...ਤੇ ਹੁਣ ਪਿੰਡਾਂ ''ਚ ਟੋਇਆਂ ਦੇ ਪਾਣੀ ਨਾਲ ਹੋਵੇਗੀ ''ਸਿੰਚਾਈ''
Wednesday, Jun 12, 2019 - 11:54 AM (IST)
ਚੰਡੀਗੜ੍ਹ (ਸ਼ਰਮਾ) : ਸੂਬੇ ਦੇ ਪਿੰਡਾਂ 'ਚ ਬਣੇ ਟੋਇਆਂ ਦੇ ਪਾਣੀ ਦੀ ਵਰਤੋਂ ਕਿਸਾਨ ਸਿੰਚਾਈ ਲਈ ਕਰ ਸਕਣਗੇ ਅਤੇ ਇਸ ਲਈ ਪੰਪ ਚਲਾਉਣ ਲਈ ਬਿਜਲੀ ਕੁਨੈਕਸ਼ਨ ਵੀ ਮਿਲ ਸਕੇਗਾ। ਸੂਬੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀਂ ਵੱਖ-ਵੱਖ ਕਿਸਾਨ ਸੰਗਠਨਾਂ ਨਾਲ ਹੋਈ ਪਾਵਰਕਾਮ ਅਧਿਕਾਰੀਆਂ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਗਈ। ਕਿਸਾਨ ਸੰਗਠਨਾਂ ਦੀ ਮੰਗ ਸੀ ਕਿ ਇਨ੍ਹਾਂ ਟੋਇਆਂ 'ਚ ਖੜ੍ਹੇ ਪਾਣੀ ਦੇ ਸਿੰਚਾਈ ਲਈ ਇਸਤੇਮਾਲ ਸਬੰਧੀ ਟਿਊਬਵੈੱਲ ਕੁਨੈਕਸ਼ਨਾਂ ਦੀ ਤਰਜ਼ 'ਤੇ ਏ. ਪੀ. ਕੁਨੈਕਸ਼ਨ ਪਹਿਲੇ ਦੇ ਆਧਾਰ 'ਤੇ ਜਾਰੀ ਕੀਤੇ ਜਾਣ ਪਰ ਪਾਵਰਕਾਮ ਵਲੋਂ ਸਪੱਸ਼ਟ ਕੀਤਾ ਗਿਆ ਕਿ ਟੋਇਆਂ ਤੋਂ ਪਾਣੀ ਦੀ ਨਿਕਾਸੀ ਲਈ ਬੋਰਿੰਗ ਦੀ ਲੋੜ ਨਹੀਂ ਹੁੰਦੀ ਅਤੇ ਇਹ ਕੰਮ ਪੰਪ ਸੈੱਟਾਂ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
ਇਸ ਲਈ ਕਿਸਾਨ ਪੰਚਾਇਤ ਦੀ ਸਹਿਮਤੀ ਨਾਲ ਨਿੱਜੀ ਤੌਰ 'ਤੇ ਜਾਂ ਫਿਰ ਪੰਚਾਇਤ ਆਪਣੇ ਨਾਂ 'ਤੇ ਐੱਸ. ਪੀ. ਟੈਰਿਫ ਦੀ ਸ਼੍ਰੇਣੀ 'ਚ ਬਿਜਲੀ ਦਾ ਕੁਨੈਕਸ਼ਨ ਜਾਰੀ ਕਰਵਾ ਸਕਦੀ ਹੈ। ਕਿਸਾਨ ਸੰਗਠਨਾਂ ਦੀ 5 ਏਕੜ ਜ਼ਮੀਨ ਦੇ ਮਾਲਕਾਂ ਦੇ ਲੰਬਿਤ ਟਿਊਬਵੈੱਲ ਕੁਨੈਕਸ਼ਨਾਂ ਦੇ ਬਿਨੈਕਾਰਾਂ ਨੂੰ ਪਹਿਲ ਦੇ ਆਧਾਰ 'ਤੇ ਅਤੇ ਸਾਲ 1992-93 ਤੋਂ ਲੰਬਿਤ ਜਨਰਲ ਸ਼੍ਰੇਣੀ ਦੇ ਬਿਨੈਕਾਰਾਂ ਦੇ ਕੁਨੈਕਸ਼ਨ ਤੁਰੰਤ ਜਾਰੀ ਕਰਨ ਦੀ ਮੰਗ 'ਤੇ ਪਾਵਰਕਾਮ ਵਲੋਂ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵਲੋਂ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਨ੍ਹਾਂ ਖਿਲਾਫ ਸੰਭਾਵਿਤ ਖਪਤਕਾਰਾਂ ਵਲੋਂ ਜ਼ਰੂਰੀ ਟੈਸਟ ਰਿਪੋਰਟਾਂ ਜਮ੍ਹਾਂ ਨਹੀਂ ਕਰਵਾਈਆਂ ਗਈਆਂ।