ਆਸਟਰੇਲੀਆ ਦੀ ਧਰਤੀ 'ਤੇ 150 ਸਾਲ ਪਹਿਲਾਂ ਅਜਿਹਾ ਕੀ ਹੋਇਆ, ਜਿਸ ਨੇ ਰਚਿਆ ਇਤਿਹਾਸ (ਵੀਡੀਓ)
Wednesday, Feb 05, 2020 - 11:33 AM (IST)
ਜਲੰਧਰ (ਬਿਊਰੋ): 5 ਫਰਵਰੀ ਨੂੰ ਭਾਰਤ ਤੇ ਵਿਸ਼ਵ 'ਚ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ 'ਚ ਨਾਂ ਦਰਜ ਹੈ ਤੇ 'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਐਪੀਸੋਡ 'ਚ ਅਸੀਂ ਤੁਹਾਡੇ ਨਾਲ ਉਨ੍ਹਾਂ ਮਹਾਨ ਤੇ ਰੌਚਕ ਘਟਨਾਵਾਂ ਨੂੰ ਸਾਂਝਾ ਕਰਾਂਗੇ। ਤੁਹਾਨੂੰ ਦਸਾਂਗੇ ਕਿ ਕਿਵੇਂ 150 ਸਾਲ ਪਹਿਲਾਂ ਅੱਜ ਦੇ ਹੀ ਦਿਨ 2 ਕਾਰਨੀਸ਼ ਮਾਈਨਰਸ ਨੇ ਆਸਟ੍ਰੇਲੀਆ 'ਚ ਇਤਿਹਾਸ ਰਚਿਆ ਸੀ। ਅੱਜ ਦਾ ਐਪੀਸੋਡ ਉਨ੍ਹਾਂ ਲੋਕਾਂ ਲਈ ਵੀ ਵੀ ਬੇਹੱਦ ਖਾਸ ਰਹਿਣ ਵਾਲਾ ਹੈ ਜੋ ਪੁਲਾੜ 'ਚ ਰੂਚੀ ਰੱਖਦੇ ਹਨ ਕਿਉਂਕਿ ਅੱਜ ਦੇ ਦਿਨ ਹੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਪੇਸ 'ਚ ਸਭ ਤੋਂ ਵੱਧ ਸਮਾਂ ਰਹਿਣ ਵਾਲੀ ਮਹਿਲਾ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 150 ਸਾਲ ਪਹਿਲਾਂ ਆਸਟ੍ਰੇਲੀਆ ਦੀ ਧਰਤੀ 'ਤੇ ਰਚੇ ਗਏ ਇਤਿਹਾਸ ਦੀ 5 ਫਰਵਰੀ 1869 ਨੂੰ ਆਸਟ੍ਰੇਲੀਆ ਦੀ ਧਰਤੀ 'ਤੇ ਵਿਕਟੋਰੀਆ 'ਚ ਦੋ ਕਾਰਨੀਸ਼ ਮਾਈਨਰਸ ਨੇ ਮਿਲ ਕੇ ਖੁਦਾਈ ਦੌਰਾਨ ਗੋਲਡ ਨਗੇੱਟ ਭਾਵ ਸੋਨੇ ਦਾ ਵਿਸ਼ਾਲ ਟੁਕੜਾ ਲੱਭਿਆ। ਇਸ ਗੋਲਡ ਨਗੇੱਟ ਦਾ ਭਾਰ 72 ਕਿਲੋ ਸੀ ਤੇ ਇਹ 24 ਇੰਚ ਚੌੜਾ ਸੀ। ਸੋਨੇ ਦੇ ਇਸ ਵਿਸ਼ਾਲ ਟੁਕੜੇ ਨੂੰ ਵੇਲਕਮ ਸਟ੍ਰੇਂਜਰ ਦਾ ਨਾਂ ਦਿੱਤਾ ਗਿਆ ਸੀ, ਜਿਵੇਂ ਹੀ ਇਹ ਟੁਕੜਾ ਮਿਲਿਆ, ਇਸ ਨੂੰ ਤੁਰੰਤ ਪਿਘਲਾ ਕੇ ਬੈਂਕ ਆਫ ਇੰਗਲੈਂਡ ਭੇਜਿਆ ਗਿਆ। ਉਸ ਸਮੇਂ 'ਚ ਜਿਥੇ ਇਸ ਗੋਲਡ ਨਗੇੱਟ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ। ਉੱਥੇ ਹੀ ਇਸਦੇ ਮਿਲਣ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ।
ਦਰਅਸਲ ਸਾਲ 1850 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਚੰਗੇ ਭੱਵਿਖ ਦੀ ਤਲਾਸ਼ 'ਚ ਆਸਟ੍ਰੇਲੀਆ ਪਹੁੰਚੇ, ਜਿਨ੍ਹਾਂ 'ਚੋਂ ਵਧੇਰੇ ਲੋਕਾਂ ਦਾ ਟੀਚਾ ਵਿਕਟੋਰੀਅਨ ਸੋਨੇ ਦੀ ਤਲਾਸ਼ ਕਰਨਾ ਸੀ ਪਰ ਇੰਨਾ 'ਚੋਂ 2 ਕਾਰਨੀਸ਼ ਮਾਈਨਰਸ ਦੀ ਕਿਸਮਤ 5 ਫਰਵਰੀ 1869 ਦੇ ਦਿਨ ਚਮਕੀ। ਇਹ 2 ਕਾਰਨੀਸ਼ ਮਾਈਨਰਸ ਸਨ ਜੋਹਨ ਡੇਸਨ ਤੇ ਰਿਚਰਡ ਓਟਸ। ਜੋਹਨ ਡੇਸਨ ਦਾ ਜਨਮ ਟਰੇਸਕੋ ਦੇ ਸਿਕਲੀ ਟਾਪੂ 'ਤੇ ਹੋਇਆ ਸੀ। ਜੋਹਨ ਦਾ ਪਿਤਾ ਇਕ ਮਛੇਰਾ ਸੀ, ਜਿਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਪੈਨਡਿਨ 'ਚ ਜਾ ਵਸਿਆ। ਇਹ ਉਹ ਥਾਂ ਸੀ ਜਿਥੇ ਡੇਸਨ ਦੀ ਮੁਲਾਕਾਤ ਰਿਚਰਡ ਓਟਸ ਨਾਲ ਹੋਈ। 1851 'ਚ ਹੋਈ ਮਰਦਮਸ਼ੁਮਾਰੀ 'ਚ ਦੋਵਾਂ ਦਾ ਨਾਂ ਕਰੋਨਵਾਲ ਦੀਆਂ ਟੀਨ ਦੀਆਂ ਖਾਨਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਤੌਰ 'ਤੇ ਦਰਜ ਕੀਤਾ ਗਿਆ। ਡੇਸਨ 1853 'ਚ ਆਸਟ੍ਰੇਲੀਆ ਚਲੇ ਗਏ ਤੇ ਉਨ੍ਹਾਂ ਤੋਂ 1 ਸਾਲ ਬਾਅਦ ਚੰਗੇ ਭੱਵਿਖ ਖਾਤਰ ਰਿਚਰਡ ਵੀ ਆਸਟ੍ਰੇਲੀਆ ਪਹੁੰਚੇ, ਜਿਥੇ ਦੋਵਾਂ ਨੇ ਮਿਲ ਕੇ ਖੁਦਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। 