦੀ ਨਿਸ਼ਾਨਦੇਹੀ 'ਤੇ ਥਾਈਲੈਂਡ ਪੁਲਸ ਨੇ ਤਾਰਾ ਨੂੰ ਕੀਤਾ ਸੀ ਗ੍ਰਿਫਤਾਰ 
2015 ਵਿਚ ਸੰਨੀ ਦੀ ਨਿਸ਼ਾਨਦੇਹੀ 'ਤੇ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਪੁਲਸ ਨੇ ਗ੍ਰਿਫਤਾਰ ਕੀਤਾ, ਜਿਸ ਨੂੰ ਭਾਰਤ ਲਿਆਂਦਾ ਗਿਆ ਅਤੇ ਉਸ 'ਤੇ ਦਰਜ ਮਾਮਲੇ ਦੀ ਸੁਣਵਾਈ ਹੋਈ, ਜਿਸ ਦਾ ਫੈਸਲਾ ਸ਼ਨੀਵਾਰ ਨੂੰ ਉਮਰ ਕੈਦ ਸੁਣਾਇਆ ਗਿਆ। ਸੰਨੀ ਦੇ ਖੁਲਾਸੇ ਤੋਂ ਬਾਅਦ ਹੀ ਜਗਤਾਰ ਸਿੰਘ ਤਾਰਾ ਨੂੰ ਬਠਿੰਡਾ ਪੁਲਸ ਰਿਮਾਂਡ 'ਤੇ ਲੈ ਕੇ ਆਈ ਸੀ ਅਤੇ ਉਸ ਨੂੰ ਪੂਰਨ ਤੌਰ 'ਤੇ ਗੁਪਤ ਰੱਖਿਆ ਗਿਆ ਸੀ। ਰਿਮਾਂਡ ਦੌਰਾਨ ਪੁੱਛਗਿੱਛ ਵਿਚ ਤਾਰਾ ਨੇ ਮੰਨਿਆ ਸੀ ਕਿ ਬਠਿੰਡਾ ਦੇ ਸੰਨੀ ਤੇ ਅਮਰਜੀਤ ਉਸਦੇ ਲਗਾਤਾਰ ਸੰਪਰਕ ਵਿਚ ਸਨ। ਜਗਤਾਰ ਸਿੰਘ ਤਾਰਾ ਅੱਤਵਾਦੀ ਸੁਰਿੰਦਰ ਸਿੰਘ ਨਾਗੋ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਸੀ, ਜਿਸ ਵਿਚ ਹੋਮਗਾਰਡ ਜਵਾਨ ਬਠਿੰਡਾ ਵਾਸੀ ਦਿਲਾਵਰ ਸਿੰਘ ਵੀ ਸ਼ਾਮਲ ਹੋਇਆ। ਨਾਗੋ ਤਾਂ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਮਾਰਿਆ ਗਿਆ ਸੀ ਜਦਕਿ ਇਸ ਤੋਂ ਬਾਅਦ ਬੱਬਰ ਖਾਲਸਾ ਗਰੁੱਪ ਦੇ ਮੈਂਬਰ ਜਗਤਾਰ ਸਿੰਘ ਤਾਰਾ ਲਗਾਤਾਰ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਅਤੇ ਉਸ ਨੇ ਆਪਣੀ ਫੋਰਸ ਕੇ. ਟੀ. ਐੱਫ. ਦੇ ਨਾਂ 'ਤੇ ਬਣਾਈ ਸੀ।


Related News