ਇਰਾਕ ''ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੀ ਸਰਕਾਰ ਨੂੰ ਚਿਤਾਵਨੀ

03/23/2018 7:28:40 PM

ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਸ਼ੁੱਕਰਵਾਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਰਾਕ 'ਚ ਮਾਰੇ ਹੋਏ 39 ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਲੈਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ । 20 ਤੋਂ ਵੱਧ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਮ੍ਰਿਤਕਾਂ ਬਾਰੇ ਧੋਖੇ 'ਚ ਰੱਖਿਆ। ਅਸੀਂ ਲਗਭਗ 12 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਪਰ ਹਰ ਵਾਰ ਇਹੋ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਲਾਪਤਾ ਨੌਜਵਾਨ ਬਿਲਕੁਲ ਠੀਕ ਹਨ। ਅਖੀਰ ਉਨ੍ਹਾਂ ਦੇ ਪੁੱਤਰਾਂ ਨੂੰ ਕਤਲ ਕਰ ਦਿੱਤੇ ਜਾਣ ਦੀਆਂ ਖਬਰਾਂ ਟੀ.ਵੀ. 'ਤੇ ਦੇਖਣ ਤੋਂ ਮਿਲੀਆਂ । ਇਸ ਮੌਕੇ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਹੋਈ ਮੀਟਿੰਗ ਤੋਂ ਬਾਦ ਇਕ 8 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ । ਕਮੇਟੀ ਨੇ ਮੰਗ ਕੀਤੀ ਕਿ ਜੇਕਰ ਕੇਂਦਰ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦੀ ਹੈ ਤਾਂ ਉਹ ਪਹਿਲ ਦੇ ਆਧਾਰ 'ਤੇ ਮ੍ਰਿਤਕਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਯਕੀਨੀ ਬਣਾਵੇ ਅਤੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ ।
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ, ਉਦੋਂ ਤਕ ਸਾਡੇ ਘਰਾਂ ਵਿਚ ਮ੍ਰਿਤਕ ਦੇਹਾਂ ਨਾ ਲਿਆਂਦੀਆਂ ਜਾਣ। ਕਮੇਟੀ ਨੇ ਕੇਂਦਰ ਸਰਕਾਰ ਨੂੰ 24 ਮਾਰਚ ਤੱਕ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਸੋਮਵਾਰ ਨੂੰ ਮ੍ਰਿਤਕਾਂ ਦੇ ਪਰਿਵਾਰ ਆਪਣੇ ਪਰਿਵਾਰ ਸਮੇਤ ਦਿੱਲੀ ਵਿਖੇ ਜੰਤਰ-ਮੰਤਰ ਵਿਖੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਜਾਣਗੇ । ਉਪਰੰਤ ਪਰਿਵਾਰਕ ਮੈਂਬਰਾਂ ਨੇ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਪ੍ਰੈਸ ਕਾਨਫਰੰਸ ਦੌਰਾਨ ਸਰਬਸੰਮਤੀ ਨਾਲ ਇਹ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਨਿਯੁਕਤ ਕਮੇਟੀ ਵਿਚ ਗੁਰਪਿੰਦਰ ਕੌਰ ਪੁੱਤਰ ਹਰਦੀਪ ਸਿੰਘ (ਮ੍ਰਿਤਕ ਮਨਜਿੰਦਰ ਸਿੰਘ ਦੇ ਪਰਿਵਾਰ 'ਚੋਂ), ਵਿਜੈ ਕੁਮਾਰ ਪੁੱਤਰ ਰਾਮ ਲਾਲ (ਮ੍ਰਿਤਕ ਸੁਰਜੀਤ ਮਾਨਿਕਾ ਦੇ ਪਰਿਵਾਰ 'ਚੋਂ), ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ (ਮ੍ਰਿਤਕ ਮਲਕੀਤ ਸਿੰਘ ਦੇ ਪਰਿਵਾਰ 'ਚੋਂ), ਮੁਨੀਸ਼ ਕੁਮਾਰ ਪੁੱਤਰ ਸਤਪਾਲ (ਮ੍ਰਿਤਕ ਹਰੀਸ਼ ਕੁਮਾਰ ਦੇ ਪ੍ਰੀਵਾਰ 'ਚੋਂ), ਪਵਨ ਕੁਮਾਰ ਪੁੱਤਰ ਬਲਵੰਤ ਰਾਏ (ਬਲਵੰਤ ਰਾਏ ਦੇ ਪਰਿਵਾਰ 'ਚੋਂ), ਦਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ (ਗੁਵਿੰਦਰ ਸਿੰਘ ਦੇ ਪਰਿਵਾਰ 'ਚੋਂ), ਸੁਨੀਤਾ ਅਤੇ ਪ੍ਰਦੇਸੀ ਰਾਮ ਹਿਮਾਚਲ (ਇੰਦਰਜੀਤ ਦੇ ਪਰਿਵਾਰ 'ਚੋਂ) ਆਦਿ ਦੇ ਨਾਮ ਵਰਨਣਯੋਗ ਹਨ ।
ਇਸ ਮੌਕੇ ਮ੍ਰਿਤਕ ਮਨਜਿੰਦਰ ਸਿੰਘ ਭੋਏਵਾਲ ਦੀ ਭੈਣ ਗੁਰਪਿੰਦਰ ਕੌਰ, ਜਤਿੰਦਰ ਸਿੰਘ ਸਿਆਲਕਾ ਦੀ ਮਾਤਾ ਰਣਜੀਤ ਕੌਰ, ਹਰੀਸ਼ ਕੁਮਾਰ ਅੰਮ੍ਰਿਤਸਰ ਦਾ ਭਰਾ ਮਨੀਸ਼ ਕੁਮਾਰ, ਗੋਬਿੰਦਰ ਸਿੰਘ ਮੁਰਾੜ (ਕਪੂਰਥਲਾ) ਭਰਾ ਦਵਿੰਦਰ ਸਿੰਘ, ਪ੍ਰਿਤਪਾਲ ਸ਼ਰਮਾ ਧੁਸੀ (ਨਵਾਂ ਸ਼ਹਿਰ) ਦਾ ਪੁੱਤਰ ਨੀਰਜ, ਨਿਸ਼ਾਨ ਸਿੰਘ ਪੁੱਤਰ ਸੰਗੋਆਣਾ ਦਾ ਪੁੱਤਰ ਸਰਵਣ ਸਿੰਘ, ਇੰਦਰਜੀਤ ਕੁਮਾਰ ਹਿਮਾਚਲ ਪ੍ਰਦੇਸ਼ ਦਾ ਭਰਾ ਅਜੈ ਕੁਮਾਰ, ਅਮਨ ਕੁਮਾਰ ਹਿਮਾਚਲ ਪ੍ਰਦੇਸ਼ ਦਾ ਭਰਾ ਰਮਨ ਕੁਮਾਰ, ਧਰਮਿੰਦਰ ਕੁਮਾਰ ਤਲਵੰਡੀ ਜੱਟਾਂ ਦੀ ਮਾਤਾ ਧਰਮਿੰਦਰ ਕੌਰ, ਹਰਸਿਮਰਨਜੀਤ ਸਿੰਘ ਬਾਬੋਵਾਲ ਦੀ ਮਾਤਾ ਹਰਭਜਨ ਕੌਰ, ਸੋਨੂੰ ਚਵਿੰਡਾ ਦੇਵੀ ਦੀ ਪਤਨੀ ਸੀਮਾ, ਕੰਵਲਜੀਤ ਸਿੰਘ ਰੂਪੋਵਾਲੀ ਦਾ ਪਰਿਵਾਰ, ਰਣਜੀਤ ਸਿੰਘ ਮਾਨਾਂਵਾਲ ਦੀ ਭੈਣ ਕੁਲਵੀਰ ਕੌਰ ਅਤੇ ਪਰਿਵਾਰ, ਸੁਰਜੀਤ ਮੇਹਕਾ ਚੌਵਾਲੀ (ਜਲੰਧਰ) ਦੀ ਪਤਨੀ ਊਸ਼ਾ ਰਾਣੀ, ਬਲਵੰਤ ਰਾਏ ਢੱਡਾ ਦੇ ਸਪੁੱਤਰ ਪਵਨ, ਗੁਰਚਰਨ ਸਿੰਘ ਜਲਾਲ ਉਸਮਾਂ ਦੀ ਮਾਤਾ ਜਤਿੰਦਰ ਕੌਰ, ਮਲਕੀਤ ਸਿੰਘ ਤਾਲੀਆਂਵਾਲਾ ਦਾ ਭਰਾ ਪਰਮਜੀਤ ਸਿੰਘ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ ।


Related News