ਸੜਕ ਹਾਦਸਾ ਨਹੀਂ ਲੁਟੇਰਿਆਂ ਨੇ ਹੀ ਵੱਢਿਆ ਸੀ ਮੋਬਾਈਲ ਲੁੱਟਣ ਲਈ ਸੰਨੀ ਦਾ ਹੱਥ

Sunday, Sep 01, 2024 - 05:40 AM (IST)

ਸੜਕ ਹਾਦਸਾ ਨਹੀਂ ਲੁਟੇਰਿਆਂ ਨੇ ਹੀ ਵੱਢਿਆ ਸੀ ਮੋਬਾਈਲ ਲੁੱਟਣ ਲਈ ਸੰਨੀ ਦਾ ਹੱਥ

ਜਲੰਧਰ (ਵਰੁਣ) : ਮਕਸੂਦਾਂ ਚੌਕ 'ਚ ਹੱਥ ਵੱਢੀ ਹਾਲਤ ਵਿਚ ਮਿਲੇ ਨੈੱਟਪਲੱਸ ਮੁਲਾਜ਼ਮ ਸੰਨੀ ਦੇ ਮਾਮਲੇ ਵਿਚ ਆਖਰਕਾਰ ਸਾਫ਼ ਹੋ ਗਿਆ ਹੈ ਕਿ ਉਹ ਕਿਸੇ ਸੜਕ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ ਸੀ। ਦਰਅਸਲ ਸੰਨੀ ’ਤੇ ਐਕਟਿਵਾ ਸਵਾਰ 3 ਲੁਟੇਰਿਆਂ ਨੇ ਲੁੱਟ ਦੇ ਇਰਾਦੇ ਨਾਲ ਹਮਲਾ ਕੀਤਾ ਸੀ, ਜਿਸ ਵਿਚ ਉਸ ਦਾ ਹੱਥ ਵੱਢਿਆ ਗਿਆ ਸੀ। ਇਸ ਸਾਰੇ ਘਟਨਾਕ੍ਰਮ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ ਜਿਸ ਤੋਂ ਦਰਦਨਾਕ ਵਾਰਦਾਤ ਦਾ ਰਹੱਸ ਖੁੱਲ੍ਹ ਗਿਆ ਹੈ।

PunjabKesari

ਹਾਲਾਂਕਿ, ਇਸ ਮਾਮਲੇ ਨੂੰ ਪੁਲਸ ਅਧਿਕਾਰੀ ਸੜਕ ਹਾਦਸੇ ਵੱਲ ਮੋੜ ਰਹੇ ਸਨ ਪਰ ਅਜਿਹਾ ਨਹੀਂ ਨਿਕਲਿਆ। ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ ’ਤੇ ਪਤਾ ਲੱਗਾ ਕਿ ਬੁੱਧਵਾਰ ਦੇਰ ਰਾਤ 11.47 ਵਜੇ ਜਦੋਂ ਸੰਨੀ ਮਕਸੂਦਾਂ ਚੌਕ ਵੱਲ ਮੁੜਿਆ ਤਾਂ ਉਸਦੇ ਪਿੱਛੇ ਇਕ ਚਿੱਟੇ ਰੰਗ ਦੀ ਐਕਟਿਵਾ ਲੱਗੀ ਹੋਈ ਸੀ, ਜਿਸ ’ਤੇ 3 ਨੌਜਵਾਨ ਸਵਾਰ ਸਨ। ਜਿਥੇ ਸੰਨੀ ਨੂੰ ਰੋਕਿਆ ਗਿਆ, ਉਥੇ ਸੀ. ਸੀ. ਟੀ. ਵੀ. ਕੈਮਰੇ ਦੀ ਰੇਂਜ ਨਹੀਂ ਜਾਂਦੀ ਪਰ ਜਿਉਂ ਹੀ ਸੰਨੀ ਦਾ ਬਾਈਕ ਰੋਕਿਆ ਤਾਂ ਐਕਟਿਵਾ ਚਾਲਕ ਲੁਟੇਰਾ ਆਪਣੀ ਐਕਟਿਵਾ ਮੋੜ ਕੇ ਕੈਮਰੇ ਦੀ ਰੇਂਜ ਵਿਚ ਆ ਗਿਆ। ਕੁਝ ਹੀ ਸੈਕਿੰਡ ਵਿਚ ਉਸਦੇ 2 ਸਾਥੀ ਵੀ ਆ ਗਏ, ਜਿਨ੍ਹਾਂ ਵਿਚੋਂ ਸਭ ਤੋਂ ਪਿੱਛੇ ਵਾਲੇ ਲੁਟੇਰੇ ਦੇ ਹੱਥ ਵਿਚ ਵੱਡਾ ਦਾਤਰ ਫੜਿਆ ਹੋਇਆ ਸੀ। ਉਹ ਸੰਨੀ ਦਾ ਮੋਬਾਈਲ ਅਤੇ ਕੈਸ਼ ਲੈ ਕੇ ਕਾਫੀ ਸਪੀਡ ਨਾਲ ਉਸੇ ਰਸਤੇ ਤੋਂ ਗਏ, ਜਿਸ ਰਸਤੇ ਤੋਂ ਉਹ ਸੰਨੀ ਦਾ ਪਿੱਛਾ ਕਰਦੇ ਹੋਏ ਆਏ ਸਨ।

