ਜਗਮੀਤ ਸਿੰਘ ਬਰਾੜ ਅਕਾਲੀ ਦਲ 'ਚ ਹੋਣਗੇ ਸ਼ਾਮਲ!
Wednesday, Apr 17, 2019 - 09:15 AM (IST)
![ਜਗਮੀਤ ਸਿੰਘ ਬਰਾੜ ਅਕਾਲੀ ਦਲ 'ਚ ਹੋਣਗੇ ਸ਼ਾਮਲ!](https://static.jagbani.com/multimedia/2019_4image_09_14_505304670jagmeet.jpg)
ਫਿਰੋਜ਼ਪੁਰ : ਸਟੇਜਾਂ 'ਤੇ ਬਾਦਲ ਪਰਿਵਾਰ ਖਿਲਾਫ ਭੜਾਸ ਕੱਢਣ ਵਾਲੇ ਕਦੇ ਕਾਂਗਰਸ ਦੇ ਸੀਨੀਅਰ ਆਗੂ ਰਹੇ ਜਗਮੀਤ ਸਿੰਘ ਬਰਾੜ ਹੁਣ ਬਾਦਲਾਂ ਦਾ ਹੀ ਸਹਾਰਾ ਲੈਣ ਜਾ ਰਹੇ ਹਨ। ਜਗਮੀਤ ਸਿੰਘ ਬਰਾੜ ਦੇ ਇਸ ਹਫਤੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਸਲ 'ਚ ਕਾਂਗਰਸ 'ਚੋਂ ਬਹਾਲ ਹੋਏ ਜਗਮੀਤ ਬਰਾੜ ਪੂਰੀ ਤਰ੍ਹਾਂ ਸਿਆਸੀ ਤੌਰ 'ਤੇ ਬਹਾਲ ਨਹੀਂ ਹੋ ਸਕੇ ਸਨ। ਹੁਣ ਉਹ ਆਪਣਾ ਸਿਆਸੀ ਅਕਸ ਬਹਾਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 19 ਅਪ੍ਰੈਲ ਨੂੰ ਸੁਖਬੀਰ ਬਾਦਲ, ਜਗਮੀਤ ਸਿੰਘ ਬਰਾੜ ਨੂੰ ਪਾਰਟੀ 'ਚ ਸ਼ਾਮਲ ਕਰਨਗੇ। ਇਹ ਵੀ ਸੰਭਾਵਨਾ ਲਾਈ ਜਾ ਰਹੀ ਹੈ ਕਿ ਜਗਮੀਤ ਸਿੰਘ ਬਰਾੜ ਫਿਰੋਜ਼ਪੁਰ ਤੋਂ ਉਮੀਦਵਾਰ ਹੋ ਸਕਦੇ ਹਨ। ਹੁਣ ਜਗਮੀਤ ਬਰਾੜ ਦਾ ਭਵਿੱਖ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸੁਖਬੀਰ ਨੂੰ ਹਰਾ ਚੁੱਕੇ ਨੇ ਬਰਾੜ
ਜਗਮੀਤ ਸਿੰਘ ਬਰਾੜ 2 ਵਾਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਵਲੋਂ ਚੋਣ ਲੜ ਚੁੱਕੇ ਹਨ। ਜਗਮੀਤ ਬਰਾੜ ਨੇ ਪਹਿਲੀ ਲੋਕ ਸਭਾ ਚੋਣ ਫਿਰੋਜ਼ਪੁਰ ਤੋਂ 1989 'ਚ ਲੜੀ ਸੀ, ਜਿਸ 'ਚ ਉਹ ਅਕਾਲੀ ਦਲ ਦੇ ਧਿਆਨ ਸਿੰਘ ਮੰਡ ਤੋਂ ਹਾਰ ਗਏ ਸਨ। ਇਸ ਤੋਂ ਬਾਅਦ 1998 'ਚ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸਨ ਪਰ ਸਾਲ 1999 'ਚ ਉਹ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਹੀਰੋ ਬਣ ਗਏ ਸਨ।