ਵਿਦੇਸ਼ ਭੱਜਣ ਦੀ ਤਾਕ 'ਚ ਸੀ ਗ੍ਰਿਫ਼ਤਾਰ ਜੀਤਾ ਮੌੜ, ਪੰਜਾਬ ’ਚ ਇੰਝ ਚਲਦਾ ਸੀ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਧੰਦਾ

Friday, Feb 11, 2022 - 06:13 PM (IST)

ਕਪੂਰਥਲਾ/ਜਲੰਧਰ (ਸੁਧੀਰ, ਮ੍ਰਿਦੁਲ, ਭੂਸ਼ਨ)– ਐੱਸ. ਟੀ. ਐੱਫ਼. ਚੰਡੀਗੜ੍ਹ ਦੀ ਟੀਮ ਨੇ ਬੁੱਧਵਾਰ ਦੇਰ ਰਾਤ ਕਪੂਰਥਲਾ ਥਾਣਾ ਸਦਰ ਤਹਿਤ ਆਉਂਦੇ ਕਾਲਾ ਸੰਘਿਆਂ ਕਸਬੇ ਵਿਚ ਸਥਿਤ ਇਕ ਕੋਠੀ ਵਿਚ ਛਾਪਾਮਾਰੀ ਕਰਦਿਆਂ ਕਾਲੋਨਾਈਜ਼ਰ, ਸਾਬਕਾ ਕਬੱਡੀ ਖਿਡਾਰੀ ਅਤੇ ਖੇਡ ਪ੍ਰਮੋਟਰ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ। ਐੱਸ. ਟੀ. ਐੱਫ਼. ਨੇ ਮੁਲਜ਼ਮ ਤੋਂ ਕੁਝ ਹਥਿਆਰ ਅਤੇ 100 ਗ੍ਰਾਮ ਨਸ਼ਾ ਫੜਿਆ ਹੈ। ਜੀਤਾ ਮੌੜ ਤੋਂ ਕੀਤੀ ਗਈ ਪੁੱਛਗਿੱਛ ਵਿਚ ਕਈ ਵੱਡੇ ਖ਼ੁਲਾਸੇ ਹੋਏ ਹਨ, ਜਿਸ ਤੋਂ ਬਾਅਦ ਐੱਸ. ਟੀ. ਐੱਫ਼. ਦੀ ਟੀਮ ਨੇ ਪੁਲਸ ਦੇ 2 ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਸਾਬਕਾ ਡੀ. ਐੱਸ. ਪੀ. ਬਿਮਲਕਾਂਤ ਅਤੇ ਪੀ. ਏ. ਪੀ. ਵਿਚ ਤਾਇਨਾਤ ਥਾਣੇਦਾਰ ਮੁਨੀਸ਼ ਕੁਮਾਰ ਸ਼ਾਮਲ ਹਨ। ਬਿਮਲਕਾਂਤ ਜਲੰਧਰ ਅਤੇ ਕਪੂਰਥਲਾ ਸਮੇਤ ਕਈ ਹੋਰ ਸ਼ਹਿਰਾਂ ਵਿਚ ਡੀ. ਐੱਸ. ਪੀ. ਅਤੇ ਏ. ਸੀ. ਪੀ. ਦੇ ਅਹੁਦੇ ’ਤੇ ਰਹਿ ਚੁੱਕਾ ਹੈ।

ਇਹ ਵੀ ਪੜ੍ਹੋ: ਜਲੰਧਰ: ਗੈਂਗਸਟਰ ਅਮਨ-ਫਤਿਹ ਨੇ ਪੁਲਸ ਸਾਹਮਣੇ ਕੀਤੇ ਖ਼ੁਲਾਸੇ, ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਦੇਣਾ ਸੀ ਅੰਜਾਮ

