‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੇ ਭਾਜਪਾ ’ਤੇ ਚੁੱਕੇ ਸਵਾਲ (ਵੀਡੀਓ)
Wednesday, May 10, 2023 - 12:44 AM (IST)
ਜਲੰਧਰ (ਰਮਨਦੀਪ ਸਿੰਘ ਸੋਢੀ)–ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਹੋ ਰਹੀ ਉਪ-ਚੋਣ ਲਈ ਚੋਣ ਰੌਲਾ ਰੁਕ ਚੁੱਕਾ ਹੈ ਅਤੇ ਕੱਲ ਪੋਲਿੰਗ ਹੋਣ ਜਾ ਰਹੀ ਹੈ। ਆਪੋ-ਆਪਣੇ ਉਮੀਦਵਾਰ ਦੀ ਜਿੱਤ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੈ। ਲੱਗਭਗ ਹਰੇਕ ਪਾਰਟੀ ਵਿਚ ਦਲ-ਬਦਲ ਵੀ ਹੋਏ ਹਨ। ਪੰਜਾਬ ਦੀ ਸੱਤਾ ’ਤੇ ਬਿਰਾਜਮਾਨ ਆਮ ਆਦਮੀ ਪਾਰਟੀ ਲਈ ਇਹ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸੱਤਾ ਵਿਚ ਆਉਣ ਤੋਂ ਬਾਅਦ ਪਾਰਟੀ ਇਕ ਲੋਕ ਸਭਾ ਉਪ-ਚੋਣ ਹਾਰ ਚੁੱਕੀ ਹੈ ਅਤੇ ਪਾਰਟੀ ਦੀ ਕੋਸ਼ਿਸ਼ ਹੈ ਕਿ ਇਸ ਚੋਣ ਨੂੰ ਕਿਸੇ ਵੀ ਤਰ੍ਹਾਂ ਜਿੱਤਿਆ ਜਾਵੇ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਦੂਜੇ ਪਾਸੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਵੀ ਪੂਰਾ ਜ਼ੋਰ ਲਾ ਰਹੇ ਹਨ ਕਿ ਚੋਣ ਦੀ ਜਿੱਤ ਦਾ ਫਤਵਾ ਹਾਸਲ ਕੀਤਾ ਜਾਵੇ ਪਰ ਵੱਡਾ ਸਵਾਲ ਇਹ ਹੈ ਕਿ ਗੱਠਜੋੜ ਟੁੱਟ ਜਾਣ ਤੋਂ ਬਾਅਦ ਵੱਖ-ਵੱਖ ਤੌਰ ’ਤੇ ਚੋਣ ਲੜ ਰਹੇ ਅਕਾਲੀ ਦਲ ਤੇ ਭਾਜਪਾ ਲਈ ਵੀ ਇਹ ਚੋਣ ਅਹਿਮ ਮੰਨੀ ਜਾ ਰਹੀ ਹੈ। ਅਕਾਲੀ ਦਲ ਨੂੰ ਇਸ ਚੋਣ ਵਿਚ ਜਿਹੜਾ ਸਭ ਤੋਂ ਵੱਡਾ ਝਟਕਾ ਲੱਗਾ ਹੈ, ਉਹ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ। ਸਿਆਸੀ ਮਾਹਿਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਿਆਸੀ ਕੈਂਪੇਨ ’ਤੇ ਕਾਫ਼ੀ ਅਸਰ ਪਿਆ ਹੈ ਪਰ ਅਕਾਲੀ ਦਲ ਇਸ ਪੂਰੇ ਘਟਨਾਚੱਕਰ ਤੇ ਇਸ ਚੋਣ ਨੂੰ ਕਿਵੇਂ ਵੇਖਦਾ ਹੈ, ਇਸ ਦੀ ਪ੍ਰਤੀਕਿਰਿਆ ਜਾਣਨ ਲਈ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਸੰਪਰਕ ਕੀਤਾ ਗਿਆ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ’ਤੇ ਵੀ ਸਵਾਲ ਚੁੱਕਿਆ ਕਿ ਕਿਸਾਨੀ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਆਦਿ ਦੇ ਵਾਅਦੇ ਅਜੇ ਵੀ ਅਧੂਰੇ ਹਨ।
ਅਕਾਲੀ ਦਲ-ਬਸਪਾ ਜਦੋਂ ਵੀ ਮਿਲ ਕੇ ਚੋਣ ਲੜੇ, ਜਿੱਤ ਪੱਕੀ ਹੋਈ
ਇਸ ਚੋਣ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਪਹਿਲਾਂ ਅਤੇ ਦੇਹਾਂਤ ਤੋਂ ਬਾਅਦ ਵੀ ਤੁਸੀਂ ਕਾਫ਼ੀ ਸਮੇਂ ਤਕ ਜਲੰਧਰ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਦੇ ਚੋਣ ਪ੍ਰਚਾਰ ’ਚ ਡਟੇ ਰਹੇ ਹੋ। ਇਸ ਚੋਣ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਹਾਨੂੰ ਜ਼ਮੀਨੀ ਹਕੀਕਤ ਕੀ ਨਜ਼ਰ ਆ ਰਹੀ ਹੈ? ਇਸ ’ਤੇ ਸਾਬਕਾ ਮੰਤਰੀ ਮਜੀਠੀਆ ਨੇ ਕਿਹਾ ਕਿ ਇਹ ਚੋਣ ਸਾਡੇ ਲਈ ਆਮ ਚੋਣ ਨਹੀਂ ਸੀ ਕਿਉਂਕਿ ਬਾਦਲ ਸਾਬ੍ਹ ਵਰਗੇ ਨੇਤਾ ਨੂੰ ਆਮ ਜਨਤਾ ਤੇ ਵਿਰੋਧੀ ਪਾਰਟੀਆਂ ਨੇ ਵੀ ਬਹੁਤ ਪਿਆਰ, ਇੱਜ਼ਤ ਤੇ ਸਨਮਾਨ ਦਿੱਤਾ, ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਚੰਡੀਗੜ੍ਹ ਤੋਂ ਪਿੰਡ ਬਾਦਲ ਤਕ ਐਂਬੂਲੈਂਸ ਚਲਾ ਕੇ ਲਿਜਾਂਦੇ ਸਮੇਂ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਸਮੇਂ ਉਮੜੇ ਅਥਾਹ ਜਨਸਮੂਹ ’ਤੇ ਦੇਸ਼ ਦੇ ਗ੍ਰਹਿ ਮੰਤਰੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਹਿੰਦੂ-ਸਿੱਖ ਏਕਤਾ ਦਾ ਸਰਦਾਰ ਚਲਾ ਗਿਆ। ਬਾਦਲ ਸਾਬ੍ਹ ਨੂੰ ਜਦੋਂ ਕੋਈ ਪੁੱਛਦਾ ਸੀ ਕਿ ਕੋਈ ਵੱਡੀ ਪ੍ਰਾਪਤੀ ਤਾਂ ਉਹ ਕਹਿੰਦੇ ਸਨ ਭਾਈਚਾਰਕ ਸਾਂਝ।
