ਪੰਜਾਬ ਦੀ ਧੀ ਜਸ਼ਨਦੀਪ ਕੌਰ ਗਿੱਲ ਨੇ ਇਟਲੀ ‘ਚ ਘੋੜ ਸਵਾਰੀ ਮੁਕਾਬਲੇ ''ਚ ਗੱਡੇ ਜਿੱਤ ਦੇ ਝੰਡੇ

Friday, Nov 27, 2020 - 09:45 AM (IST)

ਪੰਜਾਬ ਦੀ ਧੀ ਜਸ਼ਨਦੀਪ ਕੌਰ ਗਿੱਲ ਨੇ ਇਟਲੀ ‘ਚ ਘੋੜ ਸਵਾਰੀ ਮੁਕਾਬਲੇ ''ਚ ਗੱਡੇ ਜਿੱਤ ਦੇ ਝੰਡੇ

ਰੋਮ/ਇਟਲੀ (ਦਲਵੀਰ ਕੈਂਥ): ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਣ, ਇਹ ਆਪਣੀਆਂ ਸਖ਼ਤ ਮਿਹਨਤਾ, ਲਗਨ ਅਤੇ ਦ੍ਰਿੜ੍ਹਤਾ ਨਾਲ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬੀ ਹਾਸਲ ਕਰ ਲੈਂਦੇ ਹਨ। ਭਾਵੇਂ ਪੰਜਾਬੀ ਵਿਦੇਸ਼ਾਂ ਦੀ ਧਰਤੀ ਉੱਤੇ ਆ ਕੇ ਰਹਿਣ ਲੱਗ ਜਾਣ ਪਰ ਫਿਰ ਹੱਡ ਤੋੜਦੀਆਂ ਮਿਹਨਤਾਂ ਕਰਕੇ ਕਾਮਯਾਬੀ ਦੇ ਝੰਡੇ ਬੁਲੰਦ ਕਰਦੇ ਆ ਰਹੇ ਹਨ।ਹੁਣ ਅਜੋਕੇ ਸਮੇਂ ਦੌਰਾਨ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਬੱਚੇ ਵੀ ਵੱਖ-ਵੱਖ ਦੇਸ਼ਾਂ ਵਿੱਚ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਅੱਗੇ ਵੱਧ ਰਹੇ ਹਨ, ਜਿਸ ਦੀ ਮਿਸਾਲ ਇਸ ਸਾਲ ਇਟਲੀ ਵਿੱਚ ਵਸਦੇ ਪੰਜਾਬੀਆਂ ਦੇ ਹੋਣਹਾਰ ਬੱਚਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਵਿੱਦਿਅਕ, ਖੇਡਾਂ ਆਦਿ ਵਿੱਚ ਮੱਲਾਂ ਮਾਰ ਕੇ ਕਾਮਯਾਬੀ ਹਾਸਲ ਕਰਕੇ ਪੈਦਾ ਕੀਤੀ ਹੈ।

ਅਜਿਹਾ ਹੀ ਕਾਰਜ ਪੰਜਾਬਣ ਜਸ਼ਨਦੀਪ ਕੌਰ ਗਿੱਲ (ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਮੋਟ ਕਲਾਂ ਨਾਲ ਸੰਬੰਧਿਤ ਹੈ ) ਨੇ ਕਰ ਦਿਖਾਇਆ ਹੈ। ਜਸ਼ਨਦੀਪ ਕੌਰ ਗਿੱਲ ਨੇ 15 ਨਵੰਬਰ, 2020 ਨੂੰ ਇਟਲੀ ਦੇ ਸ਼ਹਿਰ ਆਰੇਸੋ ਵਿਖੇ ਹੋਏ ਘੋੜ ਸਵਾਰੀ ਦੇ 60 ਕਿਲੋਮੀਟਰ ਦੇ ਮੁਕਾਬਲੇ ਵਿੱਚ ਬਾਜੀ ਮਾਰ ਕੇ ਇਟਲੀਅਨ ਬੱਚਿਆਂ ਨੂੰ ਪਛਾੜ ਕੇ ਅਵੱਲ ਦਰਜ਼ਾ ਹਾਸਲ ਕੀਤਾ।ਜਸ਼ਨਦੀਪ ਕੌਰ ਦੀ ਇਸ ਕਾਮਯਾਬੀ ਸੰਬੰਧੀ ਪਿਤਾ ਪਰਮਿੰਦਰ ਸਿੰਘ ਗਿੱਲ ਰਵੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਇਟਲੀ ਦੇ ਜ਼ਿਲ੍ਹਾ ਅਸਤੀ ਦੇ ਕਸਬਾ ਮਨਕਾਲਵੋ ਵਿਖੇ ਰਹਿ ਰਿਹਾ ਹੈ। ਉਸ ਦੀ ਧੀ ਰਾਣੀ 2013 ਵਿੱਚ ਪਰਿਵਾਰ ਸਮੇਤ ਇਟਲੀ ਆਈ ਸੀ, ਜਿਸ ਨੇ ਪੜ੍ਹਾਈ ਦੇ ਨਾਲ 2015 ਘੋੜ ਸਵਾਰੀ ਦੀ ਸਿਖਲਾਈ ਪੀਏਤਰੋ ਮੋਨਤਾ ਤੇ ਸਾਰਾ ਗੁਸੋਨੀ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ।

