ਇੰਜ. ਜਗਜੀਤ ਸਿੰਘ ਨੇ ਸੰਭਾਲਿਆ ਬੀ. ਬੀ. ਐੱਮ. ਬੀ. ਦੇ ਮੈਂਬਰ ਪਾਵਰ ਦਾ ਅਹੁਦਾ
Saturday, Jul 06, 2024 - 01:16 PM (IST)
ਪਟਿਆਲਾ (ਪਰਮੀਤ) : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ) ਨੂੰ ਦੋ ਮਹੀਨਿਆਂ ਦੇ ਵਕਫੇ ਤੋਂ ਬਾਅਦ ਇਕ ਮੈਂਬਰ ਪਾਵਰ ਮਿਲਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਮੈਂਬਰ (ਪਾਵਰ) ਦੇ ਅਹੁਦੇ ਦਾ ਮੌਜੂਦਾ ਚਾਰਜ ਬੀ. ਬੀ. ਐੱਮ. ਬੀ. ਦੇ ਮੁੱਖ ਇੰਜੀਨੀਅਰ ਜਗਜੀਤ ਸਿੰਘ ਨੂੰ ਦਿੱਤਾ ਹੈ। ਇਹ ਨਿਯੁਕਤੀ ਮੌਜੂਦਾ ਚਾਰਜ ਸੰਭਾਲਣ ਦੀ ਮਿਤੀ ਤੋਂ 6 ਮਹੀਨਿਆਂ ਦੀ ਮਿਆਦ ਲਈ ਜਾਂ ਅਹੁਦੇ 'ਤੇ ਨਿਯਮਤ ਨਿਯੁਕਤੀ ਹੋਣ ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਕੀਤੀ ਗਈ ਹੈ। ਉਨ੍ਹਾਂ ਨੇ ਮਾਰਚ 2023 ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੰਗਲ ਦੇ ਮੁੱਖ ਇੰਜੀਨੀਅਰ ਜਨਰੇਸ਼ਨ ਦਾ ਚਾਰਜ ਸੰਭਾਲਿਆ ਸੀ। ਇਸ ਅਹੁਦੇ 'ਤੇ ਰਹਿੰਦੀਆਂ ਉਨ੍ਹਾਂ ਨੇ ਬਿਜਲੀ ਪੈਦਾਵਾਰ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
3 ਮਾਰਚ, 1968 ਨੂੰ ਜਨਮੇ ਇੰਜੀਨੀਅਰ ਜਗਜੀਤ ਸਿੰਘ ਨੇ 1989 ਵਿਚ ਪੀ. ਈ. ਸੀ. ਚੰਡੀਗੜ੍ਹ ਤੋਂ ਬੀ. ਈ. ਇਲੈਕਟ੍ਰੀਕਲ ਵਿਦ ਆਨਰਜ਼ ਕੀਤੀ। 1991 ਵਿਚ ਉਹ ਜੀ. ਜੀ. ਐੱਸ. ਐੱਸ. ਟੀ. ਪੀ. ਰੋਪੜ ਵਿਖੇ ਏ. ਈ. ਵਜੋਂ ਪੀ. ਐੱਸ. ਈ. ਬੀ. ਵਿਚ ਸ਼ਾਮਲ ਹੋਏ। ਥਰਮਲ ਪਾਵਰ ਪਲਾਂਟਾਂ ਵਿੱਚ 24 ਸਾਲ (ਜੀ. ਜੀ. ਐੱਸ. ਐੱਸ. ਟੀ. ਪੀ. ਰੋਪੜ ਵਿਚ 7 ਸਾਲ ਅਤੇ ਜੀਐੱਚਟੀਪੀ ਲਹਿਰਾ ਮੁਹੱਬਤ ਵਿਚ 17 ਸਾਲ) ਅਤੇ ਐਨਫੋਰਸਮੈਂਟ, ਟੀਟੀਆਈ, ਹਾਈਡਲ ਪਲਾਂਟਾਂ, ਪੀ ਐਂਡ ਐੱਮ ਵਿਚ 7.5 ਸਾਲ ਸੇਵਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪੀਐੱਸਪੀਸੀਐੱਲ ਵਲੋਂ ਇੰਜੀਨੀਅਰਿੰਗ ਕੈਡਰ ਦੇ ਸਭ ਤੋਂ ਉੱਚੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ।