ਇਹ ਵੀ ਪੜ੍ਹੋ : ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ

ਉਸ ਤੋਂ ਤੁਰੰਤ ਬਾਅਦ ਹੀ ਲੜਖੜਾਉਂਦਿਆਂ ਹੋਇਆਂ ਸੰਨੀ ਵੀ ਕੈਮਰੇ ਦੀ ਰੇਂਜ ਵਿਚ ਆ ਗਿਆ ਅਤੇ ਅੱਗੇ ਜਾ ਕੇ ਡਿੱਗ ਗਿਆ। ਸੰਨੀ ਕੁਝ ਸੈਕਿੰਡ ਤਕ ਜ਼ਮੀਨ ’ਤੇ ਹੀ ਤੜਫਦਾ ਰਿਹਾ ਅਤੇ ਬਾਅਦ ਵਿਚ ਉਹ ਉੱਠ ਕੇ ਬੈਠਾ ਅਤੇ ਦੁਬਾਰਾ ਆਪਣੀ ਬਾਈਕ ਨੇੜੇ ਜਾ ਕੇ ਉਸ ’ਤੇ ਡਿੱਗ ਕੇ ਬੇਹੋਸ਼ ਹੋ ਗਿਆ। ਕਾਫੀ ਸਮੇਂ ਤਕ ਸੰਨੀ ਉਥੇ ਬੇਹੋਸ਼ ਪਿਆ ਰਿਹਾ ਅਤੇ ਉਦੋਂ ਤਕ ਉਸ ਦਾ ਕਾਫੀ ਜ਼ਿਆਦਾ ਖੂਨ ਵੱਗ ਚੁੱਕਾ ਸੀ।

