ਜਗਜੀਤ ਸਿੰਘ ਡਲੇਵਾਲ ਅੱਜ ਤੋਂ ਸ਼ੁਰੂ ਕਰਨਗੇ ਮਰਨ ਵਰਤ; ਜਾਇਦਾਦ ਕੀਤੀ ਪਰਿਵਾਰ ਦੇ ਨਾਂ

Tuesday, Nov 26, 2024 - 05:27 AM (IST)

ਜਗਜੀਤ ਸਿੰਘ ਡਲੇਵਾਲ ਅੱਜ ਤੋਂ ਸ਼ੁਰੂ ਕਰਨਗੇ ਮਰਨ ਵਰਤ; ਜਾਇਦਾਦ ਕੀਤੀ ਪਰਿਵਾਰ ਦੇ ਨਾਂ

ਪਟਿਆਲਾ/ਸਨੌਰ (ਮਨਦੀਪ ਜੋਸਨ) - ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਗਾਮੀ ਰਣਨੀਤੀ ਦੇ ਹਿੱਸੇ ਵਜੋਂ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਮੰਗਲਵਾਰ ਤੋਂ ਖਨੌਰੀ ਬਾਰਡਰ ਵਿਖੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਮੱਦੇਨਜ਼ਰ ਅੱਜ ਹਜ਼ਾਰਾਂ ਕਿਸਾਨ ਬਾਰਡਰ ’ਤੇ ਪੁੱਜਣੇ ਸ਼ੁਰੂ ਵੀ ਹੋ ਗਏ ਹਨ।

ਇਸ ਮੌਕੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨ ਆਗੂ ਖਨੌਰੀ ਸਰਹੱਦ ’ਤੇ ਹਾਜ਼ਰ ਹੋਣਗੇ ਅਤੇ ਕਿਸਾਨਾਂ ਦੇ ਵੱਡੇ ਜਥੇ ਖਨੌਰੀ ਬਾਰਡਰ ਉੱਪਰ ਲਗਾਤਾਰ ਪਹੁੰਚ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਾਂ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾ ਕੇ ਆਪਣੇ ਪਿੰਡ ਪਰਤਣਗੇ ਜਾਂ ਫਿਰ ਉਨ੍ਹਾਂ ਦੀ ਮ੍ਰਿਤਕ ਦੇਹ ਵਾਪਸ ਜਾਵੇਗੀ। ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਉਸ ਸਮੇਂ ਤੱਕ ਬਾਰਡਰ ’ਤੇ ਹੀ ਰੱਖੀ ਜਾਵੇਗੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਉੱਪਰ ਬੈਠਣਗੇ।

ਖਨੌਰੀ ਬਾਰਡਰ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋ ਅੱਜ ਫਰੀਦਕੋਟ ਪਹੁੰਚ ਕੇ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਪਰਿਵਾਰਕ ਮੈਂਬਰਾਂ (ਪੁੱਤਰ, ਨੂੰਹ, ਪੋਤਰੇ) ਦੇ ਨਾਂ ’ਤੇ ਕਰਵਾ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਰਸਮਾਂ ਪੂਰੀਆਂ ਕਰਨ ਲਈ ਮਰਨ ਵਰਤ ਨਹੀਂ ਰੱਖ ਰਹੇ, ਸਗੋਂ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਅਤੇ ਇਹ ਲੜਾਈ ਆਪਣੇ ਆਖਰੀ ਸਾਹ ਤੱਕ ਜਾਰੀ ਰੱਖਣਗੇ। ਜਗਜੀਤ ਸਿੰਘ ਡੱਲੇਵਾਲ ਅੱਜ ਦੁਪਹਿਰ 12 ਵਜੇ ਤੋਂ ਖਨੌਰੀ ਸਰਹੱਦ ਵਿਖੇ ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਸਾਰਿਆਂ ਨੂੰ 26 ਨਵੰਬਰ ਨੂੰ ਖਨੌਰੀ ਬਾਰਡਰ ਉੱਪਰ ਪਹੁੰਚ ਕੇ ਦੋਲਨ ’ਚ ਪੁੱਜਣ ਦੀ ਅਪੀਲ ਕੀਤੀ ਹੈ।


author

Inder Prajapati

Content Editor

Related News