ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ 'ਤੇ ISI ਦਾ ਦਾਅਵਾ, ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਦੀ ਹੋਈ ਹੈ ਮੌਤ
Monday, Nov 21, 2022 - 09:29 AM (IST)

ਗੁਰਦਾਸਪੁਰ (ਵਿਨੋਦ) : ਭਾਰਤ ’ਚ ਇਸ ਸਮੇਂ 10 ਲੱਖ ਰੁਪਏ ਦੇ ਇਨਾਮੀ ਗੈਂਗਸਟਰ-ਕਮ-ਖਾਲਿਸਤਾਨੀ ਸਮਰਥਕ ਹਰਵਿੰਦਰ ਸਿੰਘ ਉਰਫ ਰਿੰਦਾ ਦੀ ਪਾਕਿਸਤਾਨ ’ਚ ਹੋਈ ਮੌਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਪਾਕਿਸਤਾਨ ਦੇ ਅਧਿਕਾਰੀ ਅਤੇ ਫੌਜੀ ਹਸਪਤਾਲ ਤੇ ਜਿੱਨਾਹ ਹਸਪਤਾਲ ਦੇ ਅਧਿਕਾਰੀ ਇਸ ਨਾਂ ਦੇ ਕਿਸੇ ਵਿਅਕਤੀ ਦੀ ਹਸਪਤਾਲ ’ਚ ਮੌਤ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ। ਪਾਕਿਸਾਤਨੀ ਅਧਿਕਾਰੀ ਅਤੇ ਹਸਪਤਾਲ ਦੇ ਅਧਿਕਾਰੀ ਇਹ ਜ਼ਰੂਰ ਦੱਸ ਰਹੇ ਹਨ ਕਿ ਕੁਝ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਗੰਭੀਰ ਹਾਲਤ ’ਚ ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਨੂੰ ਫੌਜੀ ਅਧਿਕਾਰੀਆਂ ਨੇ ਹਸਪਤਾਲ ’ਚ ਦਾਖਲ ਕਰਵਾਇਆ ਸੀ, ਜਿਸ ਦੀ ਮੌਤ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਬਾਜਵਾ ਦਾ ਬਿਆਨ, ਸੂਬਾ ਸਰਕਾਰ ਦੇ ਕਾਰਜਕਾਲ ਦੇ ਅੰਤ ਤੱਕ ਪੰਜਾਬ ਸਿਰ ਹੋਵੇਗਾ ਲੱਖਾਂ-ਕਰੋੜਾਂ ਰੁਪਏ ਕਰਜ਼ੇ ਦਾ ਬੋਝ
ਉਥੇ ਹੀ ਭਾਰਤੀ ਏਜੰਸੀਆਂ ਦਾ ਦਾਅਵਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਰਿੰਦਾ ਨੂੰ ਮੁਹੰਮਦ ਉਸਮਾਨ ਦੇ ਨਾਂ ਨਾਲ ਹਸਪਤਾਲ ’ਚ ਦਾਖਲ ਕਰਵਾਇਆ ਸੀ। ਭਾਰਤੀ ਏਜੰਸੀਆਂ ਦਾਅਵਾ ਕਰ ਰਹੀਆਂ ਹਨ ਕਿ ਆਈ. ਐੱਸ. ਆਈ. ਦੀ ਸੁਰੱਖਿਆ ’ਚ ਰਹਿ ਰਹੇ ਰਿੰਦਾ ਦੀ ਲਾਹੌਰ ਦੇ ਜਿੱਨਾਹ ’ਚ ਮੌਤ ਹੋਈ ਹੈ। ਕੁਝ ਏਜੰਸੀਆਂ ਦਾਅਵਾ ਕਰ ਰਹੀਆਂ ਹਨ ਕਿ ਰਿੰਦਾ ਦੀ ਮੌਤ ਕਿਡਨੀ ਦੀ ਬੀਮਾਰੀ ਕਾਰਨ ਹੋਈ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।