72 ਘੰਟਿਆਂ ’ਚ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ’ਚ ਦੋਸਤ ਹੀ ਨਿਕਲਿਆ ਦੋਸਤ ਦਾ ਕਾਤਲ
Wednesday, Apr 21, 2021 - 05:11 PM (IST)
ਲੁਧਿਆਣਾ (ਰਾਜ) : ਥਾਣਾ ਮਾਡਲ ਟਾਊਨ ਨੇ 72 ਘੰਟਿਆਂ ’ਚ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੁਹੰਮਦ ਅਭਿਤਾਬ ਹੈ, ਜੋ ਕਿ ਮ੍ਰਿਤਕ ਮੁਹੰਮਦ ਫਿਰੋਜ਼ ਦਾ ਦੋਸਤ ਸੀ। ਸ਼ਰਾਬ ਦੇ ਨਸ਼ੇ ’ਚ ਅਭਿਤਾਬ ਨੇ ਆਪਣੇ ਦੋਸਤ ਫਿਰੋਜ਼ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਫਿਰ ਬੇਆਬਾਦ ਪਲਾਟ ’ਚ ਉਸ ਦੀ ਲਾਸ਼ ਸੁੱਟ ਕੇ ਫਰਾਰ ਹੋ ਗਿਆ ਸੀ। ਮੁਲਜ਼ਮ ਪੁਲਸ ਰਿਮਾਂਡ ’ਤੇ ਹੈ। ਉਸ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਜੁਆਇੰਟ ਸੀ. ਪੀ. ਦੀਪਕ ਪਾਰਿਕ, ਏ. ਡੀ. ਸੀ. ਪੀ. ਸਮੀਰ ਵਰਮਾ, ਏ. ਸੀ. ਪੀ. ਜਤਿੰਦਰ ਚੋਪੜਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਅਬਦੁਲ ਹਨਾਨ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਸਾਂਢੂ ਮੁਹੰਮਦ ਫਿਰੋਜ਼, ਜੋ ਕਿ ਅਰਜਨ ਨਗਰ ਇਲਾਕੇ ’ਚ ਰਹਿੰਦਾ ਸੀ, ਜੋ ਮਜ਼ਦੂਰੀ ਕਰਦਾ ਸੀ। 15 ਅਪ੍ਰੈਲ ਦੀ ਦੇਰ ਰਾਤ ਤੋਂ ਲਾਪਤਾ ਸੀ। ਜਦੋਂ ਉਸ ਨੂੰ ਲੱਭਣ ਨਿਕਲਿਆ ਤਾਂ ਪੰਮੀ ਹਸਪਤਾਲ ਦੇ ਕੋਲ ਇਕ ਖਾਲੀ ਪਲਾਟ ’ਚ ਉਸ ਦੀ ਲਾਸ਼ ਮਿਲੀ ਹੈ। ਮੌਕੇ ’ਤੇ ਪੁਲਸ ਨੇ ਪੁੱਜ ਕੇ ਦੇਖਿਆ ਕਿ ਮ੍ਰਿਤਕ ਮੁਹੰਮਦ ਫਿਰੋਜ਼ ਦੇ ਗਲੇ ਅਤੇ ਬਾਂਹ ’ਤੇ ਸੱਟ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਪੰਜਾਬ ਨੂੰ ਨਹੀਂ ਬਣਨ ਦੇਵਾਂਗੇ ਦਿੱਲੀ, ਔਖ ਤਾਂ ਹੋਵੇਗੀ ਪਰ ਅਜਿਹਾ ਕਰਨਾ ਲਾਜ਼ਮੀ : ਕੈਪਟਨ
ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕਰ ਕੇ ਜਾਂਚ ਅੱਗੇ ਵਧਾਈ। ਜਾਂਚ ਦੌਰਾਨ ਪਤਾ ਲੱਗਾ ਕਿ 15 ਅਪ੍ਰੈਲ ਦੀ ਰਾਤ ਨੂੰ ਮੁਹੰਮਦ ਫਿਰੋਜ਼ ਦੇ ਨਾਲ ਅਭਿਤਾਬ ਨੂੰ ਦੇਖਿਆ ਗਿਆ ਸੀ। ਇਸ ਲਈ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਅਭਿਤਾਬ ਨੂੰ ਫੜਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ। ਸਖ਼ਤੀ ਵਰਤਣ ’ਤੇ ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਉਨ੍ਹਾਂ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਸੀ। ਇਸ ਦੌਰਾਨ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜੋ ਕਿ ਕੁੱਟਮਾਰ ’ਚ ਬਦਲ ਗਈ। ਫਿਰ ਉਸ ਨੇ ਮੁਹੰਮਦ ਫਿਰੋਜ਼ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਉਸ ਨੇ ਲਾਸ਼ ਪਲਾਟ ’ਚ ਕੰਧ ਦੇ ਕੋਲ ਸੁੱਟ ਦਿੱਤੀ ਸੀ ਅਤੇ ਫਰਾਰ ਹੋ ਗਿਆ ਸੀ। ਜੁਆਇੰਟ ਸੀ. ਪੀ. ਪਾਰਿਕ ਦਾ ਕਹਿਣਾ ਹੈ ਕਿ ਪੁਲਸ ਨੇ ਇਹ ਕੇਸ 72 ਘੰਟਿਆਂ ’ਚ ਸੁਲਝਾਇਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਖ਼ਤਰੇ ਦੀ ਘੰਟੀ, ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਘਟੀ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