ਉਹ ਆਪਣੀ ਇਮਾਨਦਾਰੀ, ਵਿਭਾਗ ਪ੍ਰਤੀ ਸਮਰਪਣ ਦੇ ਨਾਲ-ਨਾਲ ਥਰਮਲ ਮਾਹਿਰ ਵਜੋਂ ਮਸ਼ਹੂਰ ਹਨ। ਉਨ੍ਹਾਂ ਨੇ ਜਰਮਨੀ ਵਿਚ ਪਾਵਰ ਪਲਾਂਟ ਦੀ 1 ਸਾਲ ਦੀ ਟ੍ਰੇਨਿੰਗ ਵੀ ਕੀਤੀ ਹੈ। ਇਹ ਅਹੁਦਾ ਅਪ੍ਰੈਲ 2024 ਵਿਚ ਅਮਰਜੀਤ ਸਿੰਘ ਜੁਨੇਜਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਸੀ, ਜੋ ਇਸ ਅਹੁਦੇ 'ਤੇ ਮੌਜੂਦਾ ਚਾਰਜ ਨਾਲ ਰਹੇ ਸਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਸਰਵਉੱਚ ਸੰਸਥਾ ਦੀ ਅਗਵਾਈ ਇਕ ਪੂਰਨ ਕਾਲੀ ਚੇਅਰਮੈਨ ਅਤੇ ਦੋ ਪੂਰਨ ਕਾਲੀ ਮੈਂਬਰਾਂ ਯਾਨੀ ਮੈਂਬਰ (ਸਿੰਚਾਈ) ਅਤੇ ਮੈਂਬਰ (ਪਾਵਰ) ਦੁਆਰਾ ਕੀਤੀ ਜਾਂਦੀ ਹੈ ਜੋ ਕ੍ਰਮਵਾਰ ਬੀਬੀਐੱਮਬੀ ਦੇ ਸਿੰਚਾਈ ਅਤੇ ਪਾਵਰ ਵਿੰਗਾਂ ਦੀ ਅਗਵਾਈ ਕਰਦੇ ਹਨ। ਪੰਜਾਬ ਅਤੇ ਹਰਿਆਣਾ ਸਿੰਚਾਈ ਅਤੇ ਬਿਜਲੀ ਲਾਭਾਂ ਵਿਚ ਵੱਧ ਤੋਂ ਵੱਧ ਹਿੱਸੇ ਨਾਲ ਬੀਬੀਐੱਮਬੀ ਦੇ ਸਭ ਤੋਂ ਵੱਡੇ ਹਿੱਸੇਦਾਰ ਹਨ। ਪਿਛਲੇ 55 ਸਾਲਾਂ ਤੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਿਵਾਇਦ ਅਨੁਸਾਰ ਮੈਂਬਰ (ਪਾਵਰ) ਹਮੇਸ਼ਾ ਪੰਜਾਬ ਤੋਂ ਲਿਆ ਜਾਂਦਾ ਸੀ, ਜਦੋਂ ਕਿ ਮੈਂਬਰ (ਸਿੰਚਾਈ) ਹਰਿਆਣਾ ਤੋਂ ਅਤੇ ਚੇਅਰਮੈਨ ਭਾਈਵਾਲ ਰਾਜਾਂ ਤੋਂ ਬਾਹਰੋਂ ਨਿਯੁਕਤ ਕੀਤਾ ਜਾਂਦਾ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਰਾਸ਼ਟਰ ਦੀ ਸੇਵਾ ਲਈ ਸਮਰਪਿਤ ਹੈ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਨੂੰ ਭਾਖੜਾ ਨੰਗਲ ਅਤੇ ਬਿਆਸ ਪ੍ਰੋਜੈਕਟਾਂ ਤੋਂ ਪਾਣੀ ਅਤੇ ਬਿਜਲੀ ਦੀ ਸਪਲਾਈ ਦੇ ਨਿਯਮਨ ਵਿਚ ਲੱਗਾ ਹੋਇਆ ਹੈ।