ਦਹਾਕਿਆਂ ਤੋਂ ਖੁੱਲ੍ਹੇ ਅਸਮਾਨ ਹੇਠ ਰੁਲ ਰਿਹੈ ਕਰੋੜਾਂ ਦਾ ਬੇਸ਼ਕੀਮਤੀ ਸਾਮਾਨ
Monday, Oct 30, 2017 - 07:53 AM (IST)
ਪਟਿਆਲਾ (ਰਾਣਾ) - ਜਲ ਸਪਲਾਈ ਸੈਨੀਟੇਸ਼ਨ ਪੰਜਾਬ ਦਾ ਮੁੱਖ ਦਫਤਰ ਪਟਿਆਲਾ-ਨਾਭਾ ਰੋਡ (ਨੇੜੇ ਬਾਰਾਂ ਖੂਹਾ) ਇਲਾਕੇ ਵਿਚ ਸਥਿਤ ਹੈ। ਇਥੇ ਪੀਣ ਯੋਗ ਪਾਣੀ ਅਤੇ ਸੀਵਰੇਜ ਸਿਸਟਮ ਵਿਚ ਵਰਤੇ ਜਾਣ ਵਾਲੇ ਕਰੋੜਾਂ ਰੁਪਏ ਦੇ ਬੇਸ਼ਕੀਮਤੀ ਸਾਮਾਨ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-2 ਅਤੇ ਕਾਰਜਕਾਰੀ ਇੰਜੀਨੀਅਰ ਮਕੈਨੀਕਲ ਮੰਡਲ ਦੇ ਦਫਤਰ ਵਿਖੇ ਖੁੱਲ੍ਹੇ ਅਸਮਾਨ ਹੇਠ ਹੋਣ ਕਰ ਕੇ ਜੰਗਾਲ ਨੇ ਖਾ ਲਿਆ ਹੈ। ਟਰੱਕ, ਟਰੈਕਟਰ, ਪਾਈਪਾਂ, ਜਨਰੇਟਰ, ਬੋਰਿੰਗ ਮਸ਼ੀਨਾਂ ਆਦਿ ਹੋਰ ਕਈ ਤਰ੍ਹਾਂ ਦਾ ਵਰਤਣਯੋਗ ਸਾਮਾਨ ਬੁਰੀ ਤਰ੍ਹਾਂ ਨਕਾਰਾ ਹਾਲਤ ਵਿਚ ਪਿਆ ਹੈ।
ਵੇਚਣ ਲਈ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਕੋਈ ਠੋਸ ਨੀਤੀ ਨਹੀਂ ਬਣਾਈ। ਦਿਨੋ-ਦਿਨ ਇਸ ਦੀ ਕੀਮਤ ਘਟਦੀ ਜਾ ਰਹੀ ਹੈ। ਜਿਹੜਾ ਸਾਮਾਨ ਨਿੱਤ ਦੇ ਕੰਮਾਂ ਵਿਚ ਵਰਤਣਯੋਗ ਸੀ, ਉਹ ਵੀ ਅਫਸਰਸ਼ਾਹੀ ਅਤੇ ਮੁਲਾਜ਼ਮਾਂ ਦੀ ਅਣਦੇਖੀ ਕਾਰਨ ਬਰਸਾਤਾਂ ਦੇ ਪਾਣੀ ਅਤੇ ਧੂੜ-ਮਿੱਟੀ ਦੀਆਂ ਪਰਤਾਂ ਹੇਠ ਦਬਦਾ ਜਾ ਰਿਹਾ ਹੈ। ਜੇਕਰ ਇਸ ਸਾਮਾਨ ਨੂੰ ਵੇਚਣ ਦਾ ਸਮਾਂ ਹੋਰ ਲਟਕਿਆ ਤਾਂ ਇਹ ਕੌਡੀਆਂ ਦੇ ਭਾਅ ਵਿਕਣ ਜੋਗਾ ਹੀ ਰਹਿ ਜਾਵੇਗਾ। ਇੰਨਾ ਹੀ ਨਹੀਂ, ਇੱਕ ਪਾਸੇ ਤਾਂ ਸਰਕਾਰ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਦੂਜੇ ਪਾਸੇ ਕਰੋੜਾਂ ਦਾ ਸਾਮਾਨ ਮਿੱਟੀ ਹੋ ਰਿਹਾ ਹੈ। ਭਾਵੇਂ ਕਿ ਪਟਿਆਲਾ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨੂੰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਪਰ ਪਟਿਆਲਾ ਵਾਸੀਆਂ ਨੂੰ ਹਾਲੇ ਤੱਕ ਕੋਈ ਵੀ ਅਜਿਹਾ ਕੰਮ ਨਜ਼ਰ ਨਹੀਂ ਆਇਆ ਜਿਸ ਨੂੰ ਦੇਖ ਕੇ ਕਹਿ ਸਕਣ ਕਿ 'ਵਾਕਈ ਮੁੱਖ ਮੰਤਰੀ ਦਾ ਸ਼ਾਹੀ ਸ਼ਹਿਰ ਹੈ।'
ਸਾਮਾਨ ਵੇਚਣ ਦੀ ਪ੍ਰਪੋਜ਼ਲ ਭੇਜੀ ਹੈ : ਐਕਸੀਅਨ
ਕਾਰਜਕਾਰੀ ਇੰਜੀਨੀਅਰ ਮਕੈਨੀਕਲ ਮੰਡਲ ਦੇ ਐਕਸੀਅਨ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਪਏ ਸਾਮਾਨ ਦੀ ਸਮੁੱਚੀ ਲਿਸਟ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੂੰ ਭੇਜੀ ਜਾ ਚੁੱਕੀ ਹੈ। ਹੁਣ ਕਮੇਟੀ ਵੱਲੋਂ ਇਸ ਨੂੰ ਵੇਚਣ ਦੀ ਪ੍ਰੀਕਿਰਿਆ ਨੂੰ ਮੁਕੰਮਲ ਕੀਤਾ ਜਾਣਾ ਹੈ।
ਰੇਟ ਮਨਜ਼ੂਰ ਕਰਨ ਲਈ ਭੇਜੀ ਹੈ ਲਿਸਟ : ਸੁਭਾਸ਼ ਕੁਮਾਰ
ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-2 ਦੇ ਐਕਸੀਅਨ ਸੁਭਾਸ਼ ਕੁਮਾਰ ਨੇ ਦੱਸਿਆ ਕਿ ਸਾਡੇ ਮੰਡਲ ਵਿਖੇ ਪਏ ਸਮੁੱਚੇ ਸਾਮਾਨ ਸਬੰਧੀ ਲਿਸਟ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਸ ਸਾਮਾਨ ਦੀ ਰਾਖਵੀਂ ਕੀਮਤ ਮਨਜ਼ੂਰ ਕਰਨ ਸਬੰਧੀ ਵਿਭਾਗੀ ਕਮੇਟੀ ਨੂੰ ਲਿਖਿਆ ਗਿਆ ਹੈ। ਹੁਕਮ ਦੀ ਉਡੀਕ ਕਰ ਰਹੇ ਹਾਂ।