1862 'ਚ ਉਹ ਮਾਲਿਆਗੁਲ ਪਹੁੰਚੇ ਤੇ ਇਥੇ ਸੱਤ ਸਾਲ ਤੱਕ ਖੁਦਾਈ ਦਾ ਕੰਮ ਕੀਤਾ ਤੇ ਸੱਤ ਸਾਲ ਦੀ ਭਾਰੀ ਮੁਸ਼ਕੱਤ ਤੋਂ ਬਾਅਦ ਆਖਿਰ ਡੇਸਨ ਤੇ ਰਿਚਰਡ ਨੂੰ ਖੁਦਾਈ ਦੌਰਾਨ ਇਕ 72 ਕਿਲੋ ਦਾ ਵਿਸ਼ਾਲ ਸੋਨੇ ਦਾ ਟੁੱਕੜਾ ਮਿਲਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਦੋਵਾਂ ਕਾਰਨੀਸ਼ ਮਾਈਨਰਸ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕਰ ਦਿੱਤਾ। ਡੇਸਨ ਨੇ ਲਿਖਿਆ, ਸੋਨੇ ਦਾ ਇਕ ਵਿਸ਼ਾਲ ਟੁਕੜਾ ਸਤਿਹ ਦੇ ਬਿਲਕੁਲ ਹੇਠ ਦਫਨ ਸੀ, ਜਿਸ ਨੂੰ ਮੈਂ ਕ੍ਰੋਬਾਰ ਦੀ ਮਦਦ ਨਾਲ ਬਾਹਰ ਕੱਢਿਆ, ਜਿਸ ਤੋਂ ਬਾਅਦ ਇਸ ਨੂੰ 12 ਮੀਲ ਦੂਰ ਡਨੌਲੀ ਸ਼ਹਿਰ ਲਿਜਾਇਆ ਗਿਆ, ਜਿੱਥੇ ਲੰਡਨ ਚਾਰਟਡ ਬੈਂਕ 'ਚ ਇਸ ਦਾ ਵਜ਼ਨ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਇਸ ਵਿਸ਼ਾਲ ਗੋਲਡ ਨਗੇਟ ਨੂੰ ਤੁਰੰਤ ਪਿਘਲਾ ਕੇ ਬੈਂਕ ਆਫ ਇੰਗਲੈਂਡ ਭੇਜਿਆ ਗਿਆ, ਜਿਸ ਕਾਰਨ ਨਾ ਤਾਂ ਇਸ ਦਾ ਕੋਈ ਮਾਡਲ ਤਿਆਰ ਕੀਤਾ ਜਾ ਸਕਿਆ ਤੇ ਨਾ ਹੀ ਇਸ ਦੀ ਕੋਈ ਤਸਵੀਰ ਲਈ ਜਾ ਸਕੀ। ਇਸ ਲਈ ਜਿਨ੍ਹਾਂ ਲੋਕਾਂ ਨੇ ਇਸ ਵਿਸ਼ਾਲ ਗੋਲਡ ਨਗੇਟ ਨੂੰ ਦੇਖਿਆ ਸੀ ਉਨ੍ਹਾਂ ਦੇ ਦੱਸੇ ਮੁਤਾਬਕ ਇਕ ਡਰਾਇੰਗ ਤਿਆਰ ਕੀਤੀ ਗਈ, ਜਿਸ ਨੂੰ ਡੂਨੋਲੀ ਮਿਊਜ਼ੀਅਮ 'ਚ ਰੱਖਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਦੁਨੀਆ 'ਚ ਸੋਨੇ ਦੇ ਤਿੰਨ ਸਭ ਤੋਂ ਵੱਡੇ ਉਤਪਾਦਕ ਦੇਸ਼ ਚੀਨ, ਅਮਰੀਕਾ ਤੇ ਆਸਟ੍ਰੇਲੀਆ ਹਨ ਤੇ ਇੰਨਾਂ ਤਿੰਨਾਂ ਦੇਸ਼ਾਂ 'ਚ ਹੀ ਸੋਨੇ ਦੇਕੁਲ ਉਤਪਾਦਕ ਦਾ ਇਕ ਤਿਹਾਈ ਉਤਪਾਦਨ ਹੁੰਦਾ ਹੈ।
ਸੁਨੀਤਾ ਵਿਲੀਅਮਜ਼
