17 ਦਿਨਾਂ ਤੋਂ ਆਈਸੋਲੇਸ਼ਨ ਵਾਰਡ ''ਚ ਰਹਿ ਰਹੇ 38 ਲੋਕਾਂ ਨੂੰ ਘਰ ਭੇਜਿਆ
Saturday, May 16, 2020 - 07:23 PM (IST)
ਜਲਾਲਾਬਾਦ (ਸੇਤੀਆ,ਸੁਮਿਤ)— ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਪਿਛਲੇ 17 ਦਿਨਾਂ ਤੋਂ ਰਹਿ ਰਹੇ ਸ੍ਰੀ ਨਾਂਦੇੜ ਸਾਹਿਬ ਨਾਲ ਸਬੰਧਤ 38 ਮਰੀਜ਼ਾਂ 'ਚ ਕਿਸੇ ਕਿਸਮ ਦਾ ਕੋਈ ਬੀਮਾਰੀ ਦਾ ਲੱਛਣ ਨਾ ਪਾਏ ਜਾਣ 'ਤੇ ਸਰਕਾਰ ਦੀ ਨਵੀਂ ਪਾਲਿਸੀ ਅਧੀਨ ਉਕਤ ਲੋਕਾਂ ਨੂੰ ਬਾਬਾ ਫਰੀਦਯੂਨੀਵਰਸਿਟੀ ਦੇ ਡਾਇਰੇਕਟਰ ਏ. ਜੀ. ਐੱਸ. ਬਾਵਾ ਦੇ ਹੁਕਮਾਂ 'ਤੇ ਘਰ ਭੇਜ ਦਿੱਤਾ ਗਿਆ। ਇਨ੍ਹਾਂ 'ਚ 5 ਲੋਕ ਜਲਾਲਾਬਾਦ ਹਲਕੇ ਨਾਲ ਸਬੰਧਤ ਹਨ ਅਤੇ ਬਾਕੀ ਅਬੋਹਰ, ਫਾਜ਼ਿਲਕਾ ਅਤੇ ਇਕ ਰਾਜਸਥਾਨ ਨਾਲ ਸਬੰਧਤ ਔਰਤ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ 'ਚ ਡਾ. ਏ. ਜੀ. ਐੱਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਮੁਤਾਬਿਕ ਜਾਰੀ ਆਈ. ਸੀ. ਐੱਮ. ਆਰ. ਪਾਲਿਸੀ ਅਧੀਨ ਜਿਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ ਘੱਟ-ਘੱਟ 10 ਦਿਨਾਂ ਅੰਦਰ ਸਾਹ ਲੈਣ ਤਕਲੀਫ, ਬੁਖਾਰ, ਜ਼ੁਕਾਮ, ਖਾਂਸੀ ਆਦਿ ਲੱਛਣ ਨਜ਼ਰ ਨਹੀਂ ਆਉਂਦੇ ਚਾਹੇ ਉਹ ਪਾਜ਼ੇਟਿਵ ਹਨ ਉਨ੍ਹਾਂ ਨੂੰ ਘਰ ਭੇਜਿਆ ਜਾ ਰਹਾ ਹੈ। ਉਨ੍ਹਾਂ ਦੱਸਿਆ ਕਿ ਘਰ ਭੇਜੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਕੁੱਝ ਦਿਨ ਲਈ ਘਰ 'ਚ ਏਕਾਂਤਵਾਸ ਵਜੋਂ ਰਹਿਣਾ ਹੋਵੇਗਾ ਤਾਂ ਕਿ ਦੂਜੇ ਲੋਕਾਂ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ।
ਇਥੇ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਇਨ੍ਹਾਂ ਮਰੀਜ਼ਾਂ ਵਲੋਂ ਦੇਰ ਸ਼ਾਮ ਸਿਵਲ ਹਸਪਤਾਲ ਦੇ ਵਿਹੜੇ ਵਿਚ ਧਰਨਾ ਲਗਾਇਆ ਗਿਆ ਸੀ ਅਤੇ ਘਰ ਜਾਣ ਦੀ ਜ਼ਿੱਦ 'ਚ ਅੜੇ ਹੋਏ ਸਨ ਜਿਸ ਤੋਂ ਬਾਅਦ ਡੀ. ਐੱਸ. ਪੀ. ਜਸਪਾਲ ਸਿੰਘ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਡਾਕਟਰਾਂ ਤੇ ਸਿਵਲ ਸਰਜਨ ਫਾਜ਼ਿਲਕਾ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਸ਼ਨੀਵਾਰ ਸਵੇਰੇ ਪਹਿਲੇ 17 ਲੋਕਾਂ ਨੂੰ ਭੇਜਣ ਦੀ ਗੱਲ ਕਹੀ ਗਈ ਸੀ ਪਰ ਬਾਅਦ ਦੁਪਹਿਰ ਡਾਕਟਰਾਂ ਵਲੋਂ ਨਵੀਂ ਪਾਲਿਸੀ ਅਧੀਨ 38 ਮਰੀਜ਼ਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰ ਦਿੱਤਾ ਗਿਆ। ਭਾਵੇਂ ਜਲਾਲਾਬਾਦ 'ਚ ਭਰਤੀ 17 ਮਰੀਜ਼ਾਂ ਨੂੰ ਹੀ ਭੇਜਣ ਦੀ ਯੋਜਨਾ ਸੀ ਪਰ ਪੂਰੇ ਮਰੀਜ਼ਾਂ ਵਲੋਂ ਦਬਾਅ ਬਣਾਏ ਜਾਣ ਅਤੇ ਬਾਅਦ ਵਿਚ ਸਿਵਲ ਹਸਪਤਾਲ ਸਟਾਫ ਵਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ 38 ਮਰੀਜ਼ਾਂ ਨੂੰ ਭੇਜ ਦਿੱਤਾ ਗਿਆ। ਇਹ ਫੈਸਲਾ ਭਵਿੱਖ 'ਚ ਕਿੰਨਾ ਕੁ ਸਹੀ ਸਾਬਿਤ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਕੋਰੋਨਾ ਪਾਜ਼ੇਟਿਵ ਤੋਂ ਨੈਗੇਟਿਵ ਹੋਏ 17 ਮਰੀਜ਼ਾਂ ਦੇ ਨਾਲ ਬਾਕੀ ਮਰੀਜ਼ ਵੀ ਘਰ ਜਾ ਰਹੇ ਹਨ।