ਲੁਧਿਆਣਾ ''ਚ 200 ਕਰੋੜ ਦੀ ਹੈਰੋਇਨ ਸਣੇ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਗ੍ਰਿਫਤਾਰ
Monday, Mar 26, 2018 - 07:14 AM (IST)

ਲੁਧਿਆਣਾ(ਅਨਿਲ) - ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਥਾਪਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ ਅੱਜ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਮੱਗਲਰ ਨੂੰ ਲੁਧਿਆਣਾ ਰੇਂਜ ਦੇ ਐੱਸ. ਟੀ. ਐੱਫ. ਦੇ ਇੰਚਾਰਜ ਐੱਸ. ਆਈ. ਹਰਬੰਸ ਸਿੰਘ ਦੀ ਟੀਮ ਨੇ 40 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਪੱਤਰਕਾਰ ਸੰਮੇਲਨ ਦੌਰਾਨ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਏ. ਆਈ. ਜੀ. ਜਲੰਧਰ ਰੇਂਜ ਮੁਖਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਦੀ ਪੁਲਸ ਟੀਮ ਨੇ ਚੰਡੀਗੜ੍ਹ ਰੋਡ 'ਤੇ ਕੀਰਤੀ ਨਗਰ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਾਹਮਣਿਓਂ ਇਕ ਸਫੈਦ ਰੰਗ ਦੀ ਸਵਿਫਟ ਕਾਰ ਆਉਂਦੀ ਹੋਈ ਵਿਖਾਈ ਦਿੱਤੀ, ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਕਤ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਪੁਲਸ ਟੀਮ ਨੂੰ ਵੇਖ ਕੇ ਕਾਰ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਮੁਸਤੈਦੀ ਕਾਰਨ ਤੁਰੰਤ ਕਾਰ ਨੂੰ ਕਾਬੂ ਕਰ ਲਿਆ ਗਿਆ, ਜਿਸ ਵਿਚ ਇਕ ਵਿਅਕਤੀ ਸਵਾਰ ਸੀ। ਜਦੋਂ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਪਿਛਲੀ ਸੀਟ 'ਤੇ ਸੇਬਾਂ ਦੀਆਂ 4 ਪੇਟੀਆਂ ਪਈਆਂ ਹੋਈਆਂ ਸਨ। ਜਦੋਂ ਪੁਲਸ ਨੇ ਪੇਟੀਆਂ ਦੀ ਜਾਂਚ ਕੀਤੀ ਤਾਂ ਸੇਬਾਂ ਹੇਠੋਂ 40 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ, ਜਿਸ ਵਿਚ 40 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 200 ਕਰੋੜ ਰੁਪਏ ਕੀਮਤ ਆਂਕੀ ਜਾ ਰਹੀ ਹੈ।
ਪੁਲਸ ਨੇ ਫੜੇ ਗਏ ਵਿਅਕਤੀ ਦੀ ਪਛਾਣ ਗੁਰਲਾਲ ਸਿੰਘ ਗੁੱਲੂ (30) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੰਝ (ਅੰਮ੍ਰਿਤਸਰ) ਦੇ ਰੂਪ ਵਿਚ ਕੀਤੀ ਹੈ, ਜਿਸ ਦੇ ਖਿਲਾਫ ਥਾਣਾ ਮੋਤੀ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਾਕਿਸਤਾਨ ਦੀ ਆਈ. ਐੱਸ. ਆਈ. ਨਾਲ ਨਸ਼ਾ ਸਮੱਗਲਰ ਦੇ ਸਿੱਧੇ ਸੰਪਰਕ
ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਸਮੱਗਲਰ ਗੁਰਲਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਦਾ ਕੰਮ ਕਰਦਾ ਆ ਰਿਹਾ ਹੈ, ਜੋ ਕਿ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਨਸ਼ਾ ਸਮੱਗਲਰਾਂ ਅਤੇ ਆਈ. ਐੱਸ. ਆਈ. ਨਾਲ ਸਿੱਧੇ ਸੰਪਰਕ ਕਰ ਕੇ ਬਾਰਡਰ ਦੇ ਇਲਾਕੇ 'ਚੋਂ ਮੰਗਵਾਉਂਦਾ ਸੀ ਅਤੇ ਉਥੋਂ ਆਪਣੇ-ਆਪ ਖੇਪ ਲੈ ਕੇ ਅੱਗੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਅੱਜ ਤੱਕ ਦੋਸ਼ੀ ਗੁਰਲਾਲ ਹੈਰੋਇਨ ਦੀ ਵੱਡੀ ਖੇਪ ਨੂੰ ਪੰਜਾਬ ਦੇ ਨਾਲ-ਨਾਲ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਵਿਚ ਸਪਲਾਈ ਕਰ ਚੁੱਕਾ ਹੈ, ਜੋ ਕਿ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਹੈ।