ਕਾਲਕਾ ਦੀ ਨਵੀਂ ਪਾਰਟੀ ਤੋਂ ਪਹਿਲਾਂ ਜਾਗੋ ਪਾਰਟੀ ਨੂੰ ਮਿਲੇ ਦਫ਼ਤਰ : ਜੀ. ਕੇ.
Tuesday, Apr 19, 2022 - 09:52 PM (IST)
ਜਲੰਧਰ (ਚਾਵਲਾ) : ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਣ ਲਈ ਅੱਜ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਪਹੁੰਚੇ। ਇਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ. ਕੇ. ਨੇ ਕਿਹਾ ਕਿ ਮੈਂ ਵੀ ਕਿਸੇ ਸਮੇਂ ਅਕਾਲੀ ਦਲ ਦਾ ਪ੍ਰਧਾਨ ਰਿਹਾ ਹਾਂ ਪਰ ਅਕਾਲੀ ਦਲ ਛੱਡਣ ਤੋਂ ਬਾਅਦ ਇਸ ਦਫ਼ਤਰ ’ਤੇ ਮੇਰਾ ਕੋਈ ਹੱਕ ਨਹੀਂ ਰਿਹਾ ਪਰ ਜਿਸ ਢੰਗ ਨਾਲ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਦਲ ਛੱਡ ਕੇ ਇਸ ਦਫ਼ਤਰ ’ਤੇ ਕਬਜ਼ਾ ਕੀਤਾ ਸੀ, ਉਹ ਗਲਤ ਹੈ।
ਇਹ ਵੀ ਪੜ੍ਹੋ : ਲਾਲ ਕਿਲਾ ਸਮਾਗਮ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਮਨਜੀਤ ਸਿੰਘ GK ਨੇ ਲਾਏ ਵੱਡੇ ਇਲਜ਼ਾਮ
ਕਾਲਕਾ ਵੱਲੋਂ ਅਕਾਲੀ ਦਲ ਦਾ ਦਫ਼ਤਰ ਕਾਨੂੰਨੀ ਤੌਰ ’ਤੇ ਵਾਪਸ ਲੈਣ ਦੇ ਦਿੱਤੇ ਗਏ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਜੀ. ਕੇ. ਨੇ ਕਿਹਾ ਕਿ ਅਕਾਲੀ ਦਲ ਦਿੱਲੀ ਚੋਣ ਕਮਿਸ਼ਨ ਕੋਲ ਇਕ ਸਿਆਸੀ ਪਾਰਟੀ ਵਜੋਂ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਕੋਲ ਇਕ ਧਾਰਮਿਕ ਪਾਰਟੀ ਵਜੋਂ ਇਸੇ ਪਤੇ ’ਤੇ ਰਜਿਸਟਰਡ ਹੈ, ਜਦੋਂ ਕਿ ਕਾਲਕਾ ਦੀ ਨਵੀਂ ਪਾਰਟੀ ਦਾ ਪਤਾ ਕਾਲਕਾ ਦਾ ਹੈ। ਫਿਰ ਕਾਲਕਾ ਕੋਲ ਕਿਸ ਕਾਨੂੰਨੀ ਆਧਾਰ ’ਤੇ ਇਸ ਦਫ਼ਤਰ ਦਾ ਅਧਿਕਾਰ ਹੈ? ਜੀ. ਕੇ. ਨੇ ਕਿਹਾ ਕਿ ਕਾਲਕਾ ਸਮੇਤ ਸਮੂਹ ਕਮੇਟੀ ਮੈਂਬਰ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਜਿੱਤੇ ਹਨ। ਕਾਲਕਾ ਦੀ ਨਵੀਂ ਬਣੀ ਪਾਰਟੀ ਦਾ ਕੋਈ ਵੀ ਮੈਂਬਰ ਚੋਣ ਨਹੀਂ ਜਿੱਤਿਆ, ਫਿਰ ਕਾਲਕਾ ਆਪਣੀ ਨਵੀਂ ਪਾਰਟੀ ਨੂੰ ਦਫ਼ਤਰ ਕਿਵੇਂ ਅਲਾਟ ਕਰ ਸਕਦੇ ਹਨ?
ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ ਵੱਲੋਂ 3 ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਦਾ ਕੀਤਾ ਸਵਾਗਤ, ਕਹੀ ਇਹ ਗੱਲ
ਉਨ੍ਹਾਂ ਸਪੱਸ਼ਟ ਕਿਹਾ ਕਿ ਕਾਲਕਾ ਦੀ ਪਾਰਟੀ ਤੋਂ ਪਹਿਲਾਂ ਜਾਗੋ ਪਾਰਟੀ ਨੂੰ ਦਫ਼ਤਰ ਅਲਾਟ ਕਰਵਾਉਣ ਦਾ ਅਧਿਕਾਰ ਹੈ ਕਿਉਂਕਿ ਸਾਡੇ ਕੋਲ 3 ਕਮੇਟੀ ਮੈਂਬਰ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੇਂਦਰੀ ਗੁਰੂ ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪਹਿਲਾਂ ਹੀ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਦਫ਼ਤਰ ਹਨ, ਜਿਨ੍ਹਾਂ ਦਾ ਕੋਈ ਨੁਮਾਇੰਦਾ ਦਿੱਲੀ ਕਮੇਟੀ ਦਾ ਮੈਂਬਰ ਨਹੀਂ ਹੈ। ਇਸ ਮੌਕੇ ਜੀ. ਕੇ. ਦੇ ਨਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ ਅਤੇ ਜਾਗੋ ਦੇ ਮੁੱਖ ਆਗੂ ਹਾਜ਼ਰ ਸਨ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