ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

Saturday, Sep 09, 2017 - 01:50 AM (IST)

ਲਾਲਾ ਜੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ 
ਗੁਰਦਾਸਪੁਰ(ਵਿਨੋਦ)-ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦੀ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ ਮਹਾਨ ਸਪੂਤਾਂ ਵਿਚ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਇਕ ਵਿਅਕਤੀ ਨਹੀਂ, ਬਲਕਿ ਇਕ ਸੰਸਥਾ ਦੇ ਰੂਪ ਵਿਚ ਜਾਣੇ ਜਾਂਦੇ ਹਨ। ਇਹ ਪ੍ਰਗਟਾਵਾ ਗੁਰਚਰਨ ਸਿੰਘ ਭੁੱਲਰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੇ 'ਜਗ ਬਾਣੀ' ਗਰੁੱਪ ਵੱਲੋਂ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਗੋਲਡਨ ਇੰਜੀਨੀਅਰਿੰਗ ਤੇ ਟੈਕਨਾਲੋਜੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਲਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਰੋਟਰੀ ਕਲੱਬ ਗੁਰਦਾਸਪੁਰ ਨੇ ਵੀ ਸਹਿਯੋਗ ਦਿੱਤਾ। ਐੱਸ. ਐੱਸ. ਪੀ ਭੁੱਲਰ ਨੇ ਕਿਹਾ ਕਿ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਨੇ ਆਪਣੀ ਕਲਮ ਨਾਲ ਪੰਜਾਬ ਵਿਚ ਅੱਤਵਾਦ ਦੇ ਰੂਪ ਵਿਚ ਆਉਣ ਵਾਲੇ ਕਾਲੇ ਦਿਨਾ ਸਬੰਧੀ ਸਾਲ 1980 ਵਿਚ ਹੀ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਦੂਰ ਦ੍ਰਿਸ਼ਟੀ ਦੇ ਮਾਲਕ ਸਨ ਅਤੇ ਉਨ੍ਹਾਂ ਪੰਜਾਬ ਬਾਰੇ ਜੋ ਗੱਲਾਂ ਆਪਣੀ ਕਲਮ ਰਾਹੀਂ ਲਿਖੀਆਂ ਇਹ ਸਾਰੀਆਂ ਸੱਚ ਹੋਈਆਂ ਪਰ ਉਨ੍ਹਾਂ ਦਾ ਦੇਸ਼ ਹਿਤ ਲਿਖਣਾ ਕੁਝ ਦੇਸ਼ ਵਿਰੋਧੀ ਸ਼ਕਤੀਆਂ ਨੂੰ ਪਸੰਦ ਨਹੀਂ ਸੀ, ਜੋ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਲਈ ਲਾਲਾ ਜੀ ਦੀ ਸ਼ਹਾਦਤ ਬਹੁਤ ਵੱਡਾ ਨੁਕਸਾਨ ਸੀ।  ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਜ਼ਿਆਦਾਤਰ ਸਿੱਖਿਆ ਲਾਹੌਰ ਦੀ ਸੀ ਅਤੇ ਸਾਲ 1920 ਵਿਚ ਉਨ੍ਹਾਂ ਆਪਣੀ ਲਾਅ ਦੀ ਸਿੱਖਿਆ ਛੱਡ ਕੇ ਮਹਾਤਮਾ ਗਾਂਧੀ ਦੇ ਅੰਗਰੇਜ਼ਾਂ ਨੂੰ ਸਹਿਯੋਗ ਨਾ ਦੇਣ ਦੇ ਅੰਦੋਲਨ ਵਿਚ ਸ਼ਾਮਲ ਹੋ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕਦਮ ਰੱਖਿਆ ਅਤੇ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਹੋਈ। ਇਸ ਤੋਂ ਬਾਅਦ ਹਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੇ ਅੰਦੋਲਨ ਦਾ ਉਹ ਹਿੱਸਾ ਰਹੇ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਲਗਭਗ 9 ਸਾਲ ਜੇਲ ਕੱਟੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹ ਭਰਾ ਪਰਮਾਨੰਦਾ ਵੱਲੋਂ 15 ਦਿਨ ਬਾਅਦ ਪ੍ਰਕਾਸ਼ਿਤ ਸਮਾਚਾਰ ਪੱਤਰ ਅਕਾਸ਼ਵਾਣੀ ਦੇ ਐਡੀਟਰ ਬਣੇ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਲਾਹੌਰ ਤੋਂ ਭਾਰਤ ਆ ਗਏ ਅਤੇ ਜਲੰਧਰ ਵਿਚ ਉਨ੍ਹਾਂ ਉਰਦੂ ਸਮਾਚਾਰ ਪੱਤਰ ਹਿੰਦ ਸਮਾਚਾਰ ਸ਼ੁਰੂ ਕੀਤਾ।   ਅੰਤ ਵਿਚ 'ਜਗ ਬਾਣੀ' ਗਰੁੱਪ ਅਤੇ ਗੋਲਡਨ ਸਿੱਖਿਆ ਸੰਸਥਾਵਾਂ ਵੱਲੋਂ ਮੁੱਖ ਮਹਿਮਾਨ ਹਰਚਰਨ ਸਿੰਘ ਭੁੱਲਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕੈਂਪ ਵਿਚ ਸਿਵਲ ਹਸਪਤਾਲ ਦੀ ਮੰਗ ਅਨੁਸਾਰ ਖੂਨਦਾਨੀਆਂ ਨੇ 40 ਯੂਨਿਟ ਖੂਨ ਦਾਨ ਕੀਤਾ। ਰੋਟਰੀ ਮੈਂਬਰ ਅਸ਼ਵਨੀ ਬੱਬਰ ਅਤੇ ਡਾ. ਜੇ. ਬੀ. ਐੱਸ. ਰਿਆੜ ਨੇ ਵੀ ਖੂਨ ਦਾਨ ਕੀਤਾ। ਹਸਪਤਾਲ ਤੋਂ ਆਈ ਟੀਮ ਵਿਚ ਡਾ. ਪੂਜਾ ਖੋਸਲਾ, ਨਰਸਿੰਗ ਹੈੱਡ ਸ਼ਮਿੰਦਰ ਕੌਰ ਘੁੰਮਣ ਦੀ ਅਗਵਾਈ ਵਿਚ ਸਟਾਫ ਹਾਜ਼ਰ ਸੀ, ਜਦਕਿ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਬਾਲ ਕਿਸ਼ਨ ਮਿੱਤਲ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ, ਸਾਬਕਾ ਪ੍ਰਧਾਨ ਜੇ. ਐੱਸ. ਰਿਆੜ, ਕੇਸ਼ਵ ਬਹਿਲ, ਨਵਨੀਤ ਦੁੱਗਲ, ਅਰਵਿੰਦ ਹਸਤੀਰ, ਦੀਪਕ ਮਹਾਜਨ, ਅਨਿਲ ਅਗਰਵਾਲ, ਵਿਕਾਸ ਗੁਪਤਾ, ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ, ਡੀ. ਐੱਸ. ਪੀ. ਸਿਟੀ ਆਜ਼ਾਦ ਦਵਿੰਦਰ ਸਿੰਘ , ਸਿਟੀ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ, ਟ੍ਰੈਫਿਕ ਪੁਲਸ ਇੰਚਾਰਜ ਵਿਸ਼ਵਾਨਾਥ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਨਾਗਰਿਕ ਹਾਜ਼ਰ ਸੀ। ਕੈਂਪ ਨੂੰ ਸਫ਼ਲ ਬਣਾਉਣ ਲਈ ਗੋਲਡਨ ਸਿੱਖਿਆ ਸੰਸਥਾਵਾਂ ਦੇ ਚੀਫ਼ ਪ੍ਰਬੰਧਕ ਟੀ. ਆਰ. ਸ਼ਰਮਾ ਅਤੇ ਪੂਰੇ ਸਟਾਫ ਨੇ ਪ੍ਰਸ਼ੰਸਾ ਯੋਗ ਭੂਮਿਕਾ ਨਿਭਾਈ। ਇਸ ਦੌਰਾਨ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਲਈ ਵਧੀਆ ਰਿਫਰੈੱਸ਼ਮੈਂਟ ਦਾ ਪ੍ਰਬੰਧ ਕਾਲਜ ਪ੍ਰਬੰਧਕਾਂ ਨੇ ਕੀਤਾ। 
ਵਿਨੋਦ ਗੁਪਤਾ ਅਤੇ ਮੋਹਿਤ ਮਹਾਜਨ ਨੇ ਸਾਰਿਆਂ ਦਾ ਕੀਤਾ ਸਵਾਗਤ 
ਇਸ ਮੌਕੇ  ਸਾਰਿਆਂ ਦਾ ਸਵਾਗਤ 'ਜਗਬਾਣੀ' ਗਰੁੱਪ ਗੁਰਦਾਸਪੁਰ ਦੇ ਇੰਚਾਰਜ ਪੱਤਰਕਾਰ ਵਿਨੋਦ ਗੁਪਤਾ ਨੇ ਕਰਦੇ ਹੋਏ ਲਾਲਾ ਜਗਤ ਨਾਰਾਇਣ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ, ਜਦਕਿ ਅੰਤ ਵਿਚ ਗੋਲਡਨ ਸਿੱਖਿਆ ਸੰਸਥਾਵਾਂ ਦੇ ਐੱਮ. ਡੀ. ਮੋਹਿਤ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਪਲੈਕਸ ਵਿਚ ਦੇਸ਼ ਭਗਤ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਪ੍ਰੋਗਰਾਮ ਆਯੋਜਿਤ ਕਰਨ 'ਤੇ ਗਰਵ ਹੈ ਅਤੇ 'ਜਗਬਾਣੀ' ਗਰੁੱਪ ਆਉਣ ਵਾਲੇ ਸਮੇਂ ਵਿਚ ਜੋ ਵੀ ਪ੍ਰੋਗਰਾਮ ਸਾਡੇ ਕੰਪਲੈਕਸ ਵਿਚ ਕਰਨਾ ਚਾਹੇਗਾ ਤਾਂ ਅਸੀਂ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ। ਜਦ ਵੀ ਸਾਨੂੰ ਫਿਰ ਖੂਨਦਾਨ ਕੈਂਪ ਆਯੋਜਿਤ ਕਰਨ ਲਈ ਕਿਹਾ ਜਾਵੇਗਾ ਤਾਂ ਸਾਡੀ ਸਿੱਖਿਆ ਸੰਸੰਥਾ ਤਿਆਰ ਮਿਲੇਗੀ।
ਕੀ ਕਹਿਣਾ ਹੈ ਇਸ ਖੂਨਦਾਨ ਕੈਂਪ ਸੰਬੰਧੀ ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ ਦਾ 
ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ ਨੇ ਕਿਹਾ ਕਿ ਬੇਸ਼ੱਕ ਰੋਟਰੀ ਕਲੱਬ ਗੁਰਦਾਸਪੁਰ ਸਮੇਂ-ਸਮੇਂ 'ਤੇ ਸਮਾਜ ਸੇਵਾ ਲਈ ਕਈ ਕੰਮ ਕਰਦੀ ਰਹਿੰਦੀ ਹੈ ਪਰ ਅੱਜ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਤੇ ਸਵਤੰਤਰਤਾ ਸੈਨਾਨੀ ਲਾਲਾ ਜਗਤ ਨਾਰਾਇਣ ਦੇ ਬਲੀਦਾਨ ਦਿਵਸ 'ਤੇ ਆਯੋਜਿਤ ਕੈਂਪ ਵਿਚ ਸਹਿਯੋਗ ਕਰ ਕੇ ਜੋ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਬਿਆਨ ਕਰਨਾ ਮੁਸ਼ਕਲ ਹੈ। 


Related News