ਬੱਸ ਕਹਿਣ ਨੂੰ ਰਹਿ ਗਈ ਕਿ....''ਧਰਤੀ ਸਾਡੀ ਮਾਂ ਹੈ!''

04/23/2018 6:11:06 AM

ਕਪੂਰਥਲਾ, (ਗੁਰਵਿੰਦਰ ਕੌਰ)- ਸਮੁੱਚੀ ਲੋਕਾਈ ਲਈ ਧਰਤੀ ਇਕ ਸਮੁੱਚਾ ਘਰ ਹੈ ਇਸ ਲਈ ਸਾਡੇ ਗੁਰੂਆਂ ਵੱਲੋਂ ਧਰਤੀ ਨੂੰ ਮਾਂ ਦਾ ਦਰਜਾ ਦੇ ਕੇ ਨਿਵਾਜ਼ਿਆ ਗਿਆ ਹੈ ਪਰ ਇਸ ਧਰਤੀ ਦੇ ਬਾਸ਼ਿੰਦਿਆਂ ਦੀਆਂ ਮਨਮਾਨੀਆਂ ਕਾਰਨ ਅੱਜ ਧਰਤੀ ਮਾਂ ਦੀ ਹੋਂਦ ਖਤਰੇ 'ਚ ਪੈ ਚੁੱਕੀ ਹੈ। ਵਿਕਾਸ ਦੇ ਨਾਂ 'ਤੇ ਪ੍ਰਦੂਸ਼ਣ ਦਾ ਢਹਿੰਦਾ ਕਹਿਰ ਤੇ ਪਾਣੀ ਦੀ ਬੇਅਦਬੀ ਨੇ ਧਰਤੀ ਮਾਂ ਨੂੰ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ। ਮਨੁੱਖ ਦੀਆਂ ਵਧੀਆਂ ਲੋੜਾਂ ਦੀ ਪੂਰਤੀ ਲਈ ਖੋਜਕਾਰਾਂ ਨੇ ਭਾਵੇਂ ਮਨੁੱਖ ਨੂੰ ਸੁੱਖ ਸਹੂਲਤਾਂ ਨਾਲ ਨਿਵਾਜ਼ ਦਿੱਤਾ ਹੈ ਪਰ ਕੁਦਰਤ ਦੇ ਅਨਮੋਲ ਖਜ਼ਾਨੇ ਨੂੰ ਅਸੀਂ ਦਿਨ-ਬ-ਦਿਨ ਲੁਟਾਉਂਦੇ ਜਾ ਰਹੇ ਹਾਂ। 
ਅੱਜ ਵਿਸ਼ਵ ਧਰਤੀ ਦਿਵਸ ਹੈ, ਇਸ ਦਿਨ ਬੁੱਧੀਜੀਵੀ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਆਪੋ-ਆਪਣੀਆਂ ਤਕਰੀਰਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵੱਲੋਂ ਦੱਸਿਆ ਜਾਵੇਗਾ ਕਿ ਧਰਤੀ ਦਿਵਸ ਅਮਰੀਕਾ ਦੇ ਸੈਨੇਟਰ ਗੇਲਾਰਡ ਨੀਲਸਨ ਨੇ 1970 ਨੂੰ ਪਲੇਠਾ ਧਰਤੀ ਦਿਵਸ ਮਨਾ ਕੇ ਲੋਕਾਂ ਨੂੰ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਸੀ। ਕੁਝ ਵਾਤਾਵਰਣ ਪ੍ਰੇਮੀ 'ਚਿੜੀ ਦੀ ਚੁੰਝ ਦੇ ਪਾਣੀ' ਵਾਂਗ ਤੁਪਕਾ-ਤੁਪਕਾ ਕਰ ਕੇ ਇਸ ਕਹਿਰ ਦੀ ਅੱਗ ਨੂੰ ਬੁਝਾਉਣ 'ਚ ਆਪਣਾ ਯੋਗਦਾਨ ਪਾ ਰਹੇ ਹਨ। ਆਓ ਜਾਣੀਏ ਕੁਝ ਵਾਤਾਵਰਣ ਪ੍ਰੇਮੀਆਂ ਦੇ ਵਿਚਾਰ। 
ਬੀਮਾਰੀਆਂ ਦੇ ਖਾਤਮੇ ਲਈ ਰੁੱਖ ਜ਼ਰੂਰੀ : ਡਾ. ਰਣਵੀਰ ਕੌਸ਼ਲ
