ਜਗਮੀਤ ਬਰਾੜ ਖ਼ਿਲਾਫ਼ ਅਕਾਲੀ ਦਲ ਦੇ ਤੇਵਰ ਤਿੱਖੇ, ਕੀਤੀ ਜਾ ਸਕਦੀ ਹੈ ਵੱਡੀ ਕਾਰਵਾਈ
Saturday, Dec 10, 2022 - 10:33 AM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਬਗਾਵਤੀ ਸੁਰਾਂ ਅਲਾਪਣ ’ਤੇ ਤਲਬ ਕੀਤਾ ਗਿਆ ਹੈ। ਜਗਮੀਤ ਸਿੰਘ ਬਰਾੜ ਬਾਰੇ ਸਿਆਸੀ ਪੰਡਤਾਂ ਨੇ ਦੱਸਿਆ ਕਿ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਰਾਜਸੀ ਸਫਾਂ 'ਚ ਉਹ ਉਸ ਵੇਲੇ ਹੀਰੋ ਬਣੇ ਸਨ ਅਤੇ ਅੱਜ-ਕੱਲ੍ਹ ਵੀ ਉਨ੍ਹਾਂ ਦਾ ਰਾਜਸੀ ਖੇਤਰ 'ਚ ਓਨਾ ਹੀ ਪ੍ਰਭਾਵ ਹੈ। ਸੂਤਰਾਂ ਨੇ ਦੱਸਿਆ ਕਿ ਸ. ਬਰਾੜ ਨੇ ਬੀਬੀ ਜਗੀਰ ਕੌਰ ਵੱਲੋਂ ਰੱਖੇ ਸਮਾਗਮ 'ਚ ਜਾ ਕੇ ਜੋ ਅਕਾਲੀ ਦਲ ਤੇ ਰਾਜਸੀ ਟਕੋਰਾਂ ਕੀਤੀਆਂ ਹਨ, ਉਨ੍ਹਾਂ ਨੂੰ ਲੈ ਕੇ ਹੁਣ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਤੇਵਰ ਤਿੱਖੇ ਹੋ ਗਏ।
ਬਾਕੀ ਜਗਮੀਤ ਬਰਾੜ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਵੀ ਦੇ ਚੁੱਕੇ ਹਨ, ਉਨ੍ਹਾਂ ਨੂੰ ਅਨੁਸ਼ਾਸਨੀ ਕਮੇਟੀ ਹੁਣ ਪੈਨੀ ਨਜ਼ਰ ਨਾਲ ਦੇਖ ਰਹੀ ਹੈ। ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਬਰਾੜ ਤੇ ਅਨੁਸ਼ਾਸਨੀ ਕਮੇਟੀ ਦਾ ਰਾਜਸੀ ਕੁਹਾੜਾ ਚੱਲਣਾ ਲਗਭਗ ਤੈਅ ਹੈ ਕਿਉਂਕਿ ਬਰਾੜ ਆਪਣੇ ਬੋਲਾਂ ਤੋਂ ਟਸ ਤੋਂ ਮਸ ਨਹੀਂ ਹੋਣਗੇ ਤੇ ਅਕਾਲੀ ਦਲ ਤੇ ਉਨ੍ਹਾਂ ਦੇ ਹਾਵ-ਭਾਵ ਤੇ ਉਨ੍ਹਾਂ ਦੀਆਂ ਗੱਲਾਂ ਦਾ ਕਿੰਨਾ ਕੁ ਅਸਰ ਹੁੰਦਾ ਹੈ।
ਇਹ ਮੌਕੇ ’ਤੇ ਪਤਾ ਲੱਗੇਗਾ ਪਰ ਸ. ਬਰਾੜ ਵੱਲੋਂ ਚੁੱਕੇ ਗਏ ਕਦਮਾਂ ’ਤੇ ਚੱਲਦਿਆਂ ਅਕਾਲੀ ਦਲ ਦੇ ਦੋ ਦਰਜਨ ਤੋਂ ਵੱਧ ਵੱਡੇ ਨੇਤਾ ਉਨ੍ਹਾਂ ਦੀ ਅੰਦਰਖ਼ਾਤੇ ਹਮਾਇਤ ਅਤੇ ਪਾਰਟੀ ਦੇ ਇਹ ਦਬਾਅ ਪਾ ਰਹੇ ਦੱਸੇ ਜਾ ਰਹੇ ਹਨ ਕਿ ਬਰਾੜ ਨੂੰ ਪਾਰਟੀ ਵਿਚੋਂ ਲਾਂਭੇ ਨਾ ਕੀਤਾ ਜਾਵੇ, ਸਗੋਂ ਉਸ ਦੇ ਸੁਝਾਵਾਂ ’ਤੇ ਅਮਲ ਕੀਤਾ ਜਾਵੇ ਪਰ ਅਕਾਲੀ ਦਲ ਬਰਾੜ ਨਾਲ ਆਰ-ਪਾਰ ਦੀ ਲੜਾਈ ਲਈ ਖੜ੍ਹਾ ਦੱਸਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