ਮਹਿਲਾ ਦਿਵਸ 'ਤੇ ਵਿਸ਼ੇਸ਼: ਇਕ ਨਾਰੀ ਹੀ ਸਮਾਜ 'ਚ ਕਰ ਸਕਦੀ ਹੈ ਬਦਲਾਅ
Sunday, Mar 08, 2020 - 07:03 PM (IST)
ਗੋਰਾਇਆ (ਮੁਨੀਸ਼)— ਵਿਸ਼ਵ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਕ ਮਹਿਲਾ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ ਅਤੇ ਔਰਤਾਂ ਦਾ ਹਰ ਖੇਤਰ 'ਚ ਸਮਾਜ ਲਈ ਆਪਣਾ ਇਕ ਵੱਡਮੁੱਲਾ ਯੋਗਦਾਨ ਵੀ ਹੈ। ਕਿਸੇ ਵੀ ਰਾਸ਼ਟਰ ਦੀ ਉੱਨਤੀ ਤਦ ਹੀ ਹੋ ਸਕਦੀ ਹੈ ਜੇਕਰ ਉਸ ਰਾਸ਼ਟਰ 'ਚ ਨਾਰੀ ਨੂੰ ਉਹ ਸਾਰੇ ਅਧਿਕਾਰ ਦਿੱਤੇ ਜਾਣ ਜੋ ਇਕ ਪੁਰਸ਼ ਪ੍ਰਧਾਨ ਸਮਾਜ ਨੂੰ ਦਿੱਤੇ ਜਾਂਦੇ ਹਨ। ਧਰਤੀ ਤੋਂ ਲੈ ਕੇ ਅਸਮਾਨ ਤੱਕ ਹਰ ਖੇਤਰ ਦੇ ਨਿਰਮਾਣ 'ਚ ਔਰਤਾਂ ਦਾ ਮੱਹਤਵਪੂਰਨ ਯੋਗਦਾਨ ਰਿਹਾ ਹੈ।
ਐੱਸ. ਟੀ. ਐੱਸ. ਵਰਲਡ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਗੱਲਬਾਤ ਦੌਰਾਨ ਕਿਹਾ ਕਿ ਔਰਤਾਂ ਹੀ ਬਿਜ਼ਨੈੱਸ, ਉੱਦਮੀ ਕਾਰਜਾਂ ਅਤੇ ਵੇਤਨ ਰਹਿਤ ਮਿਹਨਤ ਦੇ ਰੂਪ 'ਚ ਅਰਥ ਵਿਵਸਥਾ 'ਚ ਕਾਫੀ ਵੱਡਾ ਯੋਗਦਾਨ ਦਿੰਦੀਆਂ ਹਨ। ਕਾਰਪੋਰੇਟ ਜਗਤ ਦੀ ਗੱਲ ਕਰੀਏ ਤਾਂ ਅੱਜ ਹਰ ਅਹੁਦੇ ਉੱਤੇ ਔਰਤਾਂ ਦਾ ਬੋਲਬਾਲਾ ਹੈ। ਸਿੱਖਿਆ ਔਰਤਾਂ ਨੂੰ ਚੋਣ ਕਰਨ ਦੀ ਸ਼ਕਤੀ ਦਿੰਦੀ ਹੈ। ਜਿਸ ਨਾਲ ਉਸ ਦਾ ਕਲਿਆਣ, ਸਿਹਤ, ਬੱਚਿਆ ਦੀ ਸਿੱਖਿਆ ਅਤੇ ਨਿਰੰਤਰ ਪਰਿਵਾਰ ਦਾ ਵਿਕਾਸ ਹੁੰਦਾ ਹੈ।ਮੇਰੇ ਵਿਚਾਰ ਅਨੁਸਾਰ ਐੱਸ. ਡੀ. ਜੀ. ਗੋਲ ਨੰਬਰ-5 (ਲਿੰਗ ਸਮਾਨਤਾ) ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਕਿ ਹਰ ਔਰਤ ਨੂੰ ਆਪਣਾ ਖੁਦ ਦਾ ਫੈਸਲਾ ਲੈਣ ਦਾ ਅਧਿਕਾਰ ਹੋਵੇ। ਉਹ ਜ਼ਿੰਦਗੀ ਦੇ ਹਰ ਖੇਤਰ 'ਚ ਫੈਸਲਾ ਲੈਣ ਦੇ ਯੋਗ ਹੋਵੇ ਅਤੇ ਉਹ ਕਿਸੇ 'ਤੇ ਨਿਰਭਰ ਨਾ ਹੋ ਕੇ ਸੁਤੰਤਰ ਰੂਪ ਨਾਲ ਆਪਣਾ ਕਾਰਜ ਕਰ ਸਕੇ। ਉਹ ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲਵੇ ਕਿ ਉਸ ਨੂੰ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਜਾ ਕੇ ਇਹ ਨਾ ਕਹਿਣਾ ਪਵੇ ਕਿ ਕਾਸ਼! ਮੈ ਇਹ ਕਰ ਸਕਦੀ।
8 ਮਾਰਚ ਪੂਰੇ ਦੇਸ਼ 'ਚ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਪਰ ਮੈਂ ਹਰ ਦਿਨ ਨੂੰ ਮਹਿਲਾ ਦਿਵਸ ਮੰਨਦੀ ਹਾਂ ਕਿਉਂਕਿ ਹਰ ਕਿਸੇ ਦੇ ਜੀਵਨ 'ਚ ਮਹਿਲਾ ਦੀ ਸ਼ਮੂਲੀਅਤ ਹੁੰਦੀ ਹੈ। ਇਸ ਦੁਨੀਆ 'ਤੇ ਮਹਿਲਾ ਤੋਂ ਬਿਨਾਂ ਜੀਵਨ ਸੰਭਵ ਨਹੀਂ। ਅੰਤਹੀਣ ਪਿਆਰ ਦੇਣ ਵਾਲੀ ਮਹਿਲਾ ਮਾਂ, ਭੈਣ, ਪਤਨੀ ਜਾਂ ਪ੍ਰੇਮਿਕਾ ਕਿਸੇ ਵੀ ਰੂਪ ਵਿਚ ਪੇਸ਼ ਹੁੰਦੀ ਹੈ। ਨਾਰੀ ਕੋਈ ਆਮ ਸ਼ਬਦ ਨਹੀਂ। ਨਾਰੀ ਨੇ ਆਪਣੇ ਸਾਹਸ, ਅਣਥੱਕ ਮਿਹਨਤ ਅਤੇ ਬੁੱਧੀਮਾਨੀ ਸਦਕਾ ਸਮਾਜ 'ਚ ਆਪਣੀ ਵਿਲੱਖਣ ਪਛਾਣ ਅਤੇ ਯੁੱਗ ਨਿਰਮਾਣ ਵਿਚ ਆਪਣਾ ਨਿਵੇਕਲਾ ਯੋਗਦਾਨ ਪਾਇਆ ਹੈ। ਵੇਦ, ਪੁਰਾਣਾਂ 'ਚ ਵੀ ਨਾਰੀ ਨੂੰ ਸਤਿਕਾਰ ਦਿੱਤਾ ਗਿਆ ਹੈ। ਅਫਸੋਸ ਹੈ ਕਿ ਅੱਜ ਨਾਰੀ ਹਰ ਦਿਨ ਅਪਮਾਨਤ ਹੋ ਰਹੀ ਹੈ ।ਆਏ ਦਿਨ ਨਾਰੀ ਨਾਲ ਹੋ ਰਹੇ ਸ਼ੋਸ਼ਣ ਨੇ ਨਾਰੀ ਨੂੰ ਅਬਲਾ ਬਣਾ ਦਿੱਤਾ ਹੈ। ਇਹ ਸਥਿਤੀ ਸਿਰਫ ਭਾਰਤ ਦੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ ਹੈ। ਕੇਵਲ ਇਕ ਦਿਨ ਮਹਿਲਾ ਦਿਵਸ ਮਨਾਉਣ ਨਾਲ ਹੀ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਸਾਨੂੰ ਹਰ ਦਿਨ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਸ ਦਿਨ ਦਾ ਨਾਰੀ ਸਸ਼ਕਤੀਕਰਨ ਦਾ ੳੁਦੇਸ਼ ਪੂਰਾ ਹੋ ਸਕੇ ਤੇ ਨਾਰੀ ਨੂੰ ਸ਼ਕਤੀ ਪ੍ਰਦਾਨ ਕੀਤੀ ਜਾਵੇ। ਨਾਰੀ ਨੂੰ ਵੀ ਆਪਣੀ ਸ਼ਕਤੀ ਪਹਿਚਾਨਣੀ ਪਵੇਗੀ। ਆਪਣੇ ਆਪ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਹੀ ਇਕ ਨਰੋਏ, ਬਰਾਬਰੀ ਵਾਲੇ ਤੇ ਸ਼ਕਤੀਸ਼ਾਲੀ ਸਮਾਜ ਦੀ ਸਿਰਜਣਾ ਹੋਵੇਗੀ।