ਸੁਨੀਤਾ ਵਿਲੀਅਮਜ਼ ਦਾ ਜਨਮ 'ਚ 19 ਸਤੰਬਰ 1965 ਨੂੰ ਯੂਕਲੀਡ, ਓਹੀਓ ਵਿੱਚ ਹੋਇਆ , ਸੁਨੀਤਾ ਵਿਲੀਅਮਜ਼ ਦੇ ਪਿਤਾ ਡਾ. ਦੀਪਕ ਪਾਂਡਿਆ ਮੂਲ 'ਚ ਭਾਰਤੀ ਸਨ ਜਦੋਂ ਕਿ ਉਨ੍ਹਾਂ ਦੀ ਮਾਤਾ ਸਲੋਵੇਨੀ ਵਿਦੇਸ਼ੀ ਸਨ। ਵਿਲੀਅਮਜ਼ ਦਾ ਜੱਦੀ ਪਰਿਵਾਰ ਭਾਰਤ ਦੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਅਮਰੀਕਾ ਦੀ ਨੇਵੀ ਸੈਨਾ ਅਧਿਕਾਰੀ ਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ 5 ਫਰਵਰੀ 2007 ਵਿਚ ਸਪੇਸ ਵਿਚ ਸਬ ਤੋਂ ਵੱਧ ਸਮਾਂ ਬਿਤਾਉਣ ਵਾਲੀ ਮਹਿਲਾ ਵਜੋਂ ਰਿਕਾਰਡ ਕਾਇਮ ਕੀਤਾ।ਸੁਨੀਤਾ ਤੋਂ ਪਹਿਲਾ ਪੁਲਾੜ ਯਾਤਰੀ ਸ਼ੈਨਨ ਲੁਸਿਡ ਨੇ 1996 'ਚ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ (188 ਦਿਨ ਤੇ ਚਾਰ ਘੰਟੇ) ਰਹਿਣ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ ਪਰ ਸੁਨੀਤਾ ਵਿਲੀਅਮਜ਼ ਨੇ ਸ਼ੈਨਨ ਦੇ ਇਸ ਰਿਕਾਰਡ ਨੂੰ ਮਾਤ ਪਾਉਂਦਿਆਂ ਛੇ ਮਹੀਨਿਆਂ ਤੋਂ ਵੱਧ ਸਮਾਂ (195 ਦਿਨ) ਪੁਲਾੜ ਸਟੇਸ਼ਨ 'ਚ ਰਹਿ ਕੇ ਕਿਸੇ ਮਹਿਲਾ ਵੱਲੋਂ ਪੁਲਾੜ 'ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ। ਪੁਲਾੜ ਦੀ ਆਪਣੀ ਇਸ ਫੇਰੀ ਦੌਰਾਨ ਵਿਲੀਅਮਜ਼ ਨੇ ਨਾਸਾ ਵੱਲੋਂ ਦਿੱਤੇ ਮਿਸ਼ਨ ਨੂੰ ਪੂਰਾ ਕਰਦਿਆ ਕਈ ਸਫ਼ਲ ਤਜਰਬੇ ਕੀਤੇ।ਇਨਾ ਹੀ ਨਹੀਂ ਇਕ ਸਮੇ ਪੁਲਾੜ 'ਚ ਸਭ ਤੋਂ ਜ਼ਿਆਦਾ ਵਾਰ ਸਪੇਸ ਵਾਕ ਕਰਨ ਦਾ ਰਿਕਾਰਡ ਵੀ ਸੁਨੀਤਾ ਦੇ ਨਾਂ ਸੀ। ਦੱਸ ਦੇਈਏ ਕਿ ਸੁਨੀਤਾ ਵਿਲੀਅਮਜ਼ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਜ਼ਰੀਏ ਪੁਲਾੜ 'ਚ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਹੈ।
ਕਰੀਅਰ
