ਜਗਬਾਣੀ ਕਹਾਣੀਨਾਮਾ-18 : ਕਿਸਾਨ ਦੀ ‘ਵੱਡੀ ਜੰਗ’

Friday, May 22, 2020 - 11:23 AM (IST)

ਪੰਜਾਬੀ ਲਿਖਾਰੀ – ਵੀਰ ਸਿੰਘ ਵੀਰਾ 
ਮੋਬ-9855069972 

ਅੱਜ ਸਵੇਰੇ ਸਵੇਰ ਬਿਨਾਂ ਰੋਟੀ ਖਾਧਿਆਂ ਘੁੱਟ ਚਾਹ ਪੀ ਕੇ ਜੀਤ ਸਿੰਘ ਆਪਣੇ ਖੇਤਾਂ ਵੱਲ ਚਲਾ ਗਿਆ। ਦੋ ਕੁ ਕਨਾਲਾਂ ਵਿੱਚ ਮਿਰਚਾਂ ਦੇ ਬੂਟੇ ਲਾਏ ਹੋਏ ਸਨ। ਸੋਚਿਆ ਜੇ ਵਧੀਆ ਮਿਰਚਾਂ ਲੱਗ ਗਈਆਂ ਤਾਂ ਤੋਰੀ ਫੁਲਕੇ ਜੋਗੇ ਕੋਈ ਚਾਰ ਛਿੱਲੜ ਬਣ ਜਾਣਗੇ। ਬੂਟੇ ਵਾਹਵਾ ਵੱਡੇ ਹੋ ਗਏ ਸਨ, ਫੁੱਲ ਵੀ ਵਾਹਵਾ ਲੱਗੇ ਸਨ 

ਅੱਜ ਜੀਤ ਸਿੰਘ ਦੇ ਚਿਹਰੇ ’ਤੇ ਚੰਗੀ ਰੌਣਕ ਸੀ। ਨਾਲ ਦੀ ਜ਼ਮੀਨ ਵਾਲਾ ਗੁਆਂਢੀ ਆਡ ਦੇ ਵਿਚੋਂ ਘਾਹ ਛਾਂਗ ਰਿਹਾ ਸੀ। ਜੀਤ ਸਿੰਘ ਨੂੰ ਖੁਸ਼ ਵੇਖ ਕੇ ਉਹ ਅੰਦਰੋ ਅੰਦਰੀ ਸੜ ਭੁੱਜ ਗਿਆ । ਆਖਣ ਲੱਗਾ ਜੀਤ ਸਿੰਹਾਂ ਅੱਜ ਬੜਾ ਖੁਸ਼ ਏਂ ? ਜੀਤ ਸਿੰਘ ਨੇ ਕਿਹਾ ਆਹੋ ਕੇਹਰ ਸਿੰਹਾਂ, ਅੱਜ ਆਪਣੀਆਂ ਮਿਰਚਾਂ ਵੇਖ ਕੇ ਮਨ ਖੁਸ਼ ਹੋ ਗਿਆ ,ਐਤਕੀਂ ਰੱਬ ਸੁੱਖ ਰੱਖੇ ਕੋਈ ਚਾਰ ਛਿੱਲੜ ਬਣ ਜਾਣਗੇ ਤੂੰ ਆਡ ਬਣਾ ਰਿਹਾ ਏਂ ਪਾਣੀ ਲਾਉਣਾ ਈਂ ? ਆਹੋ ਯਾਰ ਮੀਂਹ ਤਾਂ ਪਿਆ ਨਹੀਂ, ਮੈ ਤਾਂ ਚਾਹੁੰਦਾ ਸੀ ਕਿ ਰੱਬ ਮੀਂਹ ਪਾ ਕੇ ਨਿਹਾਲਿਆ ਨਿਹਾਲਿਆ ਕਰ ਜਾਦਾਂ ਮੇਰਾ ਸਰ ਜਾਂਦਾ। ਜੀਤ ਸਿੰਘ ਨੇ ਜਦੋਂ ਮੀਂਹ ਦਾ ਨਾਂ ਸੁਣਿਆ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ।

ਉਹ ਚੁੱਪ ਚਾਪ ਲੱਗੇ ਹੋਏ ਫੁੱਲਾਂ ਨੂੰ ਵੇਖਣ ਲੱਗ ਪਿਆ ਥੋੜੀ ਦੇਰ ਬਾਅਦ ਜੀਤ ਸਿੰਘ ਦਾ ਪੋਤਰਾ ਰੋਟੀ ਲੈ ਕੇ ਆ ਗਿਆ। ਉਸਨੇ ਉੱਚੀ ਆਵਾਜ਼ ਨਾਲ ਕਿਹਾ ਬਾਪੂ ਰੋਟੀ ਖਾ ਲਾ। ਪੁੱਤ ਇੱਥੇ ਵੱਟ ’ਤੇ ਰੱਖ ਦੇ ਜੀਤ ਸਿੰਘ ਨੇ ਉੱਚੀ ਆਵਾਜ਼ ਨਾਲ ਕਿਹਾ। ਪੋਤਰਾ ਰੋਟੀ ਰੱਖ ਕੇ ਵਾਪਿਸ ਪਰਤ ਗਿਆ। ਜੀਤ ਸਿੰਘ ਆਪਣੇ ਧਿਆਨੇ ਬੂਟਿਆਂ ਨਾਲ ਮਿੱਟੀ ਲਾਉਣ ਲੱਗ ਪਿਆ। ਮਿੱਟੀ ਲਾਉਂਦਿਆਂ ਲਾਉਂਦਿਆਂ ਪਤਾ ਈ ਨਾ ਲੱਗਾ ਕਿਹੜੇ ਵੇਲੇ ਦੱਖਣ ਦਿਸ਼ਾ ਵੱਲੋਂ ਤਿੱਤਰ ਖੰਬੀ ਬੱਦਲ ਚੜ੍ਹ ਕੇ ਉਤਾਂ ਤੱਕ ਆ ਗਿਆ।

ਪੜ੍ਹੋ ਇਹ ਵੀ – ਰੰਗਮੰਚ ਤੇ ਸਟੇਜ ਦਾ ਅੱਥਰਾ ਘੋੜਾ ‘ਨਿਰਮਲ ਜੌੜਾ’

ਪੜ੍ਹੋ ਇਹ ਵੀ – ਚੁੱਪ ਦੀ ਬੁੱਕਲ ਰਵਿੰਦਰ ਭੱਠਲ

ਜਦੋਂ ਬੱਦਲ ਇੱਕ ਦਮ ਗਰਜਿਆ, ਤਾਂ ਜੀਤ ਸਿੰਘ ਤ੍ਰਭਕ ਕੇ ਉੱਠਿਆ ਤਾਂ ਵੇਖਦਿਆਂ ਸਾਰ ਹੀ ਜੀਤ ਸਿੰਘ ਦਾ ਹਉਕਾ ਨਿਕਲ ਗਿਆ ਅਤੇ ਮੂੰਹੋਂ ਆਪ ਮੁਹਾਰੇ ਈ ਨਿੱਕਲਿਆ, ਏ ਮਾਲਕਾ ਖੈਰ ਕਰੀਂ। ਹੁਣ ਜੀਤ ਸਿੰਘ ਦੇ ਹੱਥੋਂ ਰੰਬੀ ਆਪਣੇ ਆਪ ਡਿੱਗ ਪਈ ਸੀ। ਵੇਖਦੇ ਈ ਵੇਖਦੇ ਐਨਾ ਤੇਜ ਹਨੇਰ ਅਤੇ ਝੱਖੜ ਨਾਲੇ ਗੜਿਆਂ ਵਾਲਾ ਮੀਂਹ ਜੀਤ ਸਿੰਘ ਨੂੰ ਭੱਜੇ ਜਾਂਦਿਆ ਗੜੇ ਸਿਰ ਅਤੇ ਲੱਤਾਂ ਤੇ ਵੱਜ ਰਹੇ ਸਨ। ਆਖਰ ਕੇਹਰ ਸਿੰਘ ਦੀ ਮੋਟਰ ’ਤੇ ਪਹੁੰਚ ਗਿਆ। ਕੇ