ਜਨ ਜਾਗਰਣ ਮੰਚ ਦੇ ਪ੍ਰਧਾਨ ਡਾ. ਰਣਵੀਰ ਕੌਸ਼ਲ ਦਾ ਕਹਿਣਾ ਹੈ ਕਿ ਹਰ ਰੋਜ਼ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ, ਫਸਲਾਂ 'ਚ ਸਪਰੇਆਂ ਦੀ ਵਰਤੋਂ ਤੇ ਚਾਰੇ ਪਾਸੇ ਫੈਲ ਰਿਹਾ ਪ੍ਰਦੂਸ਼ਣ ਧਰਤੀ ਲਈ ਖਤਰੇ ਦਾ ਇਸ਼ਾਰਾ ਹੈ। ਪੈਦਾ ਹੋਏ ਪ੍ਰਦੂਸ਼ਣ, ਉਦਯੋਗਿਕ ਰਹਿੰਦ-ਖੂੰਹਦ, ਵਧਦੀ ਆਬਾਦੀ ਤੇ ਘਟਦੇ ਜੰਗਲਾਂ ਨੇ ਵਾਤਾਵਰਣ ਨੂੰ ਇਸ ਹੱਦ ਤਕ ਵਿਗਾੜ ਦਿੱਤਾ ਹੈ ਕਿ ਮਨੁੱਖ ਲਈ ਹਰ ਰੋਜ਼ ਨਵੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਮਨੁੱਖ ਦਵਾਈਆਂ ਰਾਹੀਂ ਇਲਾਜ ਕਰਵਾਉਣ ਪਿਛੇ ਦੌੜ ਰਿਹਾ ਹੈ ਪਰ ਜੇਕਰ ਅਸੀਂ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਨਾ ਹੈ ਤਾਂ ਧਰਤੀ ਉਪਰ ਰੁੱਖਾਂ ਦੀ ਗਿਣਤੀ ਵਧਾਉਣ ਨੂੰ ਆਪਣਾ ਮੁੱਢਲਾ ਫਰਜ਼ ਮੰਨਣਾ ਪਵੇਗਾ ਤੇ ਪ੍ਰਦੂਸ਼ਣ ਨੂੰ ਖਤਮ ਕਰਨਾ ਹੋਵੇਗਾ।
ਬੂਟੇ ਲਾ ਕੇ ਉਨ੍ਹਾਂ ਨੂੰ ਪਾਲਣ 'ਤੇ ਜ਼ੋਰ ਦਿਓ : ਸੰਦੀਪ ਬਜਾਜ
ਭਾਰਤ ਜਾਗ੍ਰਿਤ ਮੰਚ ਦੇ ਪ੍ਰਧਾਨ ਸੰਦੀਪ ਬਜਾਜ ਦਾ ਕਹਿਣਾ ਹੈ ਕਿ ਧਰਤੀ ਉਪਰੋਂ ਰੁੱਖਾਂ ਦੀ ਕਟਾਈ ਨਾਲ ਧਰਤੀ ਦਾ ਜੰਗਲ ਮੁੱਕਣ ਕੰਢੇ ਆ ਚੁੱਕਾ ਹੈ, ਜਿਸ ਦੀਆਂ ਗੱਲਾਂ ਸਰਕਾਰਾਂ ਵੀ ਕਰਦੀਆਂ ਹਨ ਤੇ ਬਹੁਤੇ ਲੋਕ ਵੀ ਪਰ ਇਸ ਦੇ ਹੱਲ ਲਈ ਯਤਨ ਕੋਈ-ਕੋਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਕਰਾਂ ਦੇ ਨਾਲ-ਨਾਲ ਸਾਨੂੰ ਬੂਟੇ ਲਾ ਕੇ ਉਨ੍ਹਾਂ ਨੂੰ ਪਾਲਣ ਵੱਲ ਧਿਆਨ ਦੇਣਾ ਚਾਹੀਦਾ ਹੈ। ਹਰਿਆ-ਭਰਿਆ ਵਾਤਾਵਰਣ, ਪਾਣੀ ਦੀ ਸੰਭਾਲ ਤੇ ਪ੍ਰਦੂਸ਼ਣ ਰਹਿਤ ਸਮਾਜ ਦੀ ਸਿਰਜਣਾ ਦੇ ਨਾਲ-ਨਾਲ ਪੰਛੀਆਂ ਲਈ ਆਲ੍ਹਣੇ ਵਗੈਰਾ ਲਾ ਕੇ ਸਾਨੂੰ ਸਮੁੱਚੀ ਪ੍ਰਕਿਰਤੀ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਧਰਤੀ 'ਤੇ ਰਹਿਣਯੋਗ ਬਣ ਸਕੀਏ। 