ਸੁਨੀਤਾ ਵਿਲੀਅਮਜ਼ 1987 'ਚ ਅਮਰੀਕੀ ਨੇਵੀ ਸੈਨਾ 'ਚ ਭਰਤੀ ਹੋਈ ਤੇ ਇਸ ਦੌਰਾਨ ਸਨ 1998 'ਚ ਸੁਨੀਤਾ ਦੀ ਨਾਸਾ ਲਈ ਚੋਣ ਕੀਤੀ ਗਈ। ਸੁਨੀਤਾ ਵਿਲੀਅਮਜ਼ ਦੀ ਐਸਟ੍ਰਾਨੋਟ ਕੈਂਡੀਡੇਟ ਵਜੋਂ ਸਿਖਲਾਈ ਜਾਨਸਨ ਸਪੇਸ ਸੈਂਟਰ 'ਚ ਅਗਸਤ 1998 'ਚ ਸ਼ੁਰੂ ਹੋਈ। 9 ਦਸੰਬਰ 2006 'ਚ ਸੁਨੀਤਾ ਨੂੰ ਪੁਲਾੜ ਯਾਨ ਡਿਸਕਵਰੀ ਤੋਂ ਅੰਤਰਰਾਸ਼ਟਰੀ ਪੁਲਾੜ ਕੇਂਦਰ ਭੇਜਿਆ ਗਿਆ, ਜਿਥੇ ਉਨ੍ਹਾਂ ਨੇ ਐਕਸਪੀਡੀਸ਼ਨ 14 ਦਲ 'ਚ ਸ਼ਾਮਲ ਹੋਣਾ ਸੀ। ਅਪ੍ਰੈਲ 2007 'ਚ ਰੂਸ ਦੇ ਪੁਲਾੜ ਯਾਤਰੀ ਬਦਲੇ ਗਏ ਤੇ ਇਸ ਨੂੰ ਐਕਸਪੀਡਿਸ਼ਨ 15 ਬਣਾ ਦਿੱਤਾ ਗਿਆ। ਐਕਸਪੀਡੀਸ਼ਨ 14-15 ਦੌਰਾਨ ਉਨ੍ਹਾਂ ਨੇ 3 ਸਪੇਸ ਵਾਕ ਕੀਤੇ। 6 ਅਪ੍ਰੈਲ 2007 ਨੂੰ ਉਨ੍ਹਾਂ ਨੇ ਪੁਲਾੜ 'ਚ ਹੀ ਬੋਸਟਨ ਮੈਰਾਥਨ 'ਚ ਹਿੱਸਾ ਲਿਆ, ਜਿਸ ਨੂੰ ਉਨ੍ਹਾਂ ਨੇ 4 ਘੰਟੇ 24 ਮਿੰਟ 'ਚ ਪੂਰਾ ਕੀਤਾ ਤੇ ਪੁਲਾੜ 'ਚ ਮੈਰਾਥਨ 'ਚ ਦੌੜਨ ਵਾਲੀ ਇਹ ਪਹਿਲੀ ਮਹਿਲਾ ਬਣ ਗਈ ਅਤੇ 22 ਜੂਨ 2007 ਨੂੰ ਉਹ ਧਰਤੀ 'ਤੇ ਵਾਪਸ ਪਰਤੀ।
ਸੰਨ 2012 'ਚ ਸੁਨੀਤਾ ਐਕਸਪੀਡਿਸ਼ਨ 32 ਤੇ 33 ਨਾਲ ਜੁੜੀ। ਉਨ੍ਹਾਂ ਨੇ 15 ਜੁਲਾਈ 2012 ਨੂੰ ਬੈਕੋਨੂਰ ਕੋਸਮੋਡ੍ਰੋਮ ਤੋਂ ਪੁਲਾੜ 'ਚ ਭੇਜਿਆ ਗਿਆ। ਉਨ੍ਹਾਂ ਦਾ ਪੁਲਾੜ ਯਾਨ ਸੋਯੂਜ਼ ਅੰਤਰਰਾਸ਼ਟਰੀ ਪੁਲਾੜ ਕੇਂਦਰ ਨਾਲ ਜੁੜ ਗਿਆ। ਉਹ 17 ਸਤੰਬਰ 2012 'ਚ ਐਕਸਪੀਡਿਸ਼ਨ 33 ਦੀ ਕਮਾਂਡਰ ਬਣਾਈ ਗਈ। ਅਜਿਹਾ ਕਰਨ ਵਾਲੀ ਉਹ ਦੂਜੀ ਮਹਿਲਾ ਹੈ। 19 ਨਵੰਬਰ 2012 ਨੂੰ ਸੁਨੀਤਾ ਵਿਲੀਅਮਜ਼ ਮੁੜ ਧਰਤੀ 'ਤੇ ਪਰਤੀ।
ਸੁਨੀਤਾ ਵਿਲੀਅਮਜ਼ ਨੂੰ ਉਨ੍ਹਾਂ ਦੀਆਂ ਬੇਮਿਸਾਲ ਉਪਲਬੱਧੀਆਂ ਕਾਰਨ ਕਈ ਵਾਰ ਸਨਮਾਨਿਤ ਕੀਤਾ ਗਿਆ
ਨੇਵੀ ਕਮੇਂਨਡੇਸ਼ਨ ਮੈਡਲ
