ਬਾਗਾਂ ਦੇ ਸ਼ਹਿਰ ਦੀਆਂ ਪਾਰਕਾਂ ਦਾ ਬੁਰਾ ਹਾਲ

02/05/2018 8:20:46 AM

ਪਟਿਆਲਾ  (ਬਲਜਿੰਦਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਵਿਚ ਨੰਬਰ 2 ਦੀ ਪੁਜ਼ੀਸ਼ਨ 'ਤੇ ਬਿਰਾਜਮਾਨ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਵਿਚ ਪਾਰਕਾਂ ਨੂੰ ਗੰਦਗੀ ਦਾ ਗ੍ਰਹਿਣ ਲੱਗਿਆ ਹੋਇਆ ਹੈ। ਆਖਣ ਨੂੰ ਪਟਿਆਲਾ ਸ਼ਹਿਰ ਦਰਵਾਜ਼ਿਆਂ ਤੇ ਬਾਗਾਂ ਦਾ ਸ਼ਹਿਰ ਹੈ। ਇਥੇ ਦਰਜਨਾਂ ਪਾਰਕਾਂ ਹਨ। ਹਰੇਕ ਇਲਾਕੇ ਅਤੇ ਮੁਹੱਲੇ ਵਿਚ ਕੋਈ ਨਾ ਕੋਈ ਪਾਰਕ ਹੈ ਪਰ ਜ਼ਿਆਦਾਤਰ ਦੀ ਹਾਲਤ ਕਾਫੀ ਖਰਾਬ ਹੈ। ਹਾਲਾਤ ਇਹ ਹਨ ਕਿ ਅੱਜ ਕੁਝ ਲੋਕਾਂ ਅਤੇ ਸਥਾਨਕ ਪੱਧਰ ਦੀਆਂ ਸੋਸਾਇਟੀਆਂ ਵੱਲੋਂ ਆਪਣੇ ਪੱਧਰ 'ਤੇ ਯਤਨ ਕੀਤੇ ਗਏ ਹਨ। ਨਗਰ ਨਿਗਮ ਵੱਲੋਂ ਪਾਰਕਾਂ ਦੀ ਸਾਂਭ-ਸੰਭਾਲ ਲਈ ਕੋਈ ਵੱਡਾ ਯਤਨ ਨਹੀਂ ਕੀਤਾ ਜਾ ਰਿਹਾ ਹੈ।
ਨਾਮੀ ਪਾਰਕਾਂ ਗੰਦਗੀ ਦੀਆਂ ਸ਼ਿਕਾਰ
ਛੋਟੇ ਮੁਹੱਲਿਆਂ ਅਤੇ ਆਊਟਰ ਕਾਲੋਨੀਆਂ ਦੀਆਂ ਪਾਰਕਾਂ ਦੀ ਗੱਲ ਤਾਂ ਦੂਰ ਸ਼ਹਿਰ ਦੀਆਂ ਨਾਮੀ ਪਾਰਕਾਂ ਵੀ ਗੰਦਗੀ ਦੀਆਂ ਸ਼ਿਕਾਰ ਹਨ। ਇਨ੍ਹਾਂ ਵਿਚ ਫੁਹਾਰੇ ਟੁੱਟੇ ਤੇ ਥਾਂ-ਥਾਂ ਗੰਦਗੀ ਫੈਲੀ ਹੋਈ ਹੈ। ਬੱਸ ਅੱਡੇ ਕੋਲ ਸਥਿਤ ਭਗਵਾਨ ਸਰੂਪ ਗੋਇਲ ਪਾਰਕ, ਮਹਿੰਦਰਾ ਕਾਲਜ ਦੇ ਸਾਹਮਣੇ ਵਾਲਾ ਪਾਰਕ, ਮਾਲ ਰੋਡ ਦੇ ਨਾਲ-ਨਾਲ ਬਣੇ ਫੁਹਾਰਿਆਂ ਦੀ ਖਸਤਾ ਹਾਲਤ, ਮਾਡਲ ਟਾਊਨ ਦੀਆਂ ਕਈ ਪਾਰਕਾਂ ਦੀ ਹਾਲਤ ਕਾਫੀ ਬਦ ਤੋਂ ਬਦਤਰ ਹੈ। ਜਿਨ੍ਹਾਂ ਪਾਰਕਾਂ ਦੀ ਗੱਲ ਉੱਪਰ ਕੀਤੀ ਗਈ ਹੈ, ਉਹ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ।
ਅਮਰੁਤ ਸਕੀਮ ਦੇ ਸਹਾਰੇ ਨਗਰ ਨਿਗਮ
ਅਮਰੁਤ ਸਕੀਮ ਅਧੀਨ ਪਟਿਆਲਾ ਦੀ ਗ੍ਰੀਨ ਸਪੇਸ ਨੂੰ ਵਿਕਸਿਤ ਕਰਨ ਲਈ 5 ਸਾਲਾਂ ਵਿਚ 1 ਕਰੋੜ 8 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਹੈ। ਹਰ ਸਾਲ 1 ਪਾਰਕ ਨੂੰ ਵਿਕਸਿਤ ਕੀਤਾ ਜਾਵੇਗਾ। ਦੂਜੇ ਪਾਸੇ ਪਾਰਕਾਂ ਦੀ ਸਾਂਭ-ਸੰਭਾਲ ਲਈ ਕੋਈ ਵੱਡਾ ਬਜਟ ਨਹੀਂ ਹੈ, ਜਿਸ ਕਾਰਨ ਇਨ੍ਹਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ।