PunjabKesari

ਉਸ ਨੇ ਸਖ਼ਤ ਮਿਹਨਤ ਨਾਲ 2017, ਵਿੱਚ ਪਹਿਲੀ ਵਾਰ 30 ਕਿਲੋਮੀਟਰ ਦੇ ਮੁਕਾਬਲੇ ਵਿੱਚ ਪਹਿਲਾਂ ਸਥਾਨ ਕੀਤਾ ਸੀ, ਇਸ ਦੇ ਬਾਅਦ ਜਸ਼ਨਦੀਪ ਨੇ ਹੋਰ ਸਖ਼ਤ ਮਿਹਨਤ ਕਰਦਿਆਂ ਅੱਗੇ ਵਧਣ ਦੇ ਜਨੂੰਨ ਨਾਲ ਕਾਮਯਾਬੀ ਹਾਸਿਲ ਕਰਨ ਲਈ 2019-2020 ਵਿੱਚ 30, 60, 90 ਕਿਲੋਮੀਟਰ ਦੇ ਮੁਕਾਬਲਿਆਂ ਵਿੱਚ ਵੀ ਅਵੱਲ ਰਹਿ ਕੇ ਆਪਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਇਟਲੀ ਅਤੇ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਧੀ ਨੇ ਇਟਾਲੀਅਨ, ਇੰਗਲਿਸ਼, ਫਰੈਂਚ, ਸਪੈਨਿਸ਼,ਡੌਂਚ ਆਦਿ ਭਾਸ਼ਾਵਾਂ ਵਿੱਚ ਡਿਪਲੋਮਾ ਵੀ ਹਾਸਲ ਕੀਤਾ ਹੋਇਆ ਹੈ ਅਤੇ ਅੱਗੇ ਦੀ ਪੜ੍ਹਾਈ ਅੱਜ ਕੱਲ ਯੂਨੀਵਰਸਿਟੀ ਆਫ ਤੋਰੀਨੋ ਤੋਂ ਹਾਸਲ ਕਰ ਰਹੀ ਹੈ। ਇਨ੍ਹਾਂ ਬੇਸ਼ੁਮਾਰ ਪ੍ਰਾਪਤੀਆ ਤੋਂ ਬਾਵਜੂਦ ਵੀ ਉਹ ਆਪਣੀ ਮਾਂ ਬੋਲੀ ਨੂੰ ਬੇਹੱਦ ਪਿਆਰ ਕਰਦੀ ਹੈ।

ਜਸ਼ਨਦੀਪ ਭਵਿੱਖ ਵਿੱਚ ਆਪਣੇ ਘੋੜ ਸਵਾਰੀ ਦੇ ਸੌਂਕ ਨੂੰ ਹੋਰ ਸਿਖਰਾਂ ਤੇ ਲਿਜਾਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਜਸ਼ਨਦੀਪ ਕੌਰ ਗਿੱਲ 2005 ਵਿੱਚ ਦੁਬਈ ਵਿਖੇ ਹੋਏ ਘੋੜ ਸਵਾਰੀ ਮੁਕਾਬਲੇ ਵਿੱਚ ਜੇਤੂ ਰਹੀ ਹੈ ਤੇ ਇਸ ਸਮੇਂ ਗੋਲਡ ਮੈਡਲਿਸਟ ਇਟਾਲੀ ਦੇ ਘੋੜ ਸਵਾਰੀ ਗਰੁੱਪ ਮਦੈਲੀਆ ਦੀ ਔਰੌ ਦੇ ਕੌਚ ਪੀਏਤਰੋ ਮੋਨੇਤਾ ਤੋਂ ਕੋਚਿੰਗ ਹਾਸਲ ਕਰ ਰਹੀ ਹੈ, ਜਿਸ ਨੇ 160 ਕਿਲੋਮੀਟਰ ਦੀ ਘੋੜ ਸਵਾਰੀ ਮੁਕਾਬਲਾ ਜਿੱਤ ਕੇ ਚੈਂਪੀਅਨਸ਼ਿਪ ਹਾਸਿਲ ਕੀਤੀ ਸੀ।ਜਸ਼ਨਦੀਪ ਕੌਰ ਨੇ ਆਪਣੀ ਕਾਬਲੀਅਤ ਨਾਲ ਇੱਕ ਵਾਰ ਫਿਰ ਇਹ ਸਾਬਿਤ ਕਰ ਕਿ ਅਜੋਕੇ ਯੁੱਗ ਵਿੱਚ ਕੁੜੀਆਂ ਸੱਚ ਹੀ ਕਿਸੇ ਤੋਂ ਘੱਟ ਨਹੀ ਹਨ।


author

Vandana

Content Editor

Related News