ਰੁੱਖ ਲਾਉਣ 'ਚ ਮਨੁੱਖਤਾ ਦਾ ਭਲਾ : ਐਡਵੋਕੇਟ ਜੇ. ਜੇ. ਐੱਸ. ਅਰੋੜਾ
ਜ਼ਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਜੇ. ਜੇ. ਐੱਸ. ਅਰੋੜਾ ਦਾ ਕਹਿਣਾ ਹੈ ਕਿ ਧਰਤੀ ਉੱਪਰ ਲਗਦੀਆਂ ਅੱਗਾਂ ਕਾਰਨ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਜ਼ਮੀਨਾਂ ਉਪਰ ਫਸਲਾਂ ਲਈ ਵਰਦਾਨ ਸਾਬਤ ਹੋਣ ਵਾਲੇ ਮਿੱਤਰ ਕੀੜੇ ਅਨੁਕੂਲ ਮੌਸਮ ਨਾ ਮਿਲਣ ਕਾਰਨ ਮੌਤ ਦੀ ਭੇਂਟ ਚੜ੍ਹਦੇ ਜਾ ਰਹੇ ਹਨ, ਜਿਸ ਕਾਰਨ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਮਨੁੱਖੀ ਸਿਹਤ 'ਚ ਵੱਡੇ ਪੱਧਰ 'ਤੇ ਵਿਗਾੜ ਆਇਆ ਹੈ।    ਵਾਤਾਵਰਣ 'ਚ ਵੱਧ ਰਹੀ ਤਪਸ਼ ਕੁਦਰਤੀ ਪ੍ਰਣਾਲੀ ਨੂੰ ਤਹਿਸ-ਨਹਿਸ ਕਰਦੀ ਜਾ ਰਹੀ ਹੈ। ਇਸ ਲਈ ਧਰਤੀ ਦੀ ਹੋਂਦ ਬਰਕਰਾਰ ਰੱਖਣ ਲਈ ਹਰ ਘਰ ਦੇ ਹਰੇਕ ਜੀਅ ਨੂੰ ਇਕ-ਇਕ ਬੂਟਾ ਲਾ ਕੇ ਉਸ ਦਾ ਪਾਲਣ ਪੋਸ਼ਣ ਕਰਨ ਲਈ ਵਚਨਬੱਧ ਹੋਣਾ ਪਵੇਗਾ ਇਸ 'ਚ ਮਨੁੱਖਤਾ ਦਾ ਭਲਾ ਹੈ। 
ਪਾਣੀ ਦਾ ਮਿਆਰ ਡਿੱਗ ਰਿਹਾ ਹੈ : ਅਨੂਪ ਕੱਲ੍ਹਣ
ਸੀਨੀਅਰ ਕਾਂਗਰਸ ਆਗੂ ਅਨੂਪ ਕੱਲ੍ਹਣ ਦੇ ਅਨੁਸਾਰ ਧਰਤੀ ਹੇਠਲਾ ਪਾਣੀ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ ਤੇ ਇਨਸਾਨ ਬੇਫਿਕਰਾ ਨਜ਼ਰ ਆ ਰਿਹਾ ਹੈ। ਮਨੁੱਖ ਦੀ ਮੁਢਲੀ ਲੋੜ 1 ਕਿਲੋ ਦੁੱਧ ਦੀ ਪੈਦਾਵਾਰ ਲਈ 800 ਲੀਟਰ ਪਾਣੀ ਤੇ 1 ਕਿਲੋ ਚਾਵਲ ਲਈ 18 ਹਜ਼ਾਰ ਲੀਟਰ ਪਾਣੀ ਖਪਤ ਹੋਣਾ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ 2007-08 'ਚ ਧਰਤੀ ਹੇਠਲਾ ਪਾਣੀ 