ਇਕ ਸੀਨੀਅਰ ਆਈ. ਪੀ. ਐੱਸ. ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਵਿਚ ਚੱਲੀ ਇਸ ਪੂਰੀ ਮੁਹਿੰਮ ਵਿਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ ਨੂੰ ਪੁਲਸ ਨੇ ਜਦੋਂ ਹਿਰਾਸਤ ਵਿਚ ਲੈਣਾ ਚਾਹਿਆ ਤਾਂ ਉਸ ਨੇ ਕੰਮ ਵਿਚ ਵਿਘਨ ਪਾਉਣ ਅਤੇ ਕੋਠੀ ਵਿਚ ਰੱਖੇ ਕੁੱਤੇ ਛੱਡ ਕੇ ਪੁਲਸ ਸਟਾਫ਼ ਨੂੰ ਕੰਮ ਕਰਨ ਤੋਂ ਰੋਕਣਾ ਚਾਹਿਆ। ਐੱਸ. ਟੀ. ਐੱਫ਼. ਲੁਧਿਆਣਾ ਵਿੰਗ ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਐੱਸ. ਟੀ. ਐੱਫ਼. ਨੇ ਕੁੱਲ 12 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿਚ ਡਰੱਗ ਵਿਕਰੀ ਨਾਲ ਖ਼ਰੀਦੀ ਪ੍ਰਾਪਰਟੀ ਨੂੰ ਐਡਜਸਟ ਕਰਨ ਵਾਲੇ ਕੁਝ ਮਸ਼ਹੂਰ ਚਾਰਟਰਡ ਅਕਾਊਂਟੈਂਟ ਵੀ ਸ਼ਾਮਲ ਹਨ। ਮੁਲਜ਼ਮਾਂ ਖ਼ਿਲਾਫ਼ ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਬੀ. ਐੱਮ. ਡਬਲਿਊ. ਅਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐੱਸ. ਟੀ. ਐੱਫ. ਨੇ ਅਮਰੀਕਾ ਦੇ ਗੁਰਜੰਟ ਸਿੰਘ, ਕੈਨੇਡਾ ਦੇ ਦਵਿੰਦਰ ਸਿੰਘ ਉਰਫ਼ ਜਵਾਹਰ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਅਤੇ ਜੀਤਾ ਮੌੜ ਦੀ ਪਤਨੀ ਰਾਜਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 25, 27, 27-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਖ਼ੁਲਾਸਾ: ਗਰੀਬ ਘਰ ਦੀਆਂ ਕੁੜੀਆਂ ਨੂੰ ਵਿਦੇਸ਼ੋਂ ਆਈਆਂ ਦੱਸ ਕੇ ਲੱਖਾਂ ’ਚ ਅੱਗੇ ਵੇਚ ਰਿਹੈ ਗਿਰੋਹ

PunjabKesari

ਇਸ ਤਰ੍ਹਾਂ ਚੱਲਦੀ ਸੀ ਖੇਡ
ਐੱਸ. ਟੀ. ਐੱਫ. ਨੇ ਅਜੇ ਇਸ ਬਾਰੇ ਜ਼ਿਆਦਾ ਖ਼ੁਲਾਸੇ ਨਹੀਂ ਕੀਤੇ ਅਤੇ ਸੰਭਾਵਨਾ ਹੈ ਕਿ ਸ਼ੁੱਕਰਵਾਰ ਨੂੰ ਪੁਲਸ ਇਸ ਸਬੰਧੀ ਕੁਝ ਜਾਣਕਾਰੀ ਸਾਂਝੀ ਕਰ ਸਕਦੀ ਹੈ ਪਰ ਇਹ ਗੱਲ ਸਾਫ਼ ਹੋ ਗਈ ਹੈ ਕਿ ਇਸ ਪੂਰੇ ਮਾਮਲੇ ਵਿਚ ਜੀਤਾ ਮੌੜ, ਬਿਮਲਕਾਂਤ ਅਤੇ ਮੁਨੀਸ਼ ਕੁਮਾਰ ਦੇ ਸਬੰਧ ਕੁਝ ਅਜਿਹੇ ਲੋਕਾਂ ਨਾਲ ਵੀ ਸਨ, ਜੋ ਇਸ ਡਰੱਗਜ਼ ਤੋਂ ਆਉਣ ਵਾਲੀ ਕਮਾਈ ਨੂੰ ਸ਼ਹਿਰ ਵਿਚ ਪ੍ਰਾਪਰਟੀ ਦੇ ਧੰਦੇ ਵਿਚ ਲਗਾਉਂਦੇ ਸਨ। ਜੀਤਾ ਮੌੜ ਅਕਸਰ ਰਸੂਖਦਾਰ ਲੋਕਾਂ ਨਾਲ ਵੇਖਿਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਇਸ ਪੂਰੀ ਕਾਰਵਾਈ ਨੂੰ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਨੇ ਆਪਣੀ ਨਿਗਰਾਨੀ ਵਿਚ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਆ ਕੇ ਇਸ ਲਈ ਅਮਲੀਜਾਮਾ ਪਹਿਨਾਇਆ ਕਿ ਕਿਤੇ ਛੋਟੇ ਪੱਧਰ ਦੇ ਪੁਲਸ ਅਧਿਕਾਰੀ ਉਕਤ ਵਿਅਕਤੀ ਦੇ ਸੰਬੰਧਾਂ ਦੇ ਦਬਾਅ ਵਿਚ ਆ ਕੇ ਉਸ ’ਤੇ ਕਾਰਵਾਈ ਕਰਨ ਤੋਂ ਕਤਰਾ ਨਾ ਜਾਣ।

