ਇੰਗਲੈਂਡ ਦੀ ਸੰਸਦ ''ਚ ਫਿਰ ਗੁੰਜਿਆ ਜਗਤਾਰ ਸਿੰਘ ਜੌਹਲ ਦਾ ਮਾਮਲਾ, ਭਾਰਤ ਸਰਕਾਰ ਨੇ ਪੁੱਛੇ ਕਈ ਸਵਾਲ

11/22/2017 4:59:04 PM


ਮੋਗਾ - ਮੋਗਾ ਪੁਲਸ ਵੱਲੋਂ ਜੰਡਿਆਲਾ ਮੰਜਲੀ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਇੰਗਲੈਂਡ ਦੀ ਸੰਸਦ 'ਚ ਪਹੁੰਚ ਗਿਆ ਹੈ। ਉੱਥੇ ਦੀਆਂ ਪਾਰਟੀਆਂ ਨੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਵਿਦੇਸ਼ ਸਚਿਵ ਨੂੰ ਪੱਤਰ ਲਿੱਖ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ। ਇੰਗਲੈਂਡ 'ਚ ਲੇਬਰ ਐੱਮ. ਪੀ. ਵਰਿੰਦਰ ਸ਼ਰਮਾ ਜੋ ਜਲੰਧਰ ਨਾਲ ਜੁੜੇ ਹੋਏ ਹਨ, ਨੇ ਵੀ ਬੁੱਧਵਾਰ ਨੂੰ ਟਵੀਟ 'ਤੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਵਿਦੇਸ਼ ਸਚਿਵ ਤੋਂ ਅਪੀਲ ਕੀਤੀ ਹੈ।
ਉੱਥੇ ਹੀ ਜਗਤਾਰ ਸਿੰਘ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਵੀਰਵਾਰ ਨੂੰ ਇੰਗਲੈਂਡ ਦੇ ਕਾਮਨਵੈਲਥ ਅਤੇ ਵਿਦੇਸ਼ ਸਚਿਵ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਹ ਮੰਗ ਕੀਤੀ ਕਿ ਜਦੋਂ ਜਗਤਾਰ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤਾਂ ਕੀ ਉਸ ਨੂੰ ਬ੍ਰਿਟਿਸ਼ ਬਾਈ ਕਮਿਸ਼ਨਰ ਵੱਲੋਂ ਸਹਾਇਤਾ ਦਿੱਤੀ ਗਈ ਸੀ? ਇੰਗਲੈਂਡ ਦੀ ਪਹਿਲੀ ਮਹਿਲਾ ਸਿੱਖ ਐੱਮ. ਪੀ. ਬਣੀ ਪ੍ਰੀਤੀ ਗਿੱਲ ਨੇ ਸਰਵ ਪਾਰਟੀ ਗਰੁੱਪ ਵੱਲੋਂ ਵਿਦੇਸ਼ ਸਚਿਵ ਨੂੰ ਲਿਖੇ ਪੱਤਰ 'ਚ ਇੰਗਲੈਂਡ ਸਰਕਾਰ ਤੋਂ ਸਵਾਲ ਕੀਤਾ ਕਿ ਜਗਤਾਰ 'ਤੇ ਭਾਰਤ ਦੀਆਂ ਏਂਜੰਸੀਆਂ ਵੱਲੋਂ ਇਕ ਸਾਲ ਨਜ਼ਰ ਰੱਖਣ ਲਈ ਕਿਹਾ ਸੀ ਕੀ ਭਾਰਤ ਸਰਕਾਰ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਜੱਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਘੱਟੋ-ਘੱਟ ਭਾਰਤ ਸਰਕਾਰ ਨੂੰ ਇਸਦੀ ਸੂਚਨਾ ਬ੍ਰਿਟਿਸ਼ ਸਰਕਾਰ ਨੂੰ ਜ਼ਰੂਰ ਦੇਣੀ ਚਾਹੀਦੀ ਸੀ। ਇਸ ਮੌਕੇ ਵੱਡੀ ਗਿਣਤੀ 'ਚ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਜੱਗੀ ਦੇ ਰਿਸ਼ਤੇਦਾਰਾਂ ਨੇ ਵਿਦੇਸ਼ ਸਚਿਵ ਅਤੇ ਕਾਮਨਵੈਲਥ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਜੱਗੀ ਦੀ ਰਿਹਾਈ ਦੀ ਮੰਗ ਕੀਤੀ।
ਵਿਦੇਸ਼ 'ਚ ਜੱਗੀ ਨੂੰ ਇਨਸਾਫ ਦਿਵਾਉਣ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਉਧਰ ਕੈਨੇਡਾ 'ਚ ਵੀ ਇਹ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਸਰਕਾਰ ਇਸ ਕੋਸ਼ਿਸ਼ 'ਚ ਲੱਗੀ ਹੋਈ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਅਣਹੋਣੀ ਨਾ ਹੋਵੇ ਅਤੇ ਸਚਾਈ ਸਾਰੀਆਂ ਦੇ ਸਾਹਮਣੇ ਜਲਦੀ ਆ ਜਾਵੇ।


Related News