ਨੇਵੀ ਤੇ ਮੈਰੀਨ ਕੋਰਪ ਅਚੀਵਮੇਂਟ ਮੈਡਲ
ਮਾਨਵਤਾਵਾਦੀ ਸੇਵਾ ਮੈਡਲ
ਮੈਡਲ ਫਾਰ ਮੇਰਿਟ ਇਨ ਸਪੇਸ ਐਕਸਪਲੋਰੇਸ਼ਨ
2018 'ਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ
2013 'ਚ ਗੁਜਰਾਤ ਯੂਨੀਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਦਿੱਤੀ
2013 'ਚ ਸਲੋਵੇਨਿਆ ਵਲੋਂ ਗੋਲਡਨ ਆਡਰ ਫਾਰ ਮੈਰਿਟਸ ਦਾ ਸਨਮਾਨ ਦਿੱਤਾ ਗਿਆ
5 ਫਰਵਰੀ ਦਾ ਦਿਨ ਭਾਰਤੀ ਇਤਿਹਾਸ 'ਚ ਵੀ ਕਾਫੀ ਮਹੱਤਵਪੂਰਣ ਦਿਨ ਰਿਹਾ ਹੈ। ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈਆਂ।
5 ਫਰਵਰੀ ਨੂੰ ਕਈ ਅਜਿਹੀਆਂ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ, ਜਿਨ੍ਹਾਂ ਨੇ ਦੁਨੀਆ 'ਚ ਆ ਕੇ ਵੱਡਾ ਨਾਮ ਕਮਾਇਆ
1916- ਪ੍ਰਸਿੱਧ ਕਵੀ ਜਾਨਕੀ ਵੱਲਭ ਸ਼ਾਸਤਰੀ ਦਾ 1916 'ਚ ਜਨਮ ਹੋਇਆ
1990- ਭਾਰਤ ਦੇ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ ਦਾ 5 ਫਰਵਰੀ 1990 'ਚ ਜਨਮ ਹੋਇਆ
1976- ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਦਾ ਜਨਮ ਹੋਇਆ
5 ਫਰਵਰੀ ਦੇ ਦਿਨ ਭਾਰਤੀ ਫਿਲਮ ਅਭਿਨੇਤਾ ਸੁਜੀਤ ਕੁਮਾਰ ਸਮੇਤ ਕਈ ਦਿੱਗਜ ਵਿਅਕਤੀ ਦੁਨੀਆ ਨੂੰ ਅਲਵਿਦਾ ਆਖ ਗਏ
1927 'ਚ ਭਾਰਤੀ ਸੂਫੀ ਸੰਤ ਇਨਾਇਤ ਖਾਨ ਦਾ ਦਿਹਾਂਤ
2010 'ਚ ਭੋਜਪੁਰੀ ਤੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਸੁਜੀਤ ਕੁਮਾਰ ਦਾ ਦਿਹਾਂਤ
2017 'ਚ ਮੱਧ ਪ੍ਰਦੇਸ਼ ਕੇਸਰੀ ਦੇ ਸਨਮਾਨ ਨਾਲ ਨਵਾਜ਼ੇ ਗਏ ਭਾਜਪਾ ਦੇ ਉਘੇ ਆਗੂ ਹੁਕਮਚੰਦ ਯਾਦਵ ਦਾ ਦਿਹਾਂਤ