ਆਈਸੋਲੇਸ਼ਨ ਵਾਰਡ ''ਚ ਤਾਇਨਾਤ ਨਰਸ ਰਾਤ ਸਮੇਂ ਆਪਣੇ ਪਤੀ ਨੂੰ ਮਿਲਣ ਕਾਰਨ ਵਿਵਾਦਾਂ ''ਚ ਘਿਰੀ

07/02/2020 6:02:00 PM

ਤਰਨਤਾਰਨ (ਰਮਨ ਚਾਵਲਾ): ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਤਾਇਨਾਤ ਇਕ ਸਟਾਫ ਨਰਸ ਵਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਸਰਜਨ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਅਮਲ 'ਚ ਲਿਆਉਣ ਦੀ ਗੱਲ ਵੀ ਆਖੀ ਹੈ। ਜ਼ਿਕਰਯੋਗ ਹੈ ਕਿ ਅਣਜਾਨ ਵਿਅਕਤੀ ਦੇ ਆਈਸੋਲੇਸ਼ਨ ਵਾਰਡ 'ਚ ਆਉਣ ਜਾਣ ਦੌਰਾਨ ਬਾਹਰ ਮੌਜੂਦ ਲੋਕਾਂ 'ਚ ਕੋਰੋਨਾ ਫੈਲਣ ਦਾ ਖਦਸ਼ਾ ਪੈਦਾ ਹੋ ਸਕਦੈ ਜੋ ਕਈ ਸਵਾਲ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਲਟਕਦੀ ਵਪਾਰੀ ਦੀ ਲਾਸ਼ ਮਿਲਣ ਕਾਰਨ ਦਹਿਸ਼ਤ: ਕਤਲ ਦਾ ਖ਼ਦਸ਼ਾ

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਕੋਈ ਵੀ ਸਟਾਫ ਮੈਂਬਰ ਆਈਸੋਲੇਸ਼ਨ ਵਾਰਡ ਅੰਦਰ ਇਕ ਵਾਰ ਦਾਖਲ ਹੋਣ ਉਪਰੰਤ ਵਾਰ-ਵਾਰ ਬਾਹਰ ਨਹੀਂ ਆ ਸਕਦਾ ਹੈ ਅਤੇ ਨਾ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਬਿਨਾਂ ਆਈਸੋਲੇਸ਼ਨ ਵਾਰਡ ਅੰਦਰ ਕੋਈ ਪ੍ਰਵੇਸ਼ ਕਰ ਸਕਦਾ। ਇਨ੍ਹਾਂ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਲੋਂ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਵਾਇਰਸ ਨੂੰ ਹੋਰ ਲੋਕਾਂ 'ਚ ਫੈਲਾਉਣ ਦਾ ਖਤਰਾ ਪੈਦਾ ਹੋ ਸਕਦਾ ਹੈ। ਅਜਿਹੀ ਇਕ ਤਾਜ਼ਾ ਮਿਸਾਲ ਸਥਾਨਕ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਰਾਤ ਸਮੇਂ ਡਿਉਟੀ ਦੇ ਰਹੀ ਇਕ ਸਟਾਫ ਨਰਸ ਤੋਂ ਮਿਲਦੀ ਹੈ ਜੋ ਆਪਣੀ ਡਿਉਟੀ ਨੂੰ ਖਤਮ ਕਰਨ ਉਪਰੰਤ ਰਾਤ ਸਮੇਂ ਆਪਣੇ ਪਤੀ ਨੂੰ ਵਾਰਡ ਅੰਦਰ ਬੁਲਾ ਲੈਂਦੀ ਹੈ। ਜਾਣਕਾਰੀ ਤਹਿਤ ਐੱਨ. ਆਰ. ਐੱਚ. ਐੱਮ. ਅਧੀਨ ਸਰਕਾਰੀ ਹਸਪਤਾਲ ਘਰਿਆਲਾ ਵਿਖੇ ਤਾਇਨਾਤ ਸਟਾਫ ਨਰਸ ਸੁਖਬੀਰ ਕੌਰ ਦੀ ਡਿਉਟੀ ਰਾਤ ਸਮੇਂ ਆਈਸੋਲੇਸ਼ਨ ਵਾਰਡ 'ਚ ਮੌਜੂਦ ਕੋਰੋਨਾ ਪੀੜਤਾਂ ਦੀ ਦੇਖਭਾਲ ਕਰਨ ਲਈ ਸਿਵਲ ਸਰਜਨ ਵੱਲੋਂ ਲਗਾਈ ਗਈ ਹੈ। ਜੋ ਬੀਤੇ ਕਈ ਦਿਨਾਂ ਤੋਂ ਰੋਜ਼ਾਨਾ ਰਾਤ ਆਪਣੀ ਡਿਉਟੀ 'ਤੇ ਹਾਜ਼ਰੀ ਦੇਣ ਲਈ ਤਾਂ ਪੁੱਜ ਜਾਂਦੀ ਹੈ ਪਰ ਉਸ ਦੇ ਨਾਲ ਹੀ ਇਸ ਆਈਸੋਲੇਸ਼ਨ ਵਾਰਡ ਅੰਦਰ ਉਸ ਦਾ ਪਤੀ ਜੋ ਸਰਕਾਰੀ ਅਧਿਆਪਕ ਹੈ ਵਾਰਡ ਅੰਦਰ ਐਂਟਰੀ ਕਰ ਲੈਂਦਾ ਹੈ। ਇਹ ਦੋਵੇਂ ਰਾਤ ਆਈਸੋਲੇਸ਼ਨ ਵਾਰਡ ਵਿਖੇ ਰਾਤ ਗੁਜ਼ਾਰ ਸਵੇਰੇ ਆਪਣੇ ਘਰ ਪੱਟੀ ਵਿਖੇ ਵਾਪਸ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ

ਆਈਸੋਲੇਸ਼ਨ ਵਾਰਡ 'ਚ ਮੌਜੂਦ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਉਪਰੰਤ ਸਟਾਫ ਨਰਸ ਦੇ ਪਤੀ ਵਲੋਂ ਹੋਰ ਲੋਕਾਂ ਨੂੰ ਕੋਰੋਨਾ ਦਾ ਸ਼ਿਕਾਰ ਵੀ ਬਣਾਇਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਟਾਫ ਨਰਸ ਦਾ ਪਤੀ ਬਿਨਾਂ ਕਿਸੇ ਮਨਜ਼ੂਰੀ ਤੋਂ ਆਈਸੋਲੇਸ਼ਨ ਵਾਰਡ ਅੰਦਰ ਆ ਜਾ ਰਿਹਾ ਹੈ ਜਿਸ ਨੂੰ ਰੋਕਣ ਦੀ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਜੋ ਕਈ ਸਵਾਲ ਪੈਦਾ ਕਰ ਰਿਹਾ ਹੈ। ਸਿਹਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਬੇਰੋਕ ਟੋਕ ਆਣ ਜਾਣ ਵਾਲੇ ਵਿਅਕਤੀ ਨੂੰ ਰੋਕਣ ਲਈ ਪੁਲਸ ਪਾਰਟੀ ਦੀ ਕਾਰਗੁਜ਼ਾਰੀ 'ਤੇ ਵੀ ਕਈ ਤਰਾਂ ਦੇ ਸਵਾਲ ਖੜੇ ਹੋ ਰਹੇ ਹਨ। ਵਾਰਡ ਦੇ ਬਾਹਰ ਮੌਜੂਦ ਪੁਲਸ ਪਾਰਟੀ ਨੇ ਕਦੇ ਵੀ ਕਿਸੇ ਅਣਜਾਨ ਵਿਅਕਤੀ ਨੂੰ ਅੰਦਰ ਬਾਹਰ ਜਾਣ ਤੋਂ ਨਹੀਂ ਰੋਕਿਆ ਗਿਆ ਜਿਸ ਤਹਿਤ ਕਦੇ ਕੋਈ ਕੋਰੋਨਾ ਪੀੜਤ ਵੀ ਫਰਾਰ ਹੋ ਸਕਦਾ ਹੈ।ਬਿਨਾਂ ਮੰਜ਼ੂਰੀ ਕੋਈ ਨਹੀਂ ਹੋ ਸਕਦਾ ਵਾਰਡ 'ਚ ਦਾਖਲ-ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਸਿਹਤ ਵਿਭਾਗ ਦੇ ਮੰਜੂਰ ਸ਼ੁਦਾ ਸਟਾਫ ਤੋਂ ਬਿਨਾਂ ਕੋਈ ਵੀ ਅਨਜਾਣ ਵਿਅਕਤੀ ਦਾਖਲ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਜਿਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਸਹੀ ਪਾਏ ਜਾਣ 'ਤੇ ਸਟਾਫ ਨਰਸ ਤੋਂ ਜਵਾਬ ਤਲਬੀ ਜ਼ਰੂਰ ਕੀਤੀ ਜਾਵੇਗੀ।ਡਿਉਟੀ ਤੋਂ ਅਣਗਹਿਲੀ ਕਰਨ 'ਤੇ ਹੋਵੇਗੀ ਕਾਰਵਾਈ : ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਦੇ ਬਾਹਰ ਮੌਜੂਦ ਪੁਲਸ ਕਰਮਚਾਰੀਆਂ ਵੱਲੋਂ ਜੇ ਡਿਊਟੀ ਦੌਰਾਨ ਅਣਗਹਿਲੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀਆਂ ਦੀ ਡਿਉਟੀ ਬਣਦੀ ਹੈ ਕਿ ਵਾਰਡ 'ਚ ਆਉਣ ਜਾਣ ਵਾਲਿਆਂ 'ਤੇ ਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਪੁੱਛ-ਗਿੱਛ ਕਰਨ।


Shyna

Content Editor

Related News