ਸ਼ਾਂਤਮਈ ਅੰਦੋਲਨ ਕਰਦੇ ਕਿਸਾਨਾਂ ’ਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ : ਚੰਦੂਮਾਜਰਾ

Monday, Aug 30, 2021 - 02:26 PM (IST)

ਸ਼ਾਂਤਮਈ ਅੰਦੋਲਨ ਕਰਦੇ ਕਿਸਾਨਾਂ ’ਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ : ਚੰਦੂਮਾਜਰਾ

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਹਰਿਆਣਾ ’ਚ ਸ਼ਾੰਤਮਈ ਅੰਦੋਲਨ ਕਰਦੇ ਕਿਸਾਨਾਂ ’ਤੇ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਲਾਠੀਚਾਰਜ ਨਾਲ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਤਣਾਅ ਹੋਰ ਵੀ ਵਧ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਉਗਰਾਹਾਂ ਅਤੇ ਦਰਸ਼ਨਪਾਲ ਵਰਗੇ ਕਿਸਾਨ ਆਗੂਆਂ ਨੇ ਮਤੇ ਪਾ ਕੇ ਸਿਰਫ਼ ਭਾਜਪਾ ਦਾ ਵਿਰੋਧ ਕਰਨ ਲਈ ਕਿਹਾ ਹੈ ਕਿਉਂਕਿ ਸੱਤਾਧਾਰੀ ਪਾਰਟੀ ਭਾਜਪਾ ਦਾ ਵਿਰੋਧ ਕਰਨਾ ਜਾਇਜ਼ ਹੈ। ਬਾਕੀ ਸਿਆਸੀ ਪਾਰਟੀਆਂ ਨੇ ਆਪਣਾ ਬਣਦਾ ਯੋਗਦਾਨ ਕਿਸਾਨੀ ਸੰਘਰਸ਼ ਦੌਰਾਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਪਾਇਆ ਹੈ, ਇਸ ਲਈ ਪਿੰਡਾਂ ਵਿਚ ਹੋਰ ਸਿਆਸੀ ਪਾਰਟੀਆਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ

ਜੇਕਰ ਕੋਈ ਵਿਅਕਤੀ ਅਜਿਹਾ ਵਿਰੋਧ ਕਰਦਾ ਹੈ ਤਾਂ ਉਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲਦਾ ਹੈ। ਉਨ੍ਹਾ ਇਹ ਵੀ ਦੱਸਿਆ ਕਿ ਇਸ ਹਲਕੇ ਦੀ ਵਿਧਾਨ ਸਭਾ ਸੀਟ ਪਾਰਟੀ ਹਾਈਕਮਾਂਡ ਦੇ ਸਮਝੌਤੇ ਅਨੁਸਾਰ ਬਸਪਾ ਨੂੰ ਛੱਡੀ ਗਈ ਹੈ, ਜਿਸ ਦੀ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਪੰਜਾਬ ਟਰਾਂਸਪੋਰਟ ਵਿੰਗ ਦੇ ਵਾਈਸ ਪ੍ਰਧਾਨ ਬਲਦੇਵ ਸਿੰਘ ਹਾਫਿਜ਼ਾਬਾਦ, ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕੌਂਸਲਰ ਕ੍ਰਿਪਾਲ ਸਿੰਘ ਗਿੱਲ, ਰਾਜੂ ਪਾਵੜਾ ਅਤੇ ਅਮਨਦੀਪ ਸਿੰਘ ਢਿੱਲੋਂ ਤੋਂ ਇਲਾਵਾ ਪਾਰਟੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਦੱਸਣਯੋਗ ਹੈ ਕਿ ਹਰਿਆਣਾ ਦੇ ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਹੰਗਾਮੇ ਨੂੰ ਰੋਕਣ ਲਈ ਪੁਲਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਰੇਲਵੇ ਰੋਡ ਸਥਿਤ ਹੋਟਲ ਪ੍ਰੇਮ ਪਲਾਜ਼ਾ ’ਚ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰ ਦੀ ਅਹਿਮ ਬੈਠਕ ਚੱਲ ਰਹੀ ਹੈ। ਇਸ ’ਚ ਮੁੱਖ ਰੂਪ ਨਾਲ ਮਨੋਹਰ ਲਾਲ ਖੱਟੜ ਹਾਜ਼ਰ ਹਨ। ਕਿਸਾਨ ਇਸ ਬੈਠਕ ਦੇ ਵਿਰੋਧ ’ਚ ਉਤਰੇ ਹਨ। 

 

ਇਹ ਵੀ ਪੜ੍ਹੋ : ਖ਼ਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਡਾਲਾ ਦਾ ਭਰਾ ਦਿੱਲੀ ਹਵਾਈਅੱਡੇ ਤੋਂ ਕਾਬੂ, ਸਰਹੱਦ ਪਾਰੋਂ ਮੰਗਵਾਏ ਸਨ ਹਥਿਆਰ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News