110 ਕਿਲੋਮੀਟਰ ਨਵੀਆਂ ਤਾਰਾਂ ਤੇ ਸਾਜ਼ੋ-ਸਾਮਾਨ ਨਾਲ ਹੋਵੇਗਾ ਬਿਜਲੀ ਸਪਲਾਈ ''ਚ ਸੁਧਾਰ
Monday, Feb 12, 2018 - 08:23 AM (IST)
ਫਰੀਦਕੋਟ (ਹਾਲੀ) - ਪੰਜਾਬ 'ਚ ਬਿਜਲੀ ਸਪਲਾਈ ਦੇ ਸੁਧਾਰਾਂ ਨੂੰ ਲੈ ਕੇ ਚੱਲ ਰਹੀ ਮੁਹਿੰਮ ਤਹਿਤ ਵੱਡੀ ਪੱਧਰ 'ਤੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਇਸ ਕੰਮ ਲਈ ਪਿਛਲੇ 3 ਮਹੀਨਿਆਂ ਤੋਂ ਫਰੀਦਕੋਟ ਜ਼ਿਲੇ 'ਚ ਵੀ ਤਿੰਨ ਸ਼ਹਿਰ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਕੰਮ ਜੰਗੀ ਪੱਧਰ 'ਤੇ ਜਾਰੀ ਹਨ। ਇਸ ਕਰ ਕੇ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਬਿਜਲੀ ਸਪਲਾਈ ਬੰਦ ਰੱਖ ਕੇ ਨਵੀਆਂ ਤਾਰਾਂ, ਟਰਾਂਸਫ਼ਾਰਮਰ ਅਤੇ ਲਾਈਨਾਂ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ 47 ਸ਼ਹਿਰਾਂ 'ਚ ਪਾਵਰ ਡਿਵੈੱਲਪਮੈਂਟ ਤਹਿਤ ਕੰਮ ਚੱਲ ਰਿਹਾ ਹੈ, ਜਿਸ 'ਚ ਜ਼ਿਲੇ ਦੇ ਤਿੰਨ ਸ਼ਹਿਰ ਆਉਂਦੇ ਹਨ। ਇਨ੍ਹਾਂ ਸ਼ਹਿਰਾਂ 'ਚ 27.33 ਕਰੋੜ ਰੁਪਏ ਖਰਚ ਕਰ ਕੇ 110 ਕਿਲੋਮੀਟਰ ਤੱਕ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ ਅਤੇ 12 ਕਿਲੋਮੀਟਰ ਦੇ ਕਰੀਬ ਖਸਤਾ ਹੋ ਚੁੱਕੀਆਂ ਐੱਲ. ਟੀ. ਤਾਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ। ਹੁਣ ਤੱਕ ਜ਼ਿਲੇ 'ਚ ਫ਼ਰੀਦਕੋਟ ਸ਼ਹਿਰ ਵਿਚ 75 ਫ਼ੀਸਦੀ, ਕੋਟਕਪੂਰਾ 'ਚ 74 ਫ਼ੀਸਦੀ ਅਤੇ ਜੈਤੋ 'ਚ 88 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸਾਰਾ ਪ੍ਰਾਜੈਕਟ ਵਿਭਾਗ ਭਾਵੇਂ ਠੇਕੇ 'ਤੇ ਕਰਵਾ ਰਿਹਾ ਹੈ ਪਰ ਇਸ ਦੀ ਨਿਗਰਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਪ੍ਰਾਜੈਕਟ ਨੂੰ ਮਿੱਥੇ ਸਮੇਂ ਅਤੇ ਟੀਚੇ ਮੁਤਾਬਕ 31 ਮਾਰਚ, 2018 ਤੱਕ ਮੁਕੰਮਲ ਕੀਤਾ ਜਾ ਸਕੇ।
ਜ਼ਿਲੇ 'ਚ ਹਾਈ ਵੋਲਟੇਜ ਦੀਆਂ ਫ਼ਰੀਦਕੋਟ ਸ਼ਹਿਰ 'ਚ 54 ਕਿਲੋਮੀਟਰ, ਕੋਟਕਪੂਰਾ 'ਚ 27 ਕਿਲੋਮੀਟਰ ਅਤੇ ਜੈਤੋ 'ਚ 29 ਕਿਲੋਮੀਟਰ ਤੱਕ ਤਾਰਾਂ ਬਦਲੀਆਂ ਜਾ ਰਹੀਆਂ ਹਨ, ਜਦਕਿ ਲੋਅ ਵੋਲਟੇਜ ਵਾਲੀਆਂ ਫ਼ਰੀਦਕੋਟ ਸ਼ਹਿਰ 'ਚ 6 ਕਿਲੋਮੀਟਰ, ਕੋਟਕਪੂਰਾ 'ਚ 3.5 ਕਿਲੋਮੀਟਰ ਅਤੇ ਜੈਤੋ 'ਚ 4 ਕਿਲੋਮੀਟਰ ਤੱਕ ਤਾਰਾਂ ਦੀ ਬਦਲੀ ਕੀਤੀ ਜਾ ਰਹੀ ਹੈ ਅਤੇ ਪੁਰਾਣੀਆਂ ਖਸਤਾਂ ਹੋ ਚੁੱਕੀਆਂ ਤਾਰਾਂ ਦੀ ਜਗ੍ਹਾ ਨਵੀਆਂ ਅਤੇ ਉੱਚੇ ਖੰਭੇ ਲਾ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਸੁਧਾਰਾਂ ਲਈ ਹੋਰ ਕਦਮ ਚੁੱਕਦਿਆਂ ਵਿਭਾਗ ਵੱਲੋਂ 107 ਟਰਾਂਸਫ਼ਾਰਮਰ 100 ਕਿਲੋਵਾਟ ਵਾਲੇ ਨਵੇਂ ਰੱਖੇ ਜਾ ਰਹੇ ਹਨ, ਜਿਨ੍ਹਾਂ ਵਿਚ ਫ਼ਰੀਦਕੋਟ ਹਿੱਸੇ 47, ਕੋਟਕਪੂਰਾ ਹਿੱਸੇ 40 ਅਤੇ ਜੈਤੋ ਦੇ ਹਿੱਸੇ 20 ਆਉਂਦੇ ਟਰਾਂਸਫਾਰਮਰ ਹਨ। ਜ਼ਿਲੇ 'ਚ 72 ਟਰਾਂਸਫ਼ਾਰਮਰ ਅੱਪਗਰੇਡ ਕਰ ਕੇ 200 ਕਿਲੋਵਾਟ ਦੇ ਕੀਤੇ ਜਾ ਹਨ। ਇਨ੍ਹਾਂ 'ਚ ਫ਼ਰੀਦਕੋਟ 'ਚ 31, ਕੋਟਕਪੂਰਾ 'ਚ 33 ਅਤੇ ਜੈਤੋ ਵਿਚ 8 ਟਰਾਂਸਫ਼ਾਰਮਰ ਅੱਪਗਰੇਡ ਕਰ ਕੇ ਲਾਏ ਜਾਣੇ ਹਨ।