ਹਰ ਸਿੰਘ ਮਸ਼ਕਰੀ ਜਿਹੀ ਹਾਸੀ ਹੱਸ ਕੇ ਕਹਿੰਦਾ, ਹੂੰ- ਹੂੰ- ਹੂੰ ਜੀਤ ਸਿੰਹਾਂ ਤੇਰੀਆਂ ਮਿਰਚਾਂ ’ਤੇ ਗਈਆਂ। ਰੱਬ ਅੱਗੇ ਕੀਹਦਾ ਜੋਰ ਆ ਕੇਹਰ ਸਿੰਹਾਂ, ਜੀਤ ਸਿੰਘ ਨੇ ਲੰਮਾ ਹਉਕਾ ਲੈ ਕੇ ਕਿਹਾ । ਵਾਹਵਾ ਦੇਰ ਬਾਅਦ ਮੀਂਹ ਰੁਕਿਆ, ਜੀਤ ਸਿੰਘ ਦੀਆਂ ਮਿਰਚਾਂ ਦੇ ਬੂਟੇ ਟੁੱਟ ਕੇ ਥੱਲੇ ਲਮਕ ਗਏ ਸਨ। ਦੂਰ -----ਵੱਟ ’ਤੇ ਪਈਆਂ ਹੋਈਆਂ ਪੋਣੇ ਪੱਲੇ ਰੋਟੀਆਂ, ਭਿੱਜ ਕੇ ਗੜੁਚੂੰ ਹੋ ਗਈਆਂ ਸਨ, ਵਿੱਚ ਰੱਖਿਆ ਹੋਇਆ ਆਚਾਰ, ਨਾਲ ਚਿਪਕ ਗਿਆ ਸੀ।

ਪੜ੍ਹੋ ਇਹ ਵੀ – ਅਸਗ਼ਰ ਵਜਾਹਤ ਦੀ ਤਨਜ਼ ਸੁਣੋ ਜ਼ਿੰਦਗੀ ਵਿਚ ਕੰਮ ਆਵੇਗੀ

ਜੀਤ ਸਿੰਘ ਨੇ ਪੋਣੇ ਦੀ ਗੰਢ ਖੋਲ੍ਹੀ ਵਿੱਚੋਂ ਭਿੱਜੀਆਂ ਰੋਟੀਆਂ ਬਾਹਰ ਕੱਢੀਆਂ, ਅਤੇ ਟੁਕੜੇ ਕਰਕੇ ਕੀੜਿਆਂ ਦੇ ਭਾਉਣ ਉੱਤੇ ਸੁੱਟ ਦਿੱਤੀਆਂ। ਪਾਣੀ ਵਿੱਚ ਡੁੱਬੇ ਪਏ ਮਿਰਚਾਂ ਦੇ ਬੂਟੇ ਜੋ ਪੁੱਤਾਂ ਵਾਂਗੂੰ ਪਾਲੇ ਸੀ, ਉਨ੍ਹਾਂ ਨੂੰ ਵੇਖ ਕੇ ਜੀਤ ਸਿੰਘ ਆਪਣੇ ਹੰਝੂਆਂ ਨੂੰ ਨਾ ਰੋਕ ਸਕਿਆ। ਦੂਰੋ ਕੇਹਰ ਸਿੰਘ ਮਸ਼ਕਰੀ ਜਿਹੀ ਹਾਸੀ ਹੱਸਦਾ, ਹੋਇਆ ਇੰਝ ਆ ਰਿਹਾ ਸੀ, ਜਿਵੇਂ ਕੋਈ ਵੱਢੀ ਜੰਗ ਜਿੱਤ ਕੇ ਆਇਆ ਹੋਵੇ।

ਅੱਜ ਬਹੁਤ ਸਾਰੇ ਲੋਕ, ਕਿਸੇ ਦਾ ਹੋਇਆ ਨੁਕਸਾਨ ਵੇਖ ਕੇ ਬੜੇ ਖੁਸ਼ ਹੁੰਦੇ ਹਨ। ਜੋ ਬੜੀ ਸ਼ਰਮ ਵਾਲੀ ਗੱਲ ਹੈ। (ਸਮਾਪਤ) 

ਪੜ੍ਹੋ ਇਹ ਵੀ – ਵਾਰਤਕ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ

ਪੜ੍ਹੋ ਇਹ ਵੀ – ਸੰਧੂਆਂ ’ਚੋਂ ਸੰਧੂ ਸ਼ਮਸ਼ੇਰ

 


rajwinder kaur

Content Editor

Related News