ਦੇਸ਼-ਧ੍ਰੋਹ ਨਾਲ ਸਬੰਧਿਤ ਕੇਸ ''ਚ ਜਗਤਾਰ ਸਿੰਘ ਹਵਾਰਾ ਬਰੀ
Friday, Jan 05, 2024 - 03:20 PM (IST)
ਮੋਹਾਲੀ (ਸੰਦੀਪ) : ਸਾਲ 1998 'ਚ ਸੋਹਾਣਾ ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਦੇਸ਼-ਧ੍ਰੋਹ ਦੇ ਕੇਸ 'ਚ ਜ਼ਿਲ੍ਹਾ ਅਦਾਲਤ ਨੇ ਖ਼ਾਲਿਸਤਾਨੀ ਜੱਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਵਿਚ ਸੁਣਵਾਈ ਦੌਰਾਨ ਪੁਲਸ ਦੀ ਇਹ ਗੱਲ ਸਾਹਮਣੇ ਆਈ ਕਿ ਕਿਸੇ ਮੁਲਜ਼ਮ 'ਤੇ ਦੇਸ਼-ਧ੍ਰੋਹ ਅਤੇ ਜਾਤੀ ਅਤੇ ਧਰਮ ਦੇ ਆਧਾਰ 'ਤੇ ਦੁਸ਼ਮਣੀ ਵਧਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ, ਪੁਲਸ ਨੇ ਇਹ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਬਾਅਦ ਪੁਲਸ ਨੇ ਅਦਾਲਤ ਦੇ ਹੁਕਮਾਂ ’ਤੇ ਸਾਲ 2022 ਵਿਚ ਚਾਰਜਸ਼ੀਟ ਵਿਚੋਂ ਇਨ੍ਹਾਂ ਧਾਰਾਵਾਂ ਨੂੰ ਹਟਾ ਦਿੱਤਾ ਸੀ।
ਸੋਹਾਣਾ ਥਾਣੇ ਵਿਚ ਜਗਤਾਰ ਸਿੰਘ ਹਵਾਰਾ 'ਤੇ ਆਈ. ਪੀ. ਸੀ. ਦੀ ਧਾਰਾ 153ਏ (ਜਾਤੀ, ਧਰਮ ਜਾਂ ਭਾਸ਼ਾ ਦੇ ਨਾਮ 'ਤੇ ਦੁਸ਼ਮਣੀ ਨੂੰ ਬੜਾਵਾ ਦੇਣਾ), 124ਏ (ਦੇਸ ਧ੍ਰੋਹ), 225 (ਕਿਸੇ ਅਪਰਾਧੀ ਦੀ ਗ੍ਰਿਫਤਾਰੀ ਵਿਚ ਰੁਕਾਵਟ ਪਾਉਣਾ), 120ਬੀ (ਅਪਰਾਧਿਕ ਸਾਜਿ਼ਸ਼) ਅਤੇ 511 (ਉਮਰ ਕੈਦ ਦੀ ਸਜ਼ਾ ਵਰਗਾ ਅਪਰਾਧ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਜਗਤਾਰ ਹਵਾਰਾ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪਿਛਲੇ 2 ਮਹੀਨਿਆਂ ਵਿਚ ਉਹ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਅਦਾਲਤਾਂ ਵਿਚੋਂ 3 ਧਮਾਕਾਖੇਜ਼ ਅਤੇ ਦੇਸ਼-ਧ੍ਰੋਹ ਦੇ ਕੇਸਾਂ ਵਿਚ ਬਰੀ ਕੀਤਾ ਜਾ ਚੁੱਕਿਆ ਹੈ।