ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕੀਤਾ ਜਾਵੇ ਗ੍ਰਿਫ਼ਤਾਰ : ਰੱਖੜਾ

Thursday, Feb 08, 2018 - 10:12 AM (IST)

ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕੀਤਾ ਜਾਵੇ ਗ੍ਰਿਫ਼ਤਾਰ : ਰੱਖੜਾ

ਪਟਿਆਲਾ, ਰੱਖੜਾ (ਜ. ਬ.)-ਪਿਛਲੇ ਲੰਮੇ ਸਮੇਂ ਤੋਂ ਇਨਸਾਫ ਦੀ ਗੁਹਾਰ ਲਾ ਰਹੇ ਸਿੱਖ ਕੌਮ ਦੇ ਦਿਲਾਂ ਨੂੰ ਉਦੋਂ ਡੂੰਘੀ ਸੱਟ ਵੱਜੀ, ਜਦੋਂ ਜਗਦੀਸ਼ ਟਾਈਟਲਰ ਜੋ ਸਿੱਖਾਂ ਦੇ ਕਤਲੇਆਮ ਦਾ ਜ਼ਿੰਮੇਵਾਰ ਹੈ, ਦਾ ਵੀਡੀਓ ਵਾਇਰਲ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਜਗਦੀਸ਼ ਟਾਈਟਲਰ ਦਾ ਇਸ ਕਤਲੋਗਾਰਤ 'ਚ ਹੱਥ ਸੀ, ਜਿਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਕਤਲ ਹੋਏ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਰੱਖੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਜੋ ਜਗਦੀਸ਼ ਟਾਈਟਲਰ ਦੀ ਪਿੱਠ ਥਪਥਪਾਉਂਦੇ ਸਨ, ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੂਬੇ ਅੰਦਰ ਕਾਂਗਰਸ ਸਰਕਾਰ ਜੋ ਵਿਕਾਸ ਦੇ ਦਾਅਵੇ ਕਰਨ ਦੇ ਦਮਗਜੇ ਮਾਰ ਰਹੀ ਸੀ ਉਹ ਸਿਰਫ਼ ਤੇ ਸਿਰਫ਼ ਖਾਨਾਪੂਰਤੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਤੇ ਜੋ ਅਕਾਲੀ-ਭਾਜਪਾ ਸਰਕਾਰ ਸਮੇਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਕੀਮਾਂ ਚਲਾਈਆਂ ਸਨ, ਨੂੰ ਬੰਦ ਕਰ ਕੇ ਆਮ ਲੋਕਾਂ ਦੀ ਕਮਜ਼ੋਰ ਵਿੱਤੀ ਹਾਲਤ ਨੂੰ ਹੋਰ ਬੜ੍ਹਾਵਾ ਦਿੱਤਾ ਹੈ। 
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਕੀਤੇ ਸਮੁੱਚੇ ਵਾਅਦਿਆਂ ਨੂੰ ਦਰਕਿਨਾਰ ਕਰ ਕੇ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਿਸਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਰਣਧੀਰ ਸਿੰਘ ਰੱਖੜਾ, ਚੇਅਰਮੈਨ ਬਲਵਿੰਦਰ ਬਰਸਟ, ਮਨਜੀਤ ਸਿੰਘ ਖੇੜਾ ਜੱਟਾਂ, ਜਸਬੀਰ ਸਿੰਘ ਰੁਪਾਣਾ, ਬੇਅੰਤ ਇੰਦਰਪੁਰਾ, ਰਾਣਾ ਸੇਖੋਂ ਸਮਾਣਾ ਆਦਿ ਵੀ ਮੌਜੂਦ ਸਨ।


Related News