ਜਨਹਿਤ ਸਮਿਤੀ ਨੇ ਬਚਾਈ ਬਾਰਾਂਦਰੀ
ਪੂਰੀ ਦੁਨੀਆ ਵਿਚ ਮਸ਼ਹੂਰ ਪਟਿਆਲਾ ਦੀ ਬਾਰਾਂਦਰੀ ਨੂੰ ਬਚਾਉਣ ਲਈ ਜਨ ਹਿਤ ਸਮਿਤੀ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮਿਤੀ ਵੱਲੋਂ ਜਿੱਥੇ ਮੇਨ ਬਾਰਾਂਦਰੀ ਦੇ ਪਾਰਕ ਦੀ ਪਿਛਲੇ ਲੰਮੇ ਸਮੇਂ ਤੋਂ ਸਾਂਭ-ਸੰਭਾਲ ਕੀਤੀ ਜਾ ਰਹੀ ਸੀ, ਹੁਣ ਜਨ ਹਿਤ ਵੱਲੋਂ ਪੀ. ਪੀ. ਐੱਸ. ਸੀ. ਦੇ ਸਾਹਮਣੇ ਵਾਲੇ ਪਾਰਕ ਨੂੰ ਚਿਲਡਰਨ ਪਾਰਕ ਵਜੋਂ ਵਿਕਸਤ ਕੀਤਾ ਗਿਆ।
ਸਟੇਡੀਅਮ ਦੇ ਕੋਲ ਵਾਲੇ ਪਾਰਕ, ਵਿਜੀਲੈਂਸ ਦਫ਼ਤਰ ਦੇ ਸਾਹਮਣੇ ਵਾਲੇ ਪਾਰਕ, ਨੀਮ ਰਾਣਾ ਅਤੇ ਚੋਣ ਤਹਿਸੀਲਦਾਰ ਦੇ ਪਾਰਕ ਵਾਲੀ ਪਾਰਕ ਅਤੇ ਰੇਲਵੇ ਲਾਈਨ ਦੇ ਨਾਲ-ਨਾਲ ਦਹਾਕਿਆਂ ਪੁਰਾਣੀ ਗੰਦਗੀ ਨੂੰ ਚੁੱਕ ਕੇ ਉਥੇ ਸੈਰ-ਗਾਹ ਬਣਾ ਕੇ ਸ਼ਹਿਰ ਦੀ ਬਿਊਟੀਫਿਕੇਸ਼ਨ ਨੂੰ ਚਾਰ ਚੰਨ ਲਾ ਦਿੱਤੇ ਹਨ। ਸਰਕਾਰ ਅਤੇ ਨਿਗਮ ਪ੍ਰਸ਼ਾਸਨ ਵੱਲੋਂ ਪਟਿਆਲਾ ਸ਼ਹਿਰ ਦੇ ਪਾਰਕਾਂ ਤੇ ਗ੍ਰੀਨਰੀ ਦੀ ਸਾਂਭ-ਸੰਭਾਲ ਲਈ ਕੋਈ ਯੋਗਦਾਨ ਨਹੀਂ ਪਾਇਆ ਜਾ ਰਿਹਾ।
ਦਰਜਨਾਂ ਪਾਰਕਾਂ 'ਤੇ ਹੋਏ ਨਾਜਾਇਜ਼ ਕਬਜ਼ੇ
ਸ਼ਹਿਰ ਦੀਆਂ ਆਊਟਰ ਕਾਲੋਨੀਆਂ ਅਤੇ ਅੰਦਰੂਨੀ ਖੇਤਰ ਵਿਚ ਦਰਜਨਾਂ ਪਾਰਕ ਅਜਿਹੇ ਹਨ, ਜਿੱਥੇ ਨਾਜਾਇਜ਼ ਕਬਜ਼ੇ ਹੋਏ ਪਏ ਹਨ। ਕਈ ਵਾਰ ਸਥਾਨਕ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਇਨ੍ਹਾਂ ਖਿਲਾਫ਼ ਆਵਾਜ਼ ਵੀ ਚੁੱਕੀ ਗਈ।
ਅੱਜ ਤੱਕ ਨਗਰ ਨਿਗਮ ਵੱਲੋਂ ਕਦੇ ਵੀ ਪਾਰਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਦਰਵਾਜ਼ਿਆਂ ਤੇ ਬਾਗਾਂ ਦੇ ਸ਼ਹਿਰ ਪਟਿਆਲਾ ਦੀ ਗ੍ਰੀਨਰੀ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਪਰ ਇਨ੍ਹਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ।


Related News