ਵਿਦੇਸ਼ ਭੱਜਣ ਦੀ ਤਿਆਰੀ ’ਚ ਸੀ ਜੀਤਾ
ਜਾਣਕਾਰੀ ਮਿਲ ਰਹੀ ਹੈ ਕਿ ਫੜਿਆ ਗਿਆ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ਵਿਚ ਸੀ। ਉਸ ਦੇ ਕੁਨੈਸ਼ਨ ਅਮਰੀਕਾ ਵਿਚ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਕੈਨੇਡਾ ਵਿਚ ਰਹਿੰਦੇ ਦਵਿੰਦਰ ਉਰਫ਼ ਜਵਾਹਰ ਨਾਲ ਸਨ। ਸਿਆਸੀ ਨੇਤਾਵਾਂ ਨਾਲ ਸੰਪਰਕ ਹੋਣ ਕਾਰਨ ਐੱਸ. ਟੀ. ਐੱਫ਼. ਦੀ ਕਾਰਵਾਈ ਦੀ ਭਿਣਕ ਪਹਿਲਾਂ ਹੀ ਜੀਤੇ ਨੂੰ ਲੱਗ ਗਈ ਅਤੇ ਉਹ ਵਿਦੇਸ਼ ਭੱਜਣਾ ਚਾਹੁੰਦਾ ਸੀ ਪਰ ਐੱਸ. ਟੀ. ਐੱਫ਼. ਨੇ ਉਸ ਨੂੰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ। ਉਸ ਕੋਲੋਂ ਵਿਦੇਸ਼ਾਂ ਤੋਂ ਹੋ ਰਹੀ ਡਰੱਗਜ਼ ਸਮੱਗਲਿੰਗ ਦੇ ਸਬੂਤ ਮਿਲੇ ਹਨ। ਇਸ ਤੋਂ ਪਹਿਲਾਂ ਈ. ਡੀ. ਨੇ ਵੀ ਜੀਤਾ ਦੇ ਖ਼ਾਤੇ ਵਿਚ ਲਗਭਗ 27 ਕਰੋੜ ਦੀ ਐਂਟਰੀ ਦਾ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਫਤਿਹ ਗੈਂਗ ਦੇ ਗੈਂਗਸਟਰਾਂ ਨੇ ਪੁਲਸ ਕੋਲ ਖੋਲ੍ਹੇ ਕਈ ਰਾਜ਼, ਸਾਹਮਣੇ ਆਇਆ ਪ੍ਰੇਮਿਕਾ ਦਾ ਵੀ ਨਾਂ

ਥਾਣੇਦਾਰ ਮੁਨੀਸ਼ ਦੇ ਲੈਪਟਾਪ ’ਚ ਸਬੂਤ
ਐੱਸ. ਟੀ. ਐੱਫ਼. ਨੇ ਇਸ ਮਾਮਲੇ ਵਿਚ ਏ. ਸੀ. ਪੀ. ਬਿਮਲਕਾਂਤ ਅਤੇ ਜੀਤਾ ਮੌੜ ਦੇ ਤੀਜੇ ਸਾਥੀ ਥਾਣੇਦਾਰ ਮੁਨੀਸ਼ ਦੇ ਘਰੋਂ ਇਕ ਲੈਪਟਾਪ ਅਤੇ ਲਗਭਗ 3 ਲੱਖ ਦਾ ਕੈਸ਼ ਫੜਿਆ ਹੈ। ਸੂਤਰਾਂ ਮੁਤਾਬਕ ਇਸ ਲੈਪਟਾਪ ਵਿਚ ਅਹਿਮ ਸੁਰਾਗ ਹਨ, ਜਿਸ ਦੀ ਪੜਤਾਲ ਚੱਲ ਰਹੀ ਹੈ।

