ਟਾਈਟਲਰ ਦੇ ਖਿਲਾਫ ਦਿੱਲੀ ਕਮੇਟੀ ਵੱਲੋਂ 5 ਨਵੇਂ ਵੀਡੀਓ ਜਾਰੀ

Tuesday, Mar 27, 2018 - 07:09 AM (IST)

ਟਾਈਟਲਰ ਦੇ ਖਿਲਾਫ ਦਿੱਲੀ ਕਮੇਟੀ ਵੱਲੋਂ 5 ਨਵੇਂ ਵੀਡੀਓ ਜਾਰੀ

ਵੀਡੀਓ 'ਚ ਦਿਸ ਰਿਹਾ ਸ਼ਖਸ ਵੀ ਕਮੇਟੀ ਦੇ ਸੰਪਰਕ 'ਚ ਆਇਆ
ਜਲੰਧਰ(ਚਾਵਲਾ)-ਬੀਤੇ ਦਿਨੀਂ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਗੁੰਮਨਾਮ ਸ਼ਖਸ ਨੇ ਹੁਣ ਇਕ ਹੋਰ ਲਿਫਾਫਾ ਭੇਜਿਆ ਹੈ। ਮਨਜੀਤ ਸਿੰਘ ਜੀ. ਕੇ. ਦੇ ਘਰ ਵਿਖੇ ਸਪੀਡ ਪੋਸਟ ਤੋਂ ਬੀਤੀ 23 ਮਾਰਚ ਨੂੰ ਭੇਜੇ ਗਏ ਇਸ ਲਿਫਾਫੇ 'ਚ ਇਕ ਪੱਤਰ ਦੇ ਨਾਲ ਪੈਨ ਡਰਾਈਵ ਨੱਥੀ ਹੈ, ਜਿਸ 'ਚ ਪੁਰਾਣੇ 5 ਵੀਡੀਓ ਦਾ ਅਸਲੀ ਰੂਪ ਹੈ। ਇਸ ਤੋਂ ਪਹਿਲਾਂ ਇਸੇ ਸਾਲ 5 ਫਰਵਰੀ 2018 ਨੂੰ ਜੀ. ਕੇ. ਨੇ ਟਾਈਟਲਰ ਦੇ 5 ਵੀਡੀਓ ਜਾਰੀ ਕੀਤੇ ਸਨ, ਜਿਸ 'ਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨ, ਦਿੱਲੀ ਹਾਈ ਕੋਰਟ 'ਚ ਪਾਠਕ ਜੋੜੇ ਨੂੰ ਜੱਜ ਨਿਯੁਕਤ ਕਰਵਾਉਣ ਤੇ 150 ਕਰੋੜ ਦੇ ਕਾਲੇ ਧਨ ਦੇ ਬਾਰੇ ਗੱਲ ਕਰਦੇ ਹੋਏ ਆਪਣੇ ਬੇਟੇ ਦੀ ਕੰਪਨੀ ਦਾ ਸਵਿਸ ਬੈਂਕ 'ਚ ਖਾਤਾ ਹੋਣ ਦਾ ਹਵਾਲਾ ਦੇ ਰਿਹਾ ਸੀ ਪਰ ਦਿੱਲੀ ਕਮੇਟੀ ਵਲੋਂ ਇਸ ਵੀਡੀਓ ਨੂੰ ਜਾਰੀ ਕਰਨ ਦੇ ਬਾਅਦ ਟਾਈਟਲਰ ਨੇ ਜੀ. ਕੇ. ਅਤੇ ਹੋਰ ਅਕਾਲੀ ਸੰਸਦ ਮੈਂਬਰਾਂ ਨੂੰ ਮਾਣਹਾਨੀ ਦਾ ਨੋਟਿਸ ਭੇਜਦੇ ਹੋਏ ਇਸ ਵੀਡੀਓ ਦੀ ਸੱਚਾਈ 'ਤੇ ਸਵਾਲ ਚੁੱਕਿਆ ਸੀ। ਜੀ. ਕੇ. ਨੂੰ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਟਾਈਟਲਰ ਦੀ ਵੀਡੀਓ ਜਨਤਕ ਹੋਣ ਦੇ ਬਾਅਦ ਟਾਈਟਲਰ ਦੇ ਖ਼ਿਲਾਫ਼ ਸੀ. ਬੀ. ਆਈ. ਵੱਲੋਂ 1984 ਸਿੱਖ ਕਤਲੇਆਮ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਕੇਸਾਂ ਦੀ ਜਾਂਚ ਸ਼ੁਰੂ ਹੋਣ ਨਾਲ ਉਹ ਬੌਖਲਾ ਗਿਆ ਹੈ। ਇਹ ਵੀਡੀਓਜ਼ ਸੱਚੀਆਂ ਹਨ ਅਤੇ ਪੈਨ ਡਰਾਈਵ 'ਚ ਇਸ ਵਾਰ ਆਈ 5 ਵੀਡੀਓ 'ਚ ਟਾਈਟਲਰ ਦੇ ਨਾਲ ਗੱਲਬਾਤ ਕਰ ਰਿਹਾ ਸ਼ਖਸ ਬਿਲਕੁੱਲ ਸਾਫ਼ ਨਜ਼ਰ ਆ ਰਿਹਾ ਹੈ। ਅੱਜ ਇਸ ਮਸਲੇ ਨੂੰ ਲੈ ਕੇ ਜੀ. ਕੇ. ਨੇ ਕਾਂਸੀਟਿਊਸ਼ਨ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 24 ਮਾਰਚ ਨੂੰ ਸਵੇਰੇ ਉਨ੍ਹਾਂ ਨੇ ਚੌਹਾਨ ਨੂੰ ਫੋਨ ਕਰਕੇ ਦੱਸਿਆ ਕਿ ਟਾਈਟਲਰ ਦੇ ਨਾਲ ਉਨ੍ਹਾਂ ਦੀ ਗੱਲਬਾਤ ਕਰਨ ਵਾਲੀ ਵੀਡੀਓ ਸਾਡੇ ਕੋਲ ਆਈ ਹੈ। ਜੇਕਰ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਸਿੱਖ ਕੌਮ ਨੂੰ ਇਨਸਾਫ ਪ੍ਰਾਪਤ ਹੋ ਸਕਦਾ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਚੌਹਾਨ ਦੇ ਧਾਰਾ 164 ਦੇ ਤਹਿਤ ਬਿਆਨ ਰਿਕਾਰਡ ਕਰਨੇ ਚਾਹੀਦੇ ਹਨ ਤਾਂ ਜੋ ਟਾਈਟਲਰ ਨੂੰ ਜੇਲ ਭੇਜਿਆ ਜਾ ਸਕੇ। ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਹਰਜੀਤ ਸਿੰਘ ਜੀ. ਕੇ., ਆਤਮਾ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਤੇ ਮੀਡੀਆ ਵਿਭਾਗ ਮੁਖੀ ਪਰਮਿੰਦਰ ਪਾਲ ਸਿੰਘ ਮੌਜੂਦ ਸਨ।


Related News