ਸ਼ਾਹੀ ਸ਼ਹਿਰ ਦੇ ਪ੍ਰਾਜੈਕਟ ਹਾਲੋਂ - ਬੇਹਾਲ
Monday, Dec 04, 2017 - 08:13 AM (IST)
ਪਟਿਆਲਾ /ਰੱਖੜਾ (ਰਣਜੀਤ ਰਾਣਾ) - ਸ਼ਾਹੀ ਸ਼ਹਿਰ 2002 ਤੋਂ 2007 ਤੱਕ ਦੀ ਕਾਂਗਰਸ ਸਰਕਾਰ ਵਾਂਗ ਹੁਣ ਵੀ ਪਟਿਆਲਾ ਵਾਸੀ ਮਹਿਲਾਂ ਵਾਲਿਆਂ ਦੀਆਂ ਰਾਹਾਂ 'ਚ ਅੱਖਾਂ ਵਿਛਾ ਕੇ ਬੇਸਬਰੀ ਨਾਲ ਵਿਕਾਸ ਦੀ ਉਡੀਕ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ 9 ਮਹੀਨੇ ਬੀਤ ਜਾਣ ਦੇ ਬਾਅਦ ਵੀ ਸ਼ਹਿਰ ਅੰਦਰ ਹੋਣ ਵਾਲੇ ਕੰਮਾਂ ਦੇ ਮਾਸਟਰ ਪਲਾਨ ਹੀ ਤਿਆਰ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। 2007 ਤੋਂ ਹੋਂਦ ਵਿਚ ਆਈ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੱਤਾ ਦੀਆਂ 2 ਪਾਰੀਆਂ ਖੇਡੀਆਂ। ਕਾਂਗਰਸ ਨੂੰ ਠਿੱਬੀ ਲਾਉਣ ਦੇ ਰੌਂਅ ਵਿਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ। ਫਿਰ ਵੀ ਅਕਾਲੀ ਦਲ ਤੇ ਭਾਜਪਾ ਪਟਿਆਲਾ ਵਾਸੀਆਂ ਦਾ ਦਿਲ ਨਾ ਜਿੱਤ ਸਕੀ, ਜਿਸ ਦੇ ਨਤੀਜੇ ਵਜੋਂ ਸੱਤਾ ਤਬਦੀਲੀ ਹੋਈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਛਲੇ 9 ਮਹੀਨਿਆਂ ਵਿਚ ਕਾਂਗਰਸ ਸਰਕਾਰ ਵੀ ਪਟਿਆਲਾ ਵਾਸੀਆਂ ਦਾ ਦਿਲ ਜਿੱਤਣ ਵਿਚ ਨਾਕਾਮ ਰਹੀ ਹੈ। ਸ਼ਾਹੀ ਸ਼ਹਿਰ ਲਈ ਕਈ ਪ੍ਰਾਜੈਕਟ ਮਨਜ਼ੂਰ ਹੋਣ ਦੇ ਬਾਵਜੂਦ ਹਾਲੋਂ-ਬੇਹਾਲ ਹਨ। ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ 1000 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ। ਹੁਣ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਣ ਕਾਰਨ ਚੋਣ ਜ਼ਾਬਤੇ ਦੀ ਤਲਵਾਰ ਵਿਕਾਸ ਕਾਰਜਾਂ 'ਤੇ ਭਾਰੂ ਪੈ ਗਈ। ਮੁੜ ਤੋਂ ਸ਼ਹਿਰੀਆਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ।
ਠੱਪ ਹੋਏ ਪ੍ਰਾਜੈਕਟਾਂ ਵੱਲ ਇਕ ਝਾਤ
2002 ਵਾਲੀ ਕਾਂਗਰਸ ਸਰਕਾਰ, ਫਿਰ 2007 ਅਤੇ 2012 ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਰੰਭੇ ਵੱਖ-ਵੱਖ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ ਵਿਚ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਸਮੇਤ ਮੌਜੂਦਾ 2017 ਵਾਲੀ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਵੀ ਅਸਫਲ ਰਿਹਾ ਹੈ। ਇਹ ਪ੍ਰਾਜੈਕਟ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿਚ ਵਾਧਾ ਕਰਨ ਵਾਲੇ ਸਨ ਪਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਾਰਨ ਸ਼ਹਿਰ ਲਈ 'ਗ੍ਰਹਿਣ' ਸਾਬਤ ਹੋ ਰਹੇ ਹਨ। ਜੇਕਰ ਇਨ੍ਹਾਂ ਪ੍ਰਾਜੈਕਟਾਂ 'ਤੇ ਝਾਤ ਮਾਰੀ ਜਾਵੇ ਤਾਂ ਸਭ ਤੋਂ ਅਹਿਮ ਪ੍ਰਾਜੈਕਟ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੁੱਧੜ, ਸ਼ਹਿਰ ਅੰਦਰੋਂ ਡੇਅਰੀਆਂ ਬਾਹਰ ਕੱਢ ਕੇ ਅਬਲੋਵਾਲ ਵਿਖੇ ਤਬਦੀਲ ਕਰਨਾ, ਸੈਲਾਨੀਆਂ ਨੂੰ ਪ੍ਰਭਾਵਿਤ ਕਰਨ ਲਈ ਸ਼ਹਿਰ ਅੰਦਰਲੀ ਇਕਲੌਤੀ ਰਜਿੰਦਰਾ ਝੀਲ, ਨਿਕਾਸੀ ਨਾਲਿਆਂ ਵਿਚ ਪਾਣੀ ਦੀ ਬਹੁਤਾਤ ਘਟਾਉਣ ਲਈ ਪੱਕੀਆਂ ਛੱਤਾਂ ਵਾਲੇ ਬਰਸਾਤੀ ਪਾਣੀ ਨੂੰ ਰੀਚਾਰਜ ਕਰਨਾ, ਹਾਈਟੈੱਕ ਬੱਸ ਸਟੈਂਡ ਦੀ ਉਸਾਰੀ, ਸੈਂਟਰਲ ਸਟੇਟ ਲਾਇਬ੍ਰੇਰੀ, ਸ਼ਹਿਰੀਆਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਸ਼ਹਿਰ ਨਾਲ ਲਗਦੀ ਵੱਡੀ ਨਦੀ ਤੇ ਛੋਟੀ ਨਦੀ ਦੇ ਬੰਨ੍ਹੇ ਪੱਕੇ ਕਰਨਾ, ਮਿਆਦ ਪੁਗਾ ਚੁੱਕੇ ਪੁਲਾਂ ਦੇ ਨਾਲ ਬਦਲਵੇਂ ਪੁਲਾਂ ਦੀ ਉਸਾਰੀ ਕਰਨਾ ਅਤੇ ਸ਼ਹਿਰ ਅੰਦਰਲੀਆਂ ਬੇਸ਼ਕੀਮਤੀ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨਾ ਵੀ ਸ਼ਾਮਲ ਹੈ।
ਸੜਕਾਂ ਅਤੇ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਅੱਗੇ ਪ੍ਰਸ਼ਾਸਨ ਬੇਵੱਸ
ਜੇਕਰ ਸ਼ਹਿਰ ਦੀਆਂ ਸੜਕਾਂ ਦੀ ਤਰਸਯੋਗ ਹਾਲਤ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਰੱਬ ਹੀ ਰਾਖਾ ਹੈ। ਇਨ੍ਹਾਂ ਤੇ ਕਿਨਾਰਿਆਂ 'ਤੇ ਬਣੇ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਅੱਗੇ ਨਗਰ ਨਿਗਮ, ਟ੍ਰੈਫਿਕ ਪੁਲਸ ਅਤੇ ਸਿਵਲ ਪ੍ਰਸ਼ਾਸਨ ਬੇਵੱਸ ਦਿਖਾਈ ਦਿੰਦਾ ਹੈ। ਚਾਹ ਕੇ ਵੀ ਕੁਝ ਕਰਨ ਵਿਚ ਅਸਮਰੱਥ ਹੈ। ਭਾਵੇਂ ਕਿ ਕਈ ਜਥੇਬੰਦੀਆਂ ਅਤੇ ਸ਼ਹਿਰੀਆਂ ਵੱਲੋਂ ਫੁੱਟਪਾਥ ਖਾਲੀ ਕਰਵਾਏ ਜਾਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਕਿਸੇ ਵੀ ਅਪੀਲ ਨੂੰ ਸਿਰੇ ਨਹੀਂ ਚੜ੍ਹਾਇਆ ਜਾਂਦਾ। ਇਸ ਪਿੱਛੇ ਸ਼ਾਮਲ ਕਾਰਨਾਂ ਵਿਚ ਸਿਆਸੀ ਆਕਾਵਾਂ ਨੂੰ ਖੁਸ਼ ਕਰਨਾ, ਖੋਖੇ ਤੇ ਨਾਜਾਇਜ਼ ਦੁਕਾਨਾਂ ਵਾਲਿਆਂ ਤੋਂ ਚਾਹ-ਪਾਣੀ ਵਸੂਲਣਾ ਅਤੇ ਧਾਰਮਿਕ ਦਖਲਅੰਦਾਜ਼ੀ ਵੀ ਸ਼ਾਮਲ ਹੈ।