ਜੀਤਾ ਮੌੜ ਦੇ ਜਲੰਧਰ ਦਫ਼ਤਰ ’ਚ ਐੱਸ. ਟੀ. ਐੱਫ. ਨੇ 2 ਘੰਟੇ ਕੀਤੀ ਸਰਚ
ਐੱਸ. ਟੀ. ਐੱਫ਼. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਲੋਨਾਈਜ਼ਰ ਅਤੇ ਕਬੱਡੀ ਪਲੇਅਰ ਜੀਤਾ ਮੌੜ ਦੇ ਜਲੰਧਰ ਅਰਬਨ ਅਸਟੇਟ ਫੇਜ਼-2 ਸਥਿਤ ਦਫ਼ਤਰ ਵਿਚ ਲੁਧਿਆਣਾ ਐੱਸ. ਟੀ. ਐੱਫ. ਦੀ ਟੀਮ ਨੇ ਸਰਚ ਕੀਤੀ। ਦਫ਼ਤਰ ਦੇ ਅਗਲੇ ਹਿੱਸੇ ’ਤੇ ਤਾਲੇ ਲੱਗੇ ਹੋਣ ਕਾਰਨ ਐੱਸ. ਟੀ. ਐੱਫ. ਦੇ ਅਧਿਕਾਰੀ ਪਿੱਛਿਓਂ ਦਾਖਲ ਹੋਏ। ਉਥੇ ਉਨ੍ਹਾਂ ਨੇ ਲਗਭਗ 2 ਘੰਟੇ ਤੱਕ ਪ੍ਰਾਈਵੇਟ ਗਵਾਹ ਲੈ ਕੇ ਸਾਰੀ ਸਰਚ ਦੀ ਵੀਡੀਓਗ੍ਰਾਫ਼ੀ ਕੀਤੀ। ਇਸ ਦੌਰਾਨ ਕਈ ਕਾਗਜ਼ਾਤ ਜੋਕਿ ਪ੍ਰਾਪਰਟੀ ਨਾਲ ਸੰਬੰਧਤ ਸਨ, ਉਨ੍ਹਾਂ ਨੇ ਜ਼ਬਤ ਕੀਤੇ। ਇਸ ਦੌਰਾਨ ਐੱਸ. ਟੀ. ਐੱਫ਼. ਜਲੰਧਰ ਰੇਂਜ ਦੇ ਡੀ. ਆਈ. ਜੀ. ਸੁਰਿੰਦਰ ਕੁਮਾਰ ਦੀ ਟੀਮ ਨੇ ਲੁਧਿਆਣਾ ਟੀਮ ਨਾਲ ਮਿਲ ਕੇ ਸਾਰੀ ਸਰਚ ਕਰਵਾਈ। ਲਗਭਗ 10 ਮੁਲਾਜ਼ਮਾਂ ਨਾਲ ਟੀਮ ਨੇ ਜਦੋਂ ਰੇਡ ਕੀਤੀ ਤਾਂ ਜੀਤਾ ਮੌੜ ਦੇ ਦਫ਼ਤਰ ਤੋਂ ਇਮੀਗ੍ਰੇਸ਼ਨ ਨਾਲ ਸਬੰਧਤ ਕਈ ਕਾਗਜ਼ਾਤ ਮਿਲੇ। ਜੀਤਾ ਯੂ. ਕੇ. ਦਾ ਸਿਟੀਜ਼ਨ ਹੋਣ ਦੇ ਨਾਤੇ ਬ੍ਰਿਟਿਸ਼ ਪਾਸਪੋਰਟਧਾਰਕ ਸੀ।

