ਪਿੰਡ ਅਠੌਲਾ 'ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕਾਰ ਸਵਾਰਾਂ ਨੇ ਮਾਰੀ ਗੋਲ਼ੀ

Tuesday, Mar 01, 2022 - 10:53 AM (IST)

ਲਾਂਬੜਾ (ਮਾਹੀ, ਵਰਿੰਦਰ): ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਅਠੌਲਾ ਵਿਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ’ਚ ਮੈਚ ਖੇਡ ਕੇ ਬਾਹਰ ਆ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇੰਦਰਜੀਤ ਸਿੰਘ ਨੂੰ ਸਵਿਫਟ ਕਾਰ ’ਚ ਸਵਾਰ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇੰਦਰਜੀਤ ਸਿੰਘ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿਚ ਖੇਡ ਰਿਹਾ ਸੀ, ਇਸ ਦੌਰਾਨ ਇਕ ਸਵਿਫਟ ਕਾਰ ਉਥੇ ਆਈ, ਜਿਸ ਵਿਚ 3 ਦੇ ਕਰੀਬ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਆਉਂਦੇ ਹੀ ਇੰਦਰਜੀਤ ’ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ’ਚ ਲੱਗੀ। ਰਾਹਤ ਦੀ ਖ਼ਬਰ ਇਹ ਹੈ ਕਿ ਕਬੱਡੀ ਖਿਡਾਰੀ ਦੀ ਜਾਨ ਖ਼ਤਰੇ 'ਚੋਂ ਬਾਹਰ ਹੈ।

ਇਹ ਵੀ ਪੜ੍ਹੋ: ਜਾਣੋ ਯੂਕ੍ਰੇਨ-ਰੂਸ ਲੜਾਈ ਦੀ ਅਸਲ ਵਜ੍ਹਾ, ਜਿਸ ਕਾਰਨ ਬਰੂਹਾਂ 'ਤੇ ਆਣ ਢੁੱਕੀ 'ਤੀਜੀ ਵਿਸ਼ਵ ਜੰਗ'

ਦੱਸਣਯੋਗ ਹੈ ਕਿ ਇੰਦਰਜੀਤ ਸਿੰਘ, ਜੋ ਕਿ ਇਟਲੀ ਦੇ ਇਕ ਕਲੱਬ ਲਈ ਕਬੱਡੀ ਖੇਡਦਾ ਹੈ ਅਤੇ ਅੱਜ ਕਲ੍ਹ ਆਪਣੇ ਜੱਦੀ ਪਿੰਡ ਕੋਹਾਲਾ ਆਇਆ ਹੋਇਆ ਸੀ ਅਤੇ ਪਿੰਡ ਅਠੌਲਾ ਵਿਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿਚ ਖੇਡ ਰਿਹਾ ਸੀ। ਇਸ ਦੌਰਾਨ ਇਕ ਸਵਿਫਟ ਕਾਰ ਉਥੇ ਆਈ, ਜਿਸ ਵਿਚ 3 ਦੇ ਕਰੀਬ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਆਉਂਦੇ ਹੀ ਇੰਦਰਜੀਤ ’ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ’ਚ ਲੱਗੀ, ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਾਥੀ ਉਸ ਨੂੰ ਉਥੋਂ ਸਿਵਲ ਹਸਪਤਾਲ ਲੈ ਗਏ। ਉਸ ਦੇ ਨਾਲ ਆਏ ਸਾਥੀਆਂ ਨੇ ਪੁਲਸ ਨੂੰ ਦੱਸਿਆ ਕਿ ਅਸੀਂ ਇਸ ਦਾ ਇਲਾਜ ਪ੍ਰਾਈਵੇਟ ਹਸਪਤਾਲ ’ਚ ਕਰਵਾਉਣਾ ਚਾਹੁੰਦੇ ਹਾਂ। ਇਸ ’ਤੇ ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਆਪਣੀ ਪੁਲਸ ਪਾਰਟੀ ਸਮੇਤ ਜ਼ਖ਼ਮੀ ਨੂੰ ਨਕੋਦਰ ਚੌਂਕ ਨੇੜੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਇਲਾਜ ਦੌਰਾਨ ਡਾਕਟਰਾਂ ਨੇ ਇੰਦਰਜੀਤ ਦੀ ਲੱਤ ’ਚ ਲੱਗੀ ਗੋਲ਼ੀ ਨੂੰ ਕੱਢ ਕੇ ਉਸ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕੀਤਾ।  ਪੁਲਸ ਵੱਲੋਂ ਪਿੰਡ ਅਠੌਲਾ ਨੇੜੇ ਕਈ ਪਿੰਡਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਪਹਿਲਾਂ ਭੂਆ ਦੇ ਘਰ ਨਹੀਂ ਮਿਲਿਆ ਤਾਂ ਹਮਲਾਵਰਾਂ ਨੇ 3 ਕੀਤੇ ਫਾਇਰ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸਵਿਫ਼ਟ ਕਾਰ ’ਚ ਆਏ ਹਮਲਾਵਰ ਪਹਿਲਾਂ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਿੰਡ ਮਲੂਕਾਜਲਾ ’ਚ ਇੰਦਰਜੀਤ ਦੀ ਭੂਆ ਦੇ ਘਰ ਗਏ, ਜਿੱਥੇ ਉਸ ਦੀ ਭਾਲ ਕੀਤੀ ਗਈ, ਜਦੋਂ ਉਹ ਉਥੇ ਨਹੀਂ ਮਿਲਿਆ ਤਾਂ ਹਮਲਾਵਰਾਂ ਨੇ 3 ਗੋਲ਼ੀਆਂ ਚਲਾਈਆਂ ਅਤੇ ਉਥੋਂ ਫ਼ਰਾਰ ਹੋ ਗਏ।

