ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਰਾਜਿੰਦਰਾ ਹਸਪਤਾਲ 'ਚ ਚੱਲ ਰਿਹਾ ਇਲਾਜ (ਵੀਡੀਓ)
Wednesday, Feb 21, 2024 - 09:34 PM (IST)
ਨੈਸ਼ਨਲ ਡੈਸਕ- ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਕੂਚ ਦੌਰਾਨ ਹਰਿਆਣਾ ਪੁਲਸ ਵੱਲੋਂ ਵੱਡੀ ਗਿਣਤੀ 'ਚ ਅੱਥਰੂ ਗੈਸ ਦੇ ਗੋਲ਼ੇ ਸੁੱਟੇ ਗਏ ਹਨ, ਜਿਸ ਕਾਰਨ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਖ਼ਰਾਬ ਹੋ ਗਈ ਹੈ।
ਹਰਿਆਣਾ ਪੁਲਸ ਵੱਲੋਂ ਵਰ੍ਹਾਏ ਜਾ ਰਹੇ ਅੱਥਰੂ ਗੈਸ ਦੇ ਗੋਲ਼ਿਆਂ 'ਚ ਜਦੋਂ ਕਿਸਾਨ ਆਗੂ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਅੱਗੇ ਵਧ ਰਹੇ ਸਨ ਤਾਂ ਹਰਿਆਣਾ ਪੁਲਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਗੋਲ਼ਿਆਂ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਨ੍ਹਾਂ ਦੇ ਗਲੇ 'ਚ ਖਰਾਸ਼ ਹੈ ਤੇ ਉਨ੍ਹਾਂ ਨੂੰ ਬੁਖ਼ਾਰ ਵੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਪੁਲਸ ਵੱਲੋਂ ਸੁੱਟੇ ਜਾ ਰਹੇ ਗੋਲ਼ਿਆਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦੀ ਗੈਸ ਨਾਲ ਚਿਹਰੇ 'ਤੇ ਜਲਣ ਵੀ ਮਹਿਸੂਸ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਕੈਂਸਰ ਦੇ ਮਰੀਜ਼ ਹਨ। ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਉਹ ਕਿਸਾਨਾਂ ਦੇ ਨਾਲ ਡਟੇ ਹੋਏ ਹਨ। ਡਾਕਟਰਾਂ ਮੁਤਾਬਕ ਡੱਲੇਵਾਲ ਨੂੰ ਅੱਜ ਰਾਤ ਹਸਪਤਾਲ ਵਿਖੇ ਇਲਾਜ ਲਈ ਭਰਤੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਇਲਾਜ ਅਤੇ ਸਿਹਤ 'ਚ ਫਰਕ ਦਿਖਣ 'ਤੇ ਉਨ੍ਹਾਂ ਨੂੰ ਭਲਕੇ ਛੁੱਟੀ ਦੇ ਦਿੱਤੀ ਜਾਵੇਗੀ।