ਸੂਤਰਾਂ ਦੀ ਮੰਨੀਏ ਤਾਂ ਉਸ ਨੇ ਕਪੂਰਥਲਾ ਸਮੇਤ ਜਲੰਧਰ ਦੇ ਇਲਾਕੇ ਵਿਚ ਕਈ ਕਾਲੋਨੀਆਂ ਵੀ ਕੱਟੀਆਂ ਹੋਈਆਂ ਹਨ, ਜਿਸ ਵਿਚ ਕਈ ਅਧਿਕਾਰੀਆਂ ਦੇ ਪੈਸੇ ਵੀ ਇਨਵੈਸਟਮੈਂਟ ਕੀਤੇ ਹੋਏ ਸਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਏ. ਸੀ. ਪੀ. ਬਿਮਲਕਾਂਤ ਕਈ ਸਾਲਾਂ ਤੋਂ ਜੀਤਾ ਮੌੜ ਦੇ ਸੰਪਰਕ ਵਿਚ ਸੀ ਪਰ ਰਿਟਾਇਰਡ ਹੋਣ ਦੇ ਬਾਅਦ ਉਹ ਜੀਤਾ ਮੌੜ ਦੀਆਂ ਕਾਲੋਨੀਆਂ ਦੀ ਦੇਖ-ਰੇਖ ਕਰ ਰਿਹਾ ਸੀ। ਜੀਤਾ ਮੌੜ ਜਦੋਂ ਵਿਦੇਸ਼ ਵਿਚ ਹੁੰਦਾ ਸੀ ਤਾਂ ਬਿਮਲਕਾਂਤ ਹੀ ਉਸ ਦੀਆਂ ਕਾਲੋਨੀਆਂ ਤੋਂ ਲੈ ਕੇ ਹੋਰ ਧੰਦਿਆਂ ਦੀ ਦੇਖ-ਰੇਖ ਕਰਦਾ ਸੀ। ਸੂਤਰਾਂ ਦੀ ਮੰਨੀਏ ਤਾਂ ਜੀਤਾ ਮੌੜ ਦੀਆਂ ਕਾਲੋਨੀਆਂ ਵਿਚ ਵੀ ਉਸ ਨੇ ਇਨਵੈਸਟਮੈਂਟ ਕਰ ਰੱਖੀ ਸੀ।

ਪਤਾ ਲੱਗਾ ਹੈ ਕਿ 1992 ਬੈਚ ਵਿਚ ਬਿਮਲਕਾਂਤ ਏ. ਐੱਸ. ਆਈ. ਦੇ ਰੂਪ ਵਿਚ ਭਰਤੀ ਹੋਇਆ ਸੀ। ਇੰਸਪੈਕਟਰ ਅਹੁਦੇ ਤੋਂ ਪ੍ਰਮੋਟ ਹੋਣ ਤੋਂ ਬਾਅਦ ਸਾਲਾਂ ਤੱਕ ਐੱਸ. ਐੱਚ. ਓ. ਰਿਹਾ। ਪੰਜਾਬ ਪੁਲਸ ਦੀ ਸਰਵਿਸ ਵਿਚੋਂ ਸਭ ਤੋਂ ਜ਼ਿਆਦਾ ਜਲੰਧਰ ਵਿਚ ਪੋਸਟਿੰਗ ਰਹੀ। ਬਿਮਲਕਾਂਤ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਓਧਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੀਤਾ ਮੌੜ ਅਤੇ ਬਿਮਲਕਾਂਤ ਦੀ ਪੱਕੀ ਯਾਰੀ ਵੀ ਹੋ ਗਈ ਸੀ। ਸੋਸ਼ਲ ਮੀਡੀਆ ’ਤੇ ਵੀ ਜੀਤਾ ਮੌੜ ਨੇ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਬਿਮਲਕਾਂਤ ਉਸ ਦੇ ਨਾਲ ਦੇਖਿਆ ਜਾ ਸਕਦਾ ਹੈ। ਪਤਾ ਇਹ ਵੀ ਲੱਗਾ ਹੈ ਕਿ ਮੀਡੀਆ ਦੇ ਕੁਝ ਲੋਕਾਂ ਦੀ ਵੀ ਜੀਤਾ ਮੌੜ ਨਾਲ ਦੋਸਤੀ ਸੀ, ਜੋ ਸੋਸ਼ਲ ਮੀਡੀਆ ’ਤੇ ਦੇਖਿਆ ਜਾ ਸਕਦਾ ਹੈ। ਬਿਮਲਕਾਂਤ ਨੇ ਹੀ ਜੀਤਾ ਮੌੜ ਨਾਲ ਇਨ੍ਹਾਂ ਦੀ ਮੀਟਿੰਗ ਕਰਵਾਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫਗਵਾੜਾ ਦੀ ਸ਼ਰਮਨਾਕ ਘਟਨਾ, ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਦੋਸਤਾਂ ਅੱਗੇ ਪਰੋਸੀ ਕੁੜੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News