ਉਨ੍ਹਾਂ ਦੇ ਚਲੇ ਜਾਣ ਨਾਲ ਸੁਭਾਵਿਕ ਤੌਰ ’ਤੇ ਚੋਣ ਮੁਹਿੰਮ ਪ੍ਰਭਾਵਿਤ ਜ਼ਰੂਰ ਹੋਈ ਹੈ ਪਰ ਇਸ ਅਚਨਚੇਤ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ ਅਤੇ ਆਮ ਪਾਰਟੀ ਵਰਕਰ ਇਕੱਠੇ ਵੀ ਹੋਏ। ਸਾਡਾ ਪਰਿਵਾਰ ਇਕੱਲਾ ਪਰਿਵਾਰ ਤਕ ਸੀਮਤ ਨਹੀਂ, ਸਾਰਾ ਸ਼੍ਰੋਮਣੀ ਅਕਾਲੀ ਦਲ ਸਾਡਾ ਪਰਿਵਾਰ ਹੈ। ਇਸ ਇਕੱਤਰਤਾ ਨਾਲ ਇਕ ਸੰਕਲਪ ਵੀ ਪੈਦਾ ਹੋਇਆ ਹੈ ਕਿ ਜੇ ਅਸੀਂ ਸਾਰੇ ਬਾਦਲ ਸਾਬ੍ਹ ਦੀ ਸੋਚ ਦਾ ਸਨਮਾਨ ਕਰਦੇ ਹਾਂ ਤਾਂ ਤਕੜੇ ਹੋ ਕੇ ਅਸੀਂ ਇਹ ਚੋਣ ਲੜਨੀ ਹੈ ਅਤੇ ਪਾਰਟੀ ਵਰਕਰਾਂ ਨੇ ਵੀ ਇਹ ਜ਼ਿੰਮੇਵਾਰੀ ਸਮਝੀ ਹੈ।
ਜਲੰਧਰ ਲੋਕ ਸਭਾ ਉਪ-ਚੋਣ ਦਾ ਨਤੀਜਾ ਬਹੁਤ ਹੀ ਹੈਰਾਨੀਜਨਕ ਸਾਹਮਣੇ ਆਵੇਗਾ ਕਿਉਂਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਹੋਏ ਹਨ ਅਤੇ ਇਸ ਦੇ ਵਰਕਰ ਇਕ ਜਜ਼ਬੇ ਨਾਲ ਚੋਣ ਵਿਚ ਉਤਰ ਗਏ ਹਨ ਤਾਂ ਫਿਰ ਜਿੱਤ ਅਕਾਲੀ ਦਲ ਤੇ ਬਸਪਾ ਦੀ ਹੀ ਹੋਵੇਗੀ। 2019 ਦੀ ਚੋਣ ਵਿਚ ਦੋ ਲੱਖ ਤੋਂ ਵੱਧ ਵੋਟਾਂ ਬਸਪਾ ਨੂੰ ਪਈਆਂ ਸਨ ਅਤੇ ਸਾਡੇ ਉਮੀਦਵਾਰ ਨੂੰ ਵੀ ਰਿਕਾਰਡ ਵੋਟਾਂ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਸਿਰ ’ਚ ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ
ਕਿਸਾਨ ਅੰਦੋਲਨ ਖ਼ਤਮ ਹੋ ਗਿਆ ਹੈ ਪਰ ਮੁੱਦੇ ਉੱਥੇ ਹੀ ਖੜ੍ਹੇ ਹਨ
ਇਕ ਹੋਰ ਸਵਾਲ ’ਚ ਜਦੋਂ ਸਾਬਕਾ ਮੰਤਰੀ ਮਜੀਠੀਆ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਵੋਟਾਂ ਦੇ ਮਾਮਲੇ ’ਚ ਸ਼ਹਿਰੀ ਹਲਕਿਆਂ ਵਿਚ ਅਕਾਲੀ ਦਲ ਤਾਂ ਪੇਂਡੂ ਹਲਕਿਆਂ ਵਿਚ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ, ਕੀ ਇਸ ਧਾਰਨਾ ਨਾਲ ਤੁਸੀਂ ਸਹਿਮਤ ਹੋ ਤਾਂ ਮਜੀਠੀਆ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਗੱਠਜੋੜ ਦਾ ਮਤਲਬ ਹੁੰਦਾ ਹੈ ਕਿ ਅਸੀਂ ਤੁਹਾਡੀ ਅਤੇ ਤੁਸੀਂ ਸਾਡੀ ਵਿਚਾਰਧਾਰਾ ਦਾ ਸਨਮਾਨ ਕਰੋ ਪਰ ਤੁਸੀਂ ਇਕ-ਦੂਜੇ ’ਤੇ ਆਪਣੇ ਵਿਚਾਰ ਥੋਪ ਨਹੀਂ ਸਕਦੇ। ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਚਾਲੇ ਲੱਗਭਗ 27 ਸਾਲ ਦਾ ਗੱਠਜੋੜ ਸੀ ਅਤੇ ਇਹ ਗੱਠਜੋੜ ਹਿੰਦੂ-ਸਿੱਖ ਏਕਤਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਵਾਜਪਾਈ ਦੇ ਜਾਣ ਤੋਂ ਬਾਅਦ ਇਹ ਗੱਠਜੋੜ ਟੁੱਟ ਗਿਆ।
ਕਿਸਾਨੀ ਪੰਜਾਬ ਦਾ ਸਭ ਤੋਂ ਵੱਡਾ ਤੇ ਅਹਿਮ ਮੁੱਦਾ ਹੈ। ਸਾਢੇ ਸੱਤ ਸੌ ਦੇ ਲੱਗਭਗ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ। ਬੀਬੀ ਹਰਸਿਮਰਤ ਨੇ ਇਸ ਮੁੱਦੇ ਨੂੰ ਕੈਬਨਿਟ ਵਿਚ ਵੀ ਉਠਾਇਆ ਸੀ ਅਤੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਕੈਬਨਿਟ ਵਿਚ ਪਾਸ ਕਰਨ ਦੌਰਾਨ ਇਸ ਵਿਚ ਸੋਧ ਕਰ ਦਿੱਤੀ ਜਾਵੇਗੀ ਪਰ ਇਹ ਬਿੱਲ ਆ ਗਿਆ ਤਾਂ ਇਸ ਵਿਚ ਸਾਡੇ ਭਰੋਸੇ ਨੂੰ ਤੋੜ ਦਿੱਤਾ ਗਿਆ।
ਉਸ ਵੇਲੇ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਸੀ, ਜਿਸ ਕਾਰਨ ਅਸੀਂ ਗੱਠਜੋੜ ਤੋੜ ਦਿੱਤਾ। ਅਸੀਂ ਇਹ ਗੱਠਜੋੜ ਕਿਸਾਨਾਂ ਤੇ ਪੰਜਾਬ ਦੀ ਕਿਸਾਨੀ ਲਈ ਤੋੜ ਦਿੱਤਾ। ਸਾਡੇ ’ਤੇ ਦੋਸ਼ ਵੀ ਲੱਗੇ ਪਰ ਵਿਰੋਧੀਆਂ ਦਾ ਕੰਮ ਦੋਸ਼ ਲਾਉਣਾ ਹੀ ਹੁੰਦਾ ਹੈ। ਸਾਨੂੰ ਆਸ ਸੀ ਕਿ ਭਾਜਪਾ ਸਾਡੀ ਗੱਲ ਮੰਨ ਲਵੇਗੀ ਪਰ ਉਹ ਨਹੀਂ ਮੰਨੀ। ਅਖੀਰ ਇਸ ਦਾ ਨਤੀਜਾ ਕੀ ਨਿਕਲਿਆ। ਸਾਢੇ ਸੱਤ ਸੌ ਦੇ ਲੱਗਭਗ ਕਿਸਾਨ ਸ਼ਹੀਦ ਹੋ ਗਏ। ਇੰਡਸਟਰੀ ਤੇ ਅਰਥਵਿਵਸਥਾ ਦਾ ਨੁਕਸਾਨ ਹੋਇਆ। ਅਖੀਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਭਾਵੇਂ ਅੰਦੋਲਨ ਖ਼ਤਮ ਹੋ ਗਿਆ ਹੈ ਪਰ ਮੁੱਦੇ ਅੱਜ ਵੀ ਉੱਥੇ ਹੀ ਖੜ੍ਹੇ ਹਨ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅੱਜ ਤਕ ਲਾਗੂ ਨਹੀਂ ਹੋਈ।
