7 ਮਹੀਨੇ ਇਰਾਕ ''ਚ ਖੱਜਲ ਹੋ ਕੇ ਦੇਸ਼ ਪਰਤਿਆ ਪ੍ਰਭਜੋਤ

07/28/2019 6:12:35 PM

ਭੁਲੱਥ (ਰਜਿੰਦਰ)- ਸੁਨਹਿਰੇ ਭਵਿੱਖ ਦਾ ਸੁਪਨਾ ਸਜਾ ਕੇ ਇਰਾਕ ਗਿਆ ਪਿੰਡ ਖਲੀਲ ਦਾ ਨੌਜਵਾਨ ਉਥੇ 7 ਮਹੀਨੇ ਖੱਜਲ ਹੋਣ ਤੋਂ ਬਾਅਦ ਹੁਣ ਭਾਰਤ ਦੇਸ਼ ਪਹੁੰਚ ਆਇਆ ਹੈ। 30 ਸਾਲਾਂ ਨੌਜਵਾਨ ਪ੍ਰਭਜੋਤ ਸਿੰਘ ਨੂੰ ਉਸ ਦੇ ਪਿਤਾ ਸਰਬਜੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਰਿਸੀਵ ਕੀਤਾ। ਜਿਸ ਤੋਂ ਬਾਅਦ ਐਤਵਾਰ ਨੂੰ ਦੁਪਹਿਰ ਕਰੀਬ 3 ਵਜੇ ਉਹ ਹਲਕਾ ਭੁਲੱਥ ਵਿਚ ਪੈਂਦੇ ਆਪਣੇ ਪਿੰਡ ਖਲੀਲ ਵਿਖੇ ਪਹੁੰਚ ਗਿਆ ਹੈ। ਪੁੱਤਰ ਦੀ ਵਾਪਸੀ 'ਤੇ ਘਰ ਵਿਚ ਖੁਸ਼ੀ ਵਾਲਾ ਮਾਹੌਲ ਸੀ। ਇਸ ਮੌਕੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਭਜੋਤ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਟ੍ਰੈਵਲ ਏਜੰਟ ਨੇ 2 ਲੱਖ 80 ਹਜ਼ਾਰ ਰੁਪਏ ਲੈ ਕੇ ਮੈਨੂੰ ਇਰਾਕ ਭੇਜਿਆ ਸੀ। ਮੈਂ 27 ਦਸੰਬਰ 2018 ਨੂੰ ਮੈਂ ਭਾਰਤ ਤੋਂ ਇਰਾਕ ਵਿਖੇ ਪਹੁੰਚਿਆ। ਸਾਨੂੰ ਇਰਾਕ ਦੇ ਇਰਬਲ ਸ਼ਹਿਰ ਵਿਚ ਠਹਿਰਾਇਆ ਗਿਆ ਸੀ। ਪ੍ਰਭਜੋਤ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਮੈਨੂੰ ਕਿਹਾ ਕਿ ਇਰਾਕ 'ਚ ਪਹੁੰਚ ਕੇ ਉਥੇ ਇਕ ਸਾਲ ਦਾ ਵਰਕ ਕਾਰਡ ਬਣਾ ਕੇ ਦੇਵਾਂਗਾ ਤੇ ਵਰਕ ਕਾਰਡ ਬਣਨ ਤੱਕ ਰਹਿਣ ਤੇ ਰੋਟੀ ਦਾ ਖਰਚਾ ਮੇਰਾ ਹੋਵੇਗਾ। ਜਿਸ ਦਰਮਿਆਨ ਸਾਨੂੰ ਇਕ ਮਹੀਨਾ ਰੋਟੀ ਦਿੱਤੀ ਗਈ ਤੇ ਉਸ ਤੋਂ ਬਾਅਦ ਰੋਟੀ ਵੀ ਬੰਦ ਹੋ ਗਈ। 

ਇਥੋਂ ਦੇ ਏਜੰਟ ਰਾਹੀ ਇਰਾਕ ਵਿਚ ਜਿਹੜੇ ਅਗਲੇ ਏਜੰਟ ਨਾਲ ਸਾਡੀ ਗੱਲ ਸੀ, ਉਸ ਨੇ ਇਕ ਮਹੀਨੇ ਬਾਅਦ ਆਪਣਾ ਫੋਨ ਨੰਬਰ ਬੰਦ ਕਰ ਲਿਆ ਤੇ ਆਪਣੀ ਰਿਹਾਇਸ਼ ਵੀ ਬਦਲ ਲਈ। ਜਿਸ ਤੋਂ ਬਾਅਦ ਅਸੀ ਖੱਜਲ-ਖੁਆਰ ਹੁੰਦੇ ਹੋਏ ਇਕ ਪੰਜਾਬੀ ਨੌਜਵਾਨ ਨੂੰ ਮਿਲੇ, ਜਿਸ ਨੂੰ ਇਰਾਕ ਵਿਚ ਪਹਿਲਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਨੇ ਸਾਨੂੰ ਕਰੀਬ ਤਿੰਨ ਮਹੀਨੇ ਰੋਟੀ ਖੁਆਈ। ਇਸ ਦੌਰਾਨ ਅਸੀ ਇਰਾਕ ਦੀ ਇੰਡੀਆ ਅੰਬੈਂਸੀ ਵਿਚ ਪਹੁੰਚ ਕੀਤੀ ਤੇ ਆਪਣੇ ਨਾਲ ਹੋਏ ਧੋਖੇ ਤੇ ਹੋ ਰਹੀ ਖੱਜਲ ਖੁਆਰੀ ਬਾਰੇ ਦੱਸਿਆ। ਜਿਸ ਤੋਂ ਬਾਅਦ ਸਾਨੂੰ 7 ਨੌਜਵਾਨਾਂ ਨੂੰ ਪਹਿਲੇ ਮਹੀਨੇ ਅੰਬੈਂਸੀ ਨੇ 200 ਡਾਲਰ ਤੇ ਬਾਅਦ ਵਿਚ ਦੋ ਮਹੀਨੇ 100-100 ਡਾਲਰ ਰੋਟੀ ਖਰਚੇ ਲਈ ਦਿੱਤੇ। ਹੁਣ ਮੈਂ ਇਥੇ ਆਪਣੇ ਘਰ ਪਹੁੰਚ ਚੁੱਕਾ ਹਾਂ, ਜਿਸ ਲਈ ਮੈਂ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕਰਦਾ ਹੈ। ਪ੍ਰਭਜੋਤ ਨੇ ਨੌਜਵਾਨ ਪੀੜ੍ਹੀ ਨੂੰ ਧੋਖੇਬਾਜ਼ ਟ੍ਰੈਵਲ ਏਜੰਟਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਰਾਕ ਵਿਚ ਨੌਜਵਾਨਾਂ ਨਾਲ ਕਮਰੇ ਭਰੇ ਪਏ ਹਨ ਤੇ ਉਥੇ ਕੰਮ-ਕਾਜ ਨਹੀਂ ਹੈਗਾ, ਇਸ ਲਈ ਇਰਾਕ ਜਾਣ ਲਈ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੈ।


Gurminder Singh

Content Editor

Related News