35-50 ਸੈਂਟੀਮੀਟਰ ਨਿਘਾਰ ਵੱਲ ਜਾ ਰਿਹਾ ਹੈ ਸੀ, ਜੋ ਹੁਣ ਵੱਧ ਕੇ 75 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ ਜਾ ਪੁੱਜਾ ਹੈ, ਜੇਕਰ ਇਸੇ ਤਰ੍ਹਾਂ ਇਹ ਵਰਤਾਰਾ ਜਾਰੀ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨਾ ਤਾਂ ਧਰਤੀ ਦਾ ਸਹੀ ਸੁੱਖ ਲੈ ਸਕਣਗੀਆਂ ਤੇ ਪਾਣੀ ਨੂੰ ਵੀ ਤਰਸਦੀਆਂ ਰਹਿਣਗੀਆਂ।
ਪਲਾਸਟਿਕ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਹੋਵੇ : ਐਡਵੋਕੇਟ ਸਰਬਜੀਤ ਸਿੰਘ ਵਾਲੀਆ
ਬਾਰ ਐਸੋਸੀਏਸ਼ਨ ਕਪੂਰਥਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਧਰਤੀ ਦਿਵਸ ਦੇ ਹੋਂਦ 'ਚ ਆਉਣ ਦਾ ਮਕਸਦ ਇਹ ਸੀ ਕਿ ਧਰਤੀ ਦੀ ਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਰੁੱਖਾਂ ਦੀ ਮਾਤਰਾ ਵਧਾਉਣ ਦੇ ਨਾਲ-ਨਾਲ ਧਿਆਨ ਰੱਖਣਾ ਕਿ ਪਲਾਸਟਿਕ ਨਾਲ ਬਣੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ, ਮੁੜ ਵਰਤੋਂ 'ਚ ਆਉਣ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੂੜੇ ਕਰਕਟ ਨੂੰ ਘੱਟ ਪੈਦਾ ਕੀਤਾ ਜਾਵੇ, ਪੇਪਰ ਪਲੇਟਾਂ, ਗਲਾਸ ਵਰਗੇ ਡਿਸਪੋਜ਼ਲ ਸਾਮਾਨ ਦੀ ਵਰਤੋਂ ਕਰਨ ਤੋਂ ਗੁਰੇਜ਼ ਹੋਵੇ। ਅਜਿਹੇ ਯਤਨਾਂ ਤੋਂ ਬਾਅਦ ਅਸੀਂ ਆਪਣੀ ਧਰਤੀ ਮਾਂ ਨੂੰ ਸਾਫ-ਸੁਥਰਾ ਵੀ ਰੱਖ ਸਕਦੇ ਹਾਂ ਤੇ ਗੁਰੂਆਂ ਪੀਰਾਂ ਵੱਲੋਂ ਦਿੱਤੇ ਸੰਦੇਸ਼ ਨੂੰ ਆਪਣੇ ਜੀਵਨ 'ਚ ਲਾਗੂ ਵੀ ਕਰ ਸਕਦੇ ਹਾਂ। 
ਧਰਤੀ ਨੂੰ ਰੁੱਖਾਂ ਨਾਲ ਸ਼ਿੰਗਾਰੋ : ਪਰਵਿੰਦਰ ਸਿੰਘ ਆਰਕੀਟੈਕਟ