ਗ਼ਲਤੀ ਦੀ ਸਜ਼ਾ ਕਾਨੂੰਨ ਅਨੁਸਾਰ ਮਿਲੇ ਪਰ ਧੱਕਾ ਬਰਦਾਸ਼ਤ ਨਹੀਂ
ਬਾਦਲ ਸਾਬ੍ਹ ਦੇ ਦਿਹਾਂਤ ਤੋਂ ਬਾਅਦ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਡੇ ਭਾਜਪਾਈ ਨੇਤਾ ਆਉਂਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਗੱਠਜੋੜ ਹੋ ਸਕਦਾ ਹੈ? ਇਸ ’ਤੇ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਦੁਬਾਰਾ ਗੱਠਜੋੜ ਹੋ ਸਕਦਾ ਹੈ ਪਰ ਇਕ ਗੱਲ ਉਹ ਕਹਿਣਾ ਚਾਹੁਣਗੇ ਕਿ ਅਸੀਂ ਕਾਫ਼ੀ ਸਮੇਂ ਤਕ ਇਕੱਠੇ ਰਹੇ ਅਤੇ ਮਨੁੱਖਤਾ ਦੇ ਨਾਤੇ ਅਸੀਂ ਦੁੱਖ-ਸੁੱਖ ਵਿਚ ਤਾਂ ਜ਼ਰੂਰ ਸ਼ਾਮਲ ਹੋਵਾਂਗੇ ।
ਬਾਦਲ ਸਾਬ੍ਹ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਦਾ ਆਉਣਾ ਅਤੇ ਗ੍ਰਹਿ ਮੰਤਰੀ ਦਾ ਇਹ ਕਹਿਣਾ ਕਿ ਹਿੰਦੂ-ਸਿੱਖ ਏਕਤਾ ਦਾ ਸਰਦਾਰ ਚਲਾ ਗਿਆ, ਇਸ ਗੱਲ ਨੂੰ ਇਕ ਵੱਖਰੇ ਨਜ਼ਰੀਏ ਨਾਲ ਵੇਖਿਆ ਜਾਣਾ ਚਾਹੀਦਾ ਹੈ। ਜਿੱਥੋਂ ਤਕ ਗੱਠਜੋੜ ਦੀ ਗੱਲ ਹੈ ਤਾਂ ਮੁੱਦੇ ਉੱਥੇ ਹੀ ਖੜ੍ਹੇ ਹਨ ਭਾਵੇਂ ਕਿਸਾਨੀ ਦਾ ਮੁੱਦਾ ਹੋਵੇ, ਬੰਦੀ ਸਿੰਘਾਂ ਦਾ ਮੁੱਦਾ ਹੋਵੇ ਜਾਂ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੇ ਜਾਣ ਦਾ ਲਿਖਤੀ ਵਾਅਦਾ ਪਰ ਸੁਪਰੀਮ ਕੋਰਟ ਵਿਚ ਸਰਕਾਰ ਉਲਟ ਬਿਆਨ ਦੇਵੇ ਤਾਂ ਦਿਲ ਤਾਂ ਦੁਖ਼ਦਾ ਹੀ ਹੈ। ਉਨ੍ਹਾਂ ਕਿਹਾ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਸਜ਼ਾ ਬਦਲ ਸਕਦੀ ਹੈ ਤਾਂ ਫਿਰ ਬੰਦੀ ਸਿੰਘਾਂ ਲਈ ਵੱਖਰਾ ਕਾਨੂੰਨ ਕਿਉਂ? ਇਨ੍ਹਾਂ ਕੇਸਾਂ ਨੂੰ ਵੀ ਹਮਦਰਦੀ ਨਾਲ ਵੇਖਿਆ ਜਾਣਾ ਚਾਹੀਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਤਾਂ ਕੀ ਹੋਣੀ ਸੀ, ਉਲਟਾ ਸਿੱਖਾਂ ’ਤੇ ਐੱਨ. ਐੱਸ. ਏ. ਲਾ ਕੇ ਉਨ੍ਹਾਂ ਨੂੰ ਡਿਬਰੂਗੜ੍ਹ ਭੇਜਿਆ ਜਾ ਰਿਹਾ ਹੈ ਅਤੇ ਅਸਾਮ ਦੇ ਭਾਜਪਾਈ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ’ਤੇ ਵਧਾਈ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਹਨ। ਜਿਸ ਨੇ ਜਿੰਨੀ ਗਲਤੀ ਕੀਤੀ ਹੈ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇ ਧੱਕਾ ਹੋਵੇਗਾ ਤਾਂ ਉਹ ਇਸ ਦੇ ਖਿਲਾਫ ਹਨ।
ਬੀਬੀ ਨੇ ਪੰਥ ਨਾਲ ਧੋਖਾ ਕੀਤਾ
ਹੁਣੇ ਜਿਹੇ ਬੀਬੀ ਜਗੀਰ ਕੌਰ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਵਿਚ ਬੰਦੀ ਸਿੰਘਾਂ ਸਮੇਤ ਸਿੱਖੀ ਨਾਲ ਸਬੰਧਤ ਸਾਰੇ ਮਸਲੇ ਹਨ। ਬੀਬੀ ਵੱਲੋਂ ਦਿੱਤੇ ਗਏ ਸਮਰਥਨ ਅਤੇ ਚੁੱਕੇ ਗਏ ਮੁੱਦਿਆਂ ’ਤੇ ਤੁਹਾਡੀ ਕੀ ਟਿੱਪਣੀ ਹੈ? ਇਸ ’ਤੇ ਮਜੀਠੀਆ ਨੇ ਕਿਹਾ ਕਿ ਬੀਬੀ ਜੀ ਸਤਿਕਾਰਯੋਗ ਹਨ ਪਰ ਜਦੋਂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਸਨ ਤਾਂ ਭਾਜਪਾ ਨੇ ਬੀਬੀ ਜੀ ਨੂੰ ਪ੍ਰਧਾਨ ਬਣਾਉਣ ਲਈ ਹਰ ਤਰ੍ਹਾਂ ਦੀ ਮਦਦ ਕੀਤੀ। ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮਦਦ ਕੀਤੀ। ਬੀਬੀ ਵੱਲੋਂ ਭਾਜਪਾ ਨੂੰ ਸਮਰਥਨ ਦੇਣ ’ਤੇ ਪੰਥ ਨਾਲ ਧੋਖਾ ਹੋ ਗਿਆ ਅਤੇ ਜੋ ਗੱਲ ਅਸੀਂ ਕਹਿੰਦੇ ਸੀ, ਉਹ ਬੇਨਕਾਬ ਹੋ ਗਈ।
ਝੂਠੀ ਬਿਆਨਬਾਜ਼ੀ ਨਾਲ ਪੰਜਾਬ ਦੀ ਜਨਤਾ ਦਾ ਮਨ ਨਹੀਂ ਜਿੱਤਿਆ ਜਾ ਸਕਦਾ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਬਿਜਲੀ ਮੁਫਤ ਦੇ ਦਿੱਤੀ ਹੈ, 28 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਹਨ, 580 ਦੇ ਲਗਭਗ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਹਨ, ਜਿਸ ਦਾ ਫਾਇਦਾ ਉਨ੍ਹਾਂ ਨੂੰ ਇਸ ਚੋਣ ਵਿਚ ਮਿਲੇਗਾ। ਆਮ ਆਦਮੀ ਪਾਰਟੀ ਵਿਕਾਸ ਦੇ ਨਾਂ ’ਤੇ ਵੋਟ ਮੰਗ ਰਹੀ ਹੈ, ਤੁਸੀਂ ਕਿਸ ਆਧਾਰ ’ਤੇ ਵੋਟ ਮੰਗ ਰਹੇ ਹੋ? ਇਸ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਉਹ ਸਰਕਾਰ ਦੀ ਗੱਲ ਨੂੰ ਉਸ ਵੇਲੇ ਹੀ ਗੰਭੀਰਤਾ ਨਾਲ ਲੈ ਸਕਦੇ ਹਨ ਜਦੋਂ ਸਰਕਾਰ ਦਾ ਮੁਖੀ ਗੰਭੀਰ ਹੋਵੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਕਹਿੰਦੇ ਸਨ ਕਿ ਅਸੀਂ ਘਰ-ਘਰ ਨੌਕਰੀ ਤਾਂ ਦੇਵਾਂਗੇ ਹੀ, ਨਾਲ ਹੀ ਹਾਲਾਤ ਇਹ ਬਣਾ ਦੇਵਾਂਗੇ ਕਿ ਵਿਦੇਸ਼ ਤੋਂ ਗੋਰੇ-ਗੋਰੀਆਂ ਘਰ-ਘਰ ਆ ਕੇ ਕੰਮ ਕਰਨਗੇ। ਉਹ ਪੁੱਛਣਾ ਚਾਹੁੰਦੇ ਹਨ ਕਿ ‘ਆਪ’ ਸਰਕਾਰ ਨੌਕਰੀਆਂ ਦੇ ਰਹੀ ਹੈ ਤਾਂ ਫਿਰ ਪੰਜਾਬ ਦੇ ਬੱਚੇ 35-35 ਲੱਖ ਰੁਪਏ ਖਰਚ ਕਰ ਕੇ ਵਿਦੇਸ਼ ਵਿਚ ਪੜ੍ਹਾਈ ਕਰਨ ਕਿਉਂ ਜਾ ਰਹੇ ਹਨ? ਉਨ੍ਹਾਂ ਕਿਹਾ ਨੌਕਰੀਆਂ ਤਾਂ ਕੀ ਦੇਣੀਆਂ ਸਨ, ਜਿਹੜੇ ਬੱਚੇ ਨੌਕਰੀ ਮੰਗਣ ਜਾ ਰਹੇ ਹਨ, ਕਿਵੇਂ ਉਨ੍ਹਾਂ ’ਤੇ ਲਾਠੀਚਾਰਜ ਹੋ ਰਹੇ ਹਨ, ਪਗੜੀਆਂ ਉਤਾਰੀਆਂ ਜਾ ਰਹੀਆਂ ਹਨ ਅਤੇ ਭੈਣਾਂ ਦੇ ਵਾਲ ਖਿੱਚ ਕੇ ਉਨ੍ਹਾਂ ਨੂੰ ਘੜੀਸਿਆ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਇਹ ਨੌਕਰੀਆਂ ਦੇ ਰਹੀ ਹੈ? ਝੂਠੀ ਬਿਆਨਬਾਜ਼ੀ ਨਾਲ ਲੋਕਾਂ ਦੇ ਮਨ ਨਹੀਂ ਜਿੱਤ ਸਕਦੀ ਪੰਜਾਬ ਸਰਕਾਰ।
ਦਿੱਲੀ ਹੀ ਨਹੀਂ ਪੰਜਾਬ ਵਿਚ ਵੀ ਹੋਇਆ ਸ਼ਰਾਬ ਘਪਲਾ, ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ
ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ, ਸਸਤੀ ਰੇਤ ਮਿਲ ਰਹੀ ਹੈ। ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਮਜੀਠੀਆਂ ਨੇ ਕਿਹਾ ਕਿ ਸ਼ਰਾਬ ਘਪਲਾ, ਜਿਸ ਕੇਸ ਵਿਚ ਸਿਸੋਦੀਆ ਜੇਲ ਵਿਚ ਹਨ, ਜਿਸ ਵਿਚ ਰਾਘਵ ਚੱਢਾ ਦਾ ਵੀ ਨਾਂ ਆ ਰਿਹਾ ਹੈ। ਦਿੱਲੀ ਵਿੱਚ ਕਰੋਡ਼ਾਂ ਰੁਪਏ ਦੀ ਠੱਗੀ ਮਾਰ ਲਈ ਗਈ ਹੈ, ਜਿਸ ਕਾਰਨ ਅੱਜ ਤਕ ਜ਼ਮਾਨਤ ਨਹੀਂ ਹੋ ਸਕੀ। ਜਿਨ੍ਹਾਂ ਲੋਕਾਂ ਨੂੰ ਦਿੱਲੀ ਵਿਚ ਠੇਕੇ ਦਿੱਤੇ, ਉਨ੍ਹਾਂ ਲੋਕਾਂ ਨੂੰ ਹੀ ਪੰਜਾਬ ਵਿਚ ਠੇਕੇ ਦਿੱਤੇ ਗਏ। ਉਨ੍ਹਾਂ ਖਜ਼ਾਨੇ ਵਿਚ ਜਮ੍ਹਾ ਕਰਵਾਏ ਸਿਰਫ 4-4 ਕਰੋਡ਼ ਅਤੇ ਕਮਾਏ 60-60 ਕਰੋਡ਼ ਰੁਪਏ। ਅਧਿਕਾਰੀ ਖੁਦ ਮੰਨਦੇ ਹਨ ਕਿ ਪਿਛਲੇ ਸਾਲ ਲਗਭਗ 200 ਕਰੋਡ਼ ਰੁਪਏ ਦਾ ਘਪਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਦਿੱਲੀ ਨੂੰ ਲੁੱਟਿਆ ਅਤੇ ਹੁਣ ਪੰਜਾਬ ਨੂੰ ਲੁੱਟਿਆ, ਉਹ ਬਹੁਤ ਜਲਦੀ ਅੰਦਰ ਜਾਣਗੇ। ਇਸ ਵਿਚ ਗਰੁੱਪ ਆਫ ਮਨਿਸਟਰਜ਼ ਵੀ ਫਸਣਗੇ, ਜਿਨ੍ਹਾਂ ਨੇ ਹਸਤਾਖਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਜੋ ਹਾਲਤ ਅੱਜ ਹੋਈ ਹੈ, ਉਸ ਤਰ੍ਹਾਂ ਦੀ ਹਾਲਤ ਪਹਿਲਾਂ ਕਦੇ ਨਹੀਂ ਸੀ। ਸੂਬੇ ਵਿਚ ਕੋਈ ਵੀ ਵਿਅਕਤੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਗੈਂਗਸਟਰਾਂ ਤੇ ਲੁਟੇਰਿਆਂ ਦੇ ਡਰ ਕਾਰਨ ਹਰ ਵਿਅਕਤੀ ਘਰ ’ਚੋਂ ਬਾਹਰ ਨਿਕਲਣ ਤੋਂ ਡਰਦਾ ਹੈ। ਸਸਤੀ ਰੇਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਸਤੀ ਰੇਤ ਮਿਲ ਕਿਸ ਨੂੰ ਰਹੀ ਹੈ? ਜੋ ਰੇਤ 5.5 ਰੁਪਏ ਕਿਊਬਿਕ ਫੁੱਟ ਦੇਣ ਦੀ ਗੱਲ ਕਹੀ ਜਾ ਰਹੀ ਹੈ, ਸੱਚਾਈ ਇਹ ਹੈ ਕਿ ਉਹੀ ਰੇਤ ਆਮ ਲੋਕਾਂ ਨੂੰ 80-80 ਰੁਪਏ ਫੁੱਟ ਵਿਚ ਮਿਲ ਰਹੀ ਹੈ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕੋਈ ਵੀ ਕੰਮ ਬਿਨਾਂ ਪੈਸੇ ਦੇ ਨਹੀਂ ਹੁੰਦਾ। ਜਨਤਾ ਦੇ ਖੂਨ-ਪਸੀਨੇ ਦੇ ਪੈਸੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ 45 ਕਰੋਡ਼ ਦਾ ਮਹੱਲ ਬਣਾ ਲਿਆ ਹੈ, ਜਿਸ ਵਿਚ 8-8 ਲੱਖ ਦੇ ਪਰਦੇ ਲੱਗੇ ਹਨ।