ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਬਾਬਾ ਜੀਵਨ ਸਿੰਘ ਨਗਰ ਦੇ ਵਸਨੀਕ

Monday, Jun 11, 2018 - 07:14 AM (IST)

ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਬਾਬਾ ਜੀਵਨ ਸਿੰਘ ਨਗਰ ਦੇ ਵਸਨੀਕ

 ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਹਾਲੇ ਵੀ ਲੋਕ ਬਣਦੀਆਂ ਸਹੂਲਤਾਂ ਹਾਸਲ ਕਰਨ ਲਈ ਸਰਕਾਰਾਂ ਮੂਹਰੇ ਝੋਲੀ ਅੱਡੀ ਖਡ਼੍ਹੇ ਹਨ ਪਰ ਹਾਲ ਦੀ ਘਡ਼ੀ ਕਿੱਧਰੋਂ ਵੀ ਉਨ੍ਹਾਂ ਨੂੰ ਖੈਰ ਪੈਂਦੀ ਨਜ਼ਰ ਨਹੀਂ ਆ ਰਹੀ , ਜਿਸ ਕਰਕੇ ਇਹ ਲੋਕ ਅੰਤਾਂ ਦੀ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ, ਤਾਜ਼ਾ ਮਾਮਲਾ ਨਗਰ ਨਿਗਮ ਮੋਗਾ ਅਧੀਨ ਆਉਂਦੇ-ਆਉਂਦੇ ਪਿੰਡ ਦੁੱਨੇਕੇ ਦੇ ਵਾਰਡ ਨੰਬਰ 45 ’ਚ ਪੈਂਦੇ ਬਾਬਾ ਜੀਵਨ ਸਿੰਘ ਨਗਰ ਦਾ ਹੈ, ਜਿਥੇ ਅਜ਼ਾਦੀ ਦੇ 71 ਵਰ੍ਹਿਆ ਬਾਅਦ ਵੀ ਲੋਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਅਾਂ।
 ‘ਜਗ ਬਾਣੀ’ ਦੀ ਟੀਮ ਵੱਲੋਂ ਜਦੋਂ ਇਸ ਮੁਹੱਲੇ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਇਸ ਇਲਾਕੇ ਦੀਆਂ 70 ਫੀਸਦੀ ਤੋਂ ਉੱਪਰ ਗਲੀਅਾਂ ਕੱਚੀਆਂ ਹਨ ਅਤੇ ਜਿਹਡ਼ੀ ਕੁੱਝ ਪੱਕੀਅਾਂ ਹਨ, ਉੱਥੇ ਵੀ ਪ੍ਰੀਮਿਕਸ ਵਾਲੀਅਾਂ ਸਡ਼ਕਾਂ ਦੀ ਬਜਾਏ ਇੱਟਾਂ ਦੀਆਂ ਗਲੀਅਾਂ ਬਣਾਈਅਾਂ ਗਈਅਾਂ ਹਨ, ਜਿਨ੍ਹਾਂ ’ਚ ਪਏ ਵੱਡੇ ਟੋਇਆ ਕਰਕੇ ਇਨ੍ਹਾਂ ਦੀ ਹਾਲਤ ਵੀ ਬੇਹੱਦ ਖਰਾਬ ਹੈ। ਗਲੀਅਾਂ ਦੇ ‘ਉੱਭਡ਼-ਖਾਬਡ਼’ ਰਸਤਿਆਂ ਤੋਂ ਤੁਰ ਕੇ ਜਾਂਦੇ ਦੋਪਹੀਆ ਵਾਹਨ ਲੈ ਕੇ ਲੰਘਣਾ ਕਿਸੇ ਵੀ ਮੁਸ਼ਕਲ ਤੋਂ ਘੱਟ ਨਹੀਂ ਹੈ।
ਵਾਰਡ ਵਾਸੀ ਜਗਸੀਰ ਸਿੰਘ, ਪ੍ਰੀਤਮ ਸਿੰਘ ਅਤੇ ਹੋਰਨਾਂ ਦਾ ਕਹਿਣਾ ਸੀ ਕਿ ਜਦੋਂ 5 ਵਰ੍ਹੇ ਪਹਿਲਾ ਦੁੱਨੇਕੇ ਪਿੰਡ ਨੂੰ ਨਗਰ ਨਿਗਮ       ਮੋਗਾ ਨਾਲ ਜੋਡ਼ਿਆ ਗਿਆ ਸੀ ਤਾਂ ਪਿੰਡ ਵਾਸੀਆਂ ਨੂੰ ਇਹ ਆਸ ਬੱਝੀ ਸੀ ਪਿੰਡ ਦੇ ਨਿਗਮ ’ਚ ਸ਼ਾਮਲ ਹੋਣ ਨਾਲ ਇਸ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਇਸ ਮੁਹੱਲੇ ਦੇ ਲੋਕਾਂ ਨੂੰ ਪੇਸ਼ ਆ ਰਹੀਅਾਂ ਦਰਪੇਸ਼ ਮੁਸ਼ਕਲਾ ਤੋਂ ਵਾਰਡ ਵਾਸੀਆਂ ਦਾ ਜਲਦੀ ਹੀ ਖਹਿਡ਼ਾ ਛੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਬਡ਼ੀ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਮੋਗਾ ਦੀ ਨਵੀਂ ਬਣੀ ਟੀਮ ਨੂੰ 3 ਵਰ੍ਹੇ ਦਾ ਸਮਾਂ ਬੀਤਣ ਲੱਗਾ ਹੈ ਪਰ ਹਾਲੇ ਤੱਕ ਇਸ ਵਾਰਡ ਵੱਲ ਨਗਰ ਨਿਗਮ ਮੋਗਾ ਦੀ ਸਵੱਲੀ ਨਜ਼ਰ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਵਾਰਡ ’ਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਾ ਹੋਣ ਕਰਕੇ ਘਰਾਂ ਮੂਹਰੇ ਲੋਕਾਂ ਵੱਲੋਂ ਪੁੱਟੇ ਟੋਇਅਾਂ ’ਚ ਪਾਣੀ ਪੈਂਦਾ ਹੈ, ਜਿਸ ਕਰਕੇ ਕਰਕੇ ਨੇਡ਼ਿਓ ਲੰਘਣ ਵਾਲੇ ਲੋਕਾਂ ਦਾ ਗੰਦੇ ਪਾਣੀ ਦੀ ਸਡ਼ਿਆਦ ਕਰਕੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਾਰਡ ਵਾਸੀ ਹੁਣ ਨਗਰ ਨਿਗਮ ਮੋਗਾ ਮੂਹਰੇ ਜੋਡ਼ਦੀਆਂ ਕਰਕੇ ‘ਹੰਭ’ ਗਏ ਪਰ ਫਿਰ ਵੀ ਸਮੱਸਿਆਵਾਂ ਤੋਂ ਨਿਜ਼ਾਤ ਨਹੀਂ ਮਿਲੀ। ਉਨ੍ਹਾਂ ‘ਚੇਤਾਵਨੀ’ ਭਰੇ ਸ਼ਬਦਾਂ ’ਚ ਕਿਹਾ ਕਿ ਜੇਕਰ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਨਗਰ ਨਿਗਮ ਮੋਗਾ ਨੂੰ ਜਗਾਉਣ ਲਈ ਸੰਘਰਸ਼ ਕਰਨਗੇ।

 


Related News