PunjabKesari

ਕਿਸੇ ਰਾਹਗੀਰ ਨੇ ਉਸ ਨੂੰ ਇਸ ਹਾਲਤ ਵਿਚ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸੰਨੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੰਨੀ ਦੀ ਪਤਨੀ ਆਰਤੀ ਵੀ ਇਸ ਨੂੰ ਲੁੱਟ ਹੀ ਮੰਨ ਰਹੀ ਸੀ ਪਰ ਪੁਲਸ ਅਧਿਕਾਰੀਆਂ ਦਾ ਦਾਅਵਾ ਸੀ ਕਿ ਸੰਨੀ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ ਹੈ। ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤਕ ਸੰਨੀ ਅਨਫਿੱਟ ਹੈ, ਜਿਸ ਕਾਰਨ ਉਸਦੇ ਬਿਆਨ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੰਨੀ ਵੈਂਟੀਲੇਟਰ ਤੋਂ ਉਤਰਿਆ, ਸਿਹਤ ’ਚ ਹੋ ਰਿਹਾ ਹੈ ਸੁਧਾਰ
ਸੰਨੀ ਨੂੰ ਜੌਹਲ ਹਸਪਤਾਲ ਵਿਚ ਬਚਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਤੋਂ ਬਾਅਦ ਸ਼ਨੀਵਾਰ ਨੂੰ ਪਰਿਵਾਰ ਵਾਲਿਆਂ ਵਾਸਤੇ ਰਾਹਤ ਭਰੀ ਖਬਰ ਆਈ। ਸੰਨੀ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਅਤੇ ਉਸ ਦੀ ਹਾਲਤ ਵਿਚ ਵੀ ਪਹਿਲਾਂ ਤੋਂ ਸੁਧਾਰ ਹੈ। ਸੰਨੀ ਅਜੇ ਬੋਲ ਨਹੀਂ ਸਕਦਾ ਪਰ ਇਸ਼ਾਰੇ ਕਰ ਕੇ ਹਾਂ-ਨਾਂਹ ਵਿਚ ਜਵਾਬ ਜ਼ਰੂਰ ਦੇ ਰਿਹਾ ਹੈ, ਹਾਲਾਂਕਿ ਸ਼ੁੱਕਰਵਾਰ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਸੰਨੀ ਦੀ ਪਤਨੀ ਆਰਤੀ ਨੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮੰਗ ਕੀਤੀ ਕਿ ਉਹ ਲੁਟੇਰਿਆਂ ’ਤੇ ਕਿਸੇ ਤਰ੍ਹਾਂ ਦਾ ਤਰਸ ਨਾ ਖਾ ਕੇ ਉਨ੍ਹਾਂ ਨੂੰ ਸਜ਼ਾ ਦੇਣ। ਉਨ੍ਹਾਂ ਲੁਟੇਰਿਆਂ ਕਾਰਨ ਉਸਦੇ ਪਤੀ ਨੇ ਇੰਨੀ ਤਕਲੀਫ ਝੱਲੀ ਅਤੇ ਆਪਣਾ ਹੱਥ ਗੁਆਉਣਾ ਪਿਆ।

ਕੰਪਨੀ ਚੁੱਕੇਗੀ ਸੰਨੀ ਦੇ ਇਲਾਜ ਦਾ ਸਾਰਾ ਖ਼ਰਚਾ
ਸੰਨੀ ਦੇ ਇਲਾਜ ਦਾ ਖ਼ਰਚਾ ਉਸ ਦੀ ਕੰਪਨੀ ਨੈੱਟਪਲੱਸ ਚੁੱਕੇਗੀ। ਸੰਨੀ ਦੀ ਕੰਪਨੀ ਨੇ ਉਸ ਦੀ ਇੰਸ਼ੋਰੈਂਸ ਵੀ ਕੀਤੀ ਹੋਈ ਹੈ, ਹਾਲਾਂਕਿ ਸ਼ੁੱਕਰਵਾਰ ਨੂੰ ਸੰਨੀ ਦਾ ਪਤਾ ਲੈਣ ਜੌਹਲ ਹਸਪਤਾਲ ਪੁੱਜੇ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਉਸ ਦਾ ਰੈੱਡ ਕਰਾਸ ਵੱਲੋਂ ਇਲਾਜ ਕਰਵਾਉਣ ਦੀ ਗੱਲ ਕਹੀ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਸੰਨੀ ਦੀ ਕੰਪਨੀ ਵੱਲੋਂ ਕਰਵਾਈ ਇੰਸ਼ੋਰੈਂਸ ਜ਼ਰੀਏ ਉਸਦੇ ਇਲਾਜ ਦਾ ਖਰਚਾ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Sandeep Kumar

Content Editor

Related News