SGPC ਨੇ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਦੇਸ਼ ਦੇਣ ਦੀ ਕੀਤੀ ਅਪੀਲ
Monday, Apr 20, 2026 - 04:45 PM (IST)
ਅੰਮ੍ਰਿਤਸਰ(ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ ਘਟਾਏ ਜਾਣ ਅਤੇ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਮਨਾਉਣ ਸਬੰਧੀ ਵਿਚਾਰਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਾਮਲੇ ਵਿਚਾਰੇ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤ੍ਰਿੰਗ ਕਮੇਟੀ ਦੇ ਫ਼ੈਸਲਿਆਂ ਬਾਰੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ 14 ਸਾਲ ਪਹਿਲਾਂ ਪਟੀਸ਼ਨ ਪਾਈ ਗਈ ਸੀ, ਪਰੰਤੂ ਕੇਂਦਰ ਸਰਕਾਰ ਨੇ ਇਸ ਸਬੰਧੀ ਹਮੇਸ਼ਾ ਅੜੀਅਲ ਰਵੱਈਆ ਹੀ ਅਪਣਾਈ ਰੱਖਿਆ। ਸਰਕਾਰ ਦੀ ਅਜਿਹੀ ਪਹੁੰਚ ਜਿਥੇ ਸਿੱਖ ਭਾਵਨਾਵਾਂ ਦਾ ਨਿਰਾਦਰ ਹੈ ਉਥੇ ਹੀ ਘਟਗਿਣਤੀਆਂ ਪ੍ਰਤੀ ਉਸ ਦੀ ਸੋਚ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਬਲਵੰਤ ਸਿੰਘ ਰਾਜੋਆਣਾ ਸ਼੍ਰੋਮਣੀ ਕਮੇਟੀ ਨੂੰ ਵਾਰ-ਵਾਰ ਆਪਣੀ ਅਪੀਲ ਵਾਪਸ ਲੈਣ ਲਈ ਕਹਿ ਰਹੇ ਹਨ, ਪਰ ਸ਼੍ਰੋਮਣੀ ਕਮੇਟੀ ਨੇ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੀਤੀ ਸੀ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਫੜੇ ਗਏ 3 ਹਥਿਆਰ ਤਸਕਰ, 6 ਪਿਸਤੌਲ ਤੇ ਕਾਰਤੂਸ ਵੀ ਬਰਾਮਦ
ਇਸ ਲਈ ਅੱਜ ਦੀ ਅੰਤ੍ਰਿੰਗ ਕਮੇਟੀ ਨੇ ਵਿਚਾਰ ਮਗਰੋਂ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਯੋਗ ਆਦੇਸ਼ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਆਦੇਸ਼ ਆਵੇਗਾ ਸ਼੍ਰੋਮਣੀ ਕਮੇਟੀ ਉਸ ’ਤੇ ਪਹਿਰਾ ਦੇਵੇਗੀ। ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰੇ ਸਬੰਧੀ ਵੀ ਚਿੰਤਾ ਪ੍ਰਗਟਾਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਹਿੱਤਾਂ ਨਾਲ ਇਕ ਹੋਰ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਜਿੰਨਾ ’ਤੇ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਹੈ, ਨੂੰ ਹਥਿਆਉਣ ਲਈ ਕੇਂਦਰ ਗ਼ਲਤ ਤਰੀਕੇ ਅਪਣਾਅ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਰੇਲਵੇ ਟਰੈਕ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਫੈਲੀ ਦਹਿਸ਼ਤ
ਅੰਤ੍ਰਿੰਗ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਅਜਿਹਾ ਕੋਈ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਜੋ ਪੰਜਾਬੀਆਂ ਦੇ ਹੱਕਾਂ ਵਿਰੁੱਧ ਹੋਵੇ। ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਮਨਾਏ ਜਾਣ ਸਬੰਧੀ ਪ੍ਰੋਗਰਾਮ ਉਲੀਕਣ ਵਾਸਤੇ ਸਬ-ਕਮੇਟੀ ਗਠਨ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸਬ-ਕਮੇਟੀ ਵੱਖ-ਵੱਖ ਜਥੇਬੰਦੀਆਂ ਅਤੇ ਭਗਤ ਰਵਿਦਾਸ ਜੀ ਨਾਲ ਸਬੰਧਤ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮਿਲ ਕੇ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਤਿਆਰ ਕਰੇਗੀ।
ਇਹ ਵੀ ਪੜ੍ਹੋ- ਕੰਬਿਆ ਪੰਜਾਬ ਦਾ ਇਹ ਇਲਾਕਾ, ਚੱਲੀਆਂ ਤਾੜ-ਤਾੜ ਗੋਲੀਆਂ
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ 29 ਅਪ੍ਰੈਲ ਤੋਂ 1 ਮਈ 2026 ਤੱਕ ਮਨਾਈ ਜਾ ਰਹੀ ਸ਼ਤਾਬਦੀ ਦੇ ਪ੍ਰੋਗਰਾਮਾਂ ਸਬੰਧੀ ਵਿਚਾਰਾਂ ਹੋਈਆਂ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਸਮਾਗਮਾਂ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਰੁਪਏ ਸਹਾਇਤਾ ਦੇਣ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਲੁਧਿਆਣਾ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਮੌਕੇ ਹੋਏ ਹਾਦਸੇ ’ਚ ਜਾਨ ਗਵਾਉਣ ਵਾਲੇ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਵੀ 1 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਾਰਦਾਤ, ਘਰ ਦੇ ਬਾਹਰ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ, ਤਸਵੀਰਾਂ cctv 'ਚ ਕੈਦ
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਝੱਬਰ, ਦਲਜੀਤ ਸਿੰਘ ਭਿੰਡਰ, ਬਲਦੇਵ ਸਿੰਘ ਕਾਇਮਪੁਰ, ਮੰਗਵਿੰਦਰ ਸਿੰਘ ਖਾਪੜਖੇੜੀ, ਮਿੱਠੂ ਸਿੰਘ ਕਾਹਨੇਕੇ, ਓਐਸਡੀ ਸਤਬੀਰ ਸਿੰਘ, ਸੱਕਤਰ ਬਲਵਿੰਦਰ ਸਿੰਘ ਕਾਹਲਵਾਂ, ਇੰਜੀ: ਸੁਖਮਿੰਦਰ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਤੇਜਿੰਦਰ ਸਿੰਘ ਪੱਡਾ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਹਰਭਜਨ ਸਿੰਘ ਵਕਤਾ, ਮਨਜੀਤ ਸਿੰਘ ਤਲਵੰਡੀ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਐਕਸੀਅਨ ਜਤਿੰਦਰਪਾਲ ਸਿੰਘ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