ਮਿਲ ਰਹੀਆਂ ਸਨ ਧਮਕੀਆਂ
ਇੰਦਰਜੀਤ ਦੇ ਦੋਸਤ ਹਸਪਤਾਲ ਦੇ ਬਾਹਰ ਖੜ੍ਹੇ ਆਪਸ ’ਚ ਗੱਲਾਂ ਕਰ ਰਹੇ ਸਨ ਕਿ ਕਾਫ਼ੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ ਪਰ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਕਾਰਨ ਅਤੇ ਕੌਣ ਧਮਕੀਆਂ ਦੇ ਰਿਹਾ ਸੀ। ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇੰਦਰਜੀਤ ਦੇ ਮੋਬਾਈਲ ਨੰਬਰ ਦੀ ਕਾਲ ਡਿਟੇਲ ਵੀ ਕੱਢਵਾ ਰਹੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਸ ਨੂੰ ਕੌਣ ਧਮਕੀਆਂ ਦੇ ਰਿਹਾ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੀ ਟਰੇਨ ’ਤੇ ਅਚਾਨਕ ਚੜ੍ਹੇ ਸਿੱਖ ਨੌਜਵਾਨ, ਫਿਰ ਵੰਡਿਆ ਜਾਣ ਲੱਗਾ ਲੰਗਰ

ਹਮਲਾਵਰਾਂ ਵਿਚੋਂ ਇਕ ਹੋਈ ਪਛਾਣ
ਇਸ ਗੋਲ਼ੀ ਕਾਂਡ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਦੀ ਪਛਾਣ ਹੋ ਗਈ ਹੈ। ਡੀ. ਐੱਸ . ਪੀ ਰੰਧਾਵਾ ਨੇ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਦੀ ਪਛਾਣ ਜਿੰਦਰ ਪਿੰਡ ਸੁੱਨੜਾਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਕ ਜਿੰਦਰ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਪਰਚੇ ਦਰਜ ਹਨ।

ਪ੍ਰਬੰਧਕਾਂ ਨੇ ਖਿਡਾਰੀਆਂ ਦੀ ਜਾਨ ਲਾਈ ਦਾਅ ’ਤੇ, ਪੁਲਸ ਨੂੰ ਬਿਨਾ ਦੱਸੇ ਕਰਵਾਇਆ ਜਾ ਰਿਹੈ ਟੂਰਨਾਮੈਂਟ
ਪਿੰਡ ਅਠੌਲਾ ਵਿਚ ਫਲੱਡ ਲਾਈਟਾਂ ਵਿਚ ਹੋ ਰਹੇ 3 ਦਿਨਾ ਕਬੱਡੀ ਟੂਰਨਾਮੈਂਟ ਵਿਚ ਕਈ ਨਾਮੀ ਭਾਰਤੀ ਤੇ ਵਿਦੇਸ਼ੀ ਖਿਡਾਰੀ ਭਾਗ ਲੈ ਰਹੇ ਸਨ ਪਰ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਉਨ੍ਹਾਂ ਦੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ। ਐੱਸ. ਐੱਚ. ਓ. ਲਾਂਬੜਾ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਇੰਨਾ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪਰ ਨਾ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਨਾ ਹੀ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਟੂਰਨਾਮੈਂਟ ਨੂੰ ਮਨਜ਼ੂਰੀ ਦਿੱਤੀ ਗਈ ਹੁੰਦੀ ਤਾਂ ਪੁਲਸ ਮੁਲਾਜ਼ਮ ਤਾਇਨਾਤ ਹੁੰਦੇ।

ਨੋਟ : ਪੰਜਾਬ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News