ਖਾਲੂ ਗੈਸ ਏਜੰਸੀ ਦੇ ਮਾਲਕ ਪਰਵਿੰਦਰ ਸਿੰਘ ਆਰਕੀਟੈਕਟ ਦਾ ਕਹਿਣਾ ਹੈ ਕਿ ਧਰਤੀ ਕੇਵਲ ਜੀਵਨ ਲਈ ਜਨਣੀ ਹੀ ਨਹੀਂ, ਬਲਕਿ ਇਹ ਉਸ ਦਾ ਕੁਦਰਤ ਵਲੋਂ ਬਖਸ਼ਿਆ ਸਰਵੋਤਮ ਘਰ ਹੈ। ਇਸ ਧਰਤੀ 'ਤੇ ਸਮੁੱਚੇ ਜੀਵ, ਪ੍ਰਾਣੀ ਆਪਣਾ ਜੀਵਨ ਬਤੀਤ ਕਰਦੇ ਹਨ, ਜ਼ਿਲੇ ਦੀਆਂ ਸਮੁੱਚੀਆਂ ਲੋੜਾਂ ਦੀ ਪੂਰਤੀ ਧਰਤੀ ਆਪਣੀ ਕੁੱਖ 'ਚੋਂ ਪੈਦਾ ਕਰ ਕੇ ਦਿੰਦੀ ਹੈ। ਅਫਸੋਸ ਕਿ ਮਨੁੱਖੀ ਭੱਜ-ਦੌੜ ਤੇ ਲਾਲਸਾ ਕਾਰਨ ਅੱਜ ਇਹ ਪਵਿੱਤਰ ਧਰਤੀ ਸਿਰਫ ਕਹਿਣ ਨੂੰ ਮਾਂ ਦੇ ਦਰਜੇ 'ਤੇ ਸਥਾਪਤ ਹੈ, ਜਦਕਿ ਅਸਲੀਅਤ 'ਚ ਧਰਤੀ ਨਾਲ ਜੋ ਸਲੂਕ ਅਸੀਂ ਕਰ ਰਹੇ ਹਾਂ, ਉਹ ਇਕ ਘੋਰ ਪਾਪ ਦੇ ਬਰਾਬਰ ਹੈ। ਆਓ ਇਸ ਧਰਤੀ ਨੂੰ ਰੁੱਖਾਂ ਨਾਲ ਸ਼ਿੰਗਾਰ ਕੇ ਆਪਣੇ ਪਾਪਾਂ ਨੂੰ ਧੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਮਾਹੌਲ ਬਣਾਈਏ।
ਕਿਸਾਨ ਵੀ ਹੋਏ ਜਾਗਰੂਕ
ਧਰਤੀ ਦਿਵਸ ਮੌਕੇ ਇਹ ਗੱਲ ਕਰਨੀ ਸ਼ੁਭ ਸੰਕੇਤ ਦੇ ਬਰਾਬਰ ਹੋਵੇਗੀ ਕਿ ਇਸ ਵਾਰ ਜ਼ਿਲਾ ਕਪੂਰਥਲਾ ਅਧੀਨ ਖੇਤੀ ਕਰਦੇ ਕਿਸਾਨਾਂ ਵੱਲੋਂ ਆਪਣੀ ਕਣਕ ਕੱਟਣ ਤੋਂ ਬਾਅਦ ਨਾੜ ਨੂੰ ਅੱਗ ਨਹੀਂ ਲਗਾਈ ਜਾ ਰਹੀ। ਸਰਕਾਰੀ ਹਵਾਲਿਆਂ ਅਨੁਸਾਰ ਸਰਕਾਰ ਵਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤੇ ਕਾਨੂੰਨੀ ਕਾਰਵਾਈ ਦੇ ਐਲਾਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਹੁਣ ਤਕ ਕੁਝ ਕਿਸਾਨਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਕਿਸਾਨ ਦੇ ਨਾੜ ਨੂੰ ਅੱਗ ਲਾਉਣ ਕਾਰਨ ਚਲਾਨ ਨਹੀਂ ਕੱਟਿਆ ਗਿਆ, ਅਜਿਹਾ ਹੋਣ ਨਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਕਮਜ਼ੋਰ ਨਹੀਂ ਹੋਵੇਗੀ ਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚੇਗਾ। 


Related News