-ਅੰਜੂ ਬਾਲਾ (ਸਟੇਟ ਅਵਾਰਡੀ ਅਧਿਆਪਕਾ) ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆ
ਨਾਰੀ ਸਮਾਜ ਦਾ ਕੇਂਦਰ ਬਿੰਦ ਹੈ ਗੱਲ ਕਰੇ ਕਿਸੇ ਵੀ ਸਫਲ ਪੁਰਖ ਦੇ ਪਿੱਛੇ ਕਾਮਯਾਬੀ ਦਾ ਉਸ ਦੇ ਪਿੱਛੇ ਇਕ ਔਰਤ ਦਾ ਹੀ ਹੱਥ ਹੁੰਦਾ ਹੈ। ਕਦੇ ਬੇਟੀ, ਕਦੇ ਨੂਹ ਬਣਕੇ, ਕਦੇ ਭੈਣ ਬਣਕੇ, ਕਦੇ ਪਤਨੀ ਅਤੇ ਮਾਂ ਬਣ ਕੇ ਸ਼ਲਾਘਾਯੋਗ ਰੋਲ ਅਦਾ ਕਰਦੀ ਹੈ। ਇਕ ਔਰਤ ਤਾਂ ਕਿਉਂ ਨਾ ਇਕ ਐਸੀ ਸ਼ਿਲਪਕਾਰ ਜਿਸਦਾ ਸਮਾਜ ਦੇ ਨਿਰਮਾਣ ਵਿੱਚ ਇੰਨਾ ਵੱਡਾ ਹੱਥ ਹੈ ਤਾਂ ਕੀ ਇਹ ਸਮਾਜ 'ਚ ਉਸ ਸਨਮਾਨ ਅਤੇ ਇੱਜ਼ਤ ਦੀ ਅਧਿਕਾਰੀ ਨਹੀਂ ਹੈ ਤਾਂ ਆਓ ਅੱਜ ਮਹਿਲਾ ਦਿਵਸ 'ਤੇ ਅਸੀਂ ਪ੍ਰਣ ਕਰੀਏ ਅੱਜ ਤੋਂ ਅਸੀਂ ਆਪਣੇ ਸਮਾਜ ਦੀਆਂ ਸਾਰੀ ਮਹਿਲਾਵਾਂ ਦਾ ਸਨਮਾਨ ਕਰਾਂਗੇ ਅਤੇ ਜਿਸ ਦਾ ਆਗਾਜ਼ ਆਪਣੇ ਘਰ ਤੋਂ ਕਰਨਗੇ।-ਆਰਤੀ ਸੋਬਧੀ ਪ੍ਰਿੰਸੀਪਲ ਹਨੂੰਮਤ ਸਕੂਲ
ਅਧਿਆਪਕਾ ਨਿਸ਼ਾ ਨੇ ਕਿਹਾ ਕਿ ਬੇਟੀਆਂ ਦੀ ਸਿੱਖਿਆ ਹੀ ਸਾਰੀ ਸਮੱਸਿਆਵਾਂ ਦਾ ਹਲ ਹੈ। ਸਿੱਖਿਆ ਤੋਂ ਹੀ ਬੇਟੀਆਂ 'ਚ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਹਰ ਸਮੱਸਿਆ ਦਾ ਨਿਵਾਰਣ ਹੀ ਸਿੱਖਿਆ ਹੈ। ਉਹ ਖੁਦ ਲੰਬੇ ਸਮੇਂ ਤੋਂ ਸਿੱਖਿਆ ਖੇਤਰ ਦੇ ਨਾਲ ਜੁੜੀ ਹੈ ਅਤੇ ਉਹ ਹਰ ਜਰੂਰਤਮੰਦ ਵਿਦਿਆਰਥੀ ਵਿਦਿਆਰਥਣ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਮਦਦ ਨੂੰ ਤਿਆਰ ਰਹਿੰਦੀ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ: ਔਰਤਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੀਆਂ ਨੇ ਮਹਿਲਾ ਪੁਲਸ ਮੁਲਾਜ਼ਮਾਂ