ਕੌਮਾਂਤਰੀ ਬਾਲੜੀ ਦਿਵਸ : 202 ਨਵਜੰਮੀਆਂ ਬੱਚੀਆਂ ਦੇ ਘਰਾਂ ਬਾਹਰ ਲੱਗਣਗੀਆਂ ਨਾਮ ਵਾਲੀਆਂ ਪਲੇਟਾਂ

Monday, Oct 12, 2020 - 09:38 PM (IST)

ਕੌਮਾਂਤਰੀ ਬਾਲੜੀ ਦਿਵਸ : 202 ਨਵਜੰਮੀਆਂ ਬੱਚੀਆਂ ਦੇ ਘਰਾਂ ਬਾਹਰ ਲੱਗਣਗੀਆਂ ਨਾਮ ਵਾਲੀਆਂ ਪਲੇਟਾਂ

ਹੁਸ਼ਿਆਰਪੁਰ : ਕੌਮਾਂਤਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਆਪਣੀ ਕਿਸਮ ਦੀ ਇਕ ਵਿਲੱਖਣ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ  202 ਨਵ-ਜੰਮੀਆਂ ਬੱਚੀਆਂ ਦੇ ਘਰਾਂ ਦੇ ਮੁੱਖ ਦਰਵਾਜਿਆਂ ’ਤੇ ਇਨ੍ਹਾਂ ਬਾਲੜੀਆਂ ਦੇ ਨਾਮ ਵਾਲੀਆਂ ਪਲੇਟਾਂ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਰਸਮੀ ਆਗਾਜ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਖੁਦ ਸਥਾਨਕ ਬਹਾਦਰਪੁਰ ਵਿਖੇ ਇਕ ਨਵ-ਜੰਮੀ ਬੱਚੀ ਦੇ ਘਰ ਦੇ ਬਾਹਰ ‘ਮੇਰੀ ਬੇਟੀ, ਮੇਰੀ ਸ਼ਾਨ’ ਜੈਸ਼ੀਤਾ ਨਿਵਾਸ ਵਾਲੀ ਪਲੇਟ ਲਾ ਕੇ ਕੀਤਾ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਕੌਮਾਂਤਰੀ ਬਾਲੜੀ ਦਿਵਸ ਮਨਾਉਣ ਲਈ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ 17 ਲੜਕੀਆਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਹਾਸਲ ਕਰਨ ਅਤੇ ਵਧੀਆ ਸੇਵਾਵਾਂ ਲਈ ਵਧਾਈ ਪੱਤਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਵਲੋਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ 600 ਵਰਕਰਾਂ ਨੂੰ ਉਨ੍ਹਾਂ ਦੀ ਰੋਜ਼ਮਰਾ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਸਮਾਗਮ ਦੌਰਾਨ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਲੋਗੋ ਵਾਲੇ ਬੈਗ ਵੀ ਦਿੱਤੇ ਗਏ ਜੋ ਕਿ ਆਂਗਣਵਾੜੀ ਵਰਕਰਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਜਾਣ ਸਮੇਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਸੁਨੇਹਾ ਦੇਣਗੇ।

ਉਪ ਮੰਡਲ ਮੈਜਿਸਟਰੇਟ ਅਮਿਤ ਮਹਾਜਨ ਵਲੋਂ ਬੱਚੀਆਂ ਦੇ ਨਾਮ ਵਾਲੀਆਂ ਪਲੇਟਾਂ ਲਾਉਣ ਦੀ ਨਿਵੇਕਲੀ ਪਹਿਲ ਦੀ ਸਲਾਹੁਤਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਨੂੰ ਹੋਰ ਹੁਲਾਰਾ ਦੇਵੇਗਾ ਅਤੇ ਬੇਟੀਆਂ ਦੇ ਮਾਣ-ਸਨਮਾਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਨਵ-ਜੰਮੀਆਂ ਬੱਚੀਆਂ ਦੇ ਨਾਮ ਵਾਲੀਆਂ ਇਹ ਪਲੇਟਾਂ ਆਉਂਦੇ ਦੋ-ਚਾਰ ਦਿਨਾਂ ਤੱਕ 202 ਘਰਾਂ ਦੇ ਬਾਹਰ ਲੱਗ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਮਾਜ ਵਿੱਚ ਲੜਕੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਢੁਕਵੇਂ ਕਦਮ ਚੁੱਕੇ ਜਾਂਦੇ ਹਨ ਅਤੇ ਮਾਪਿਆਂ ਦੇ ਨਾਲ-ਨਾਲ ਸਾਰੇ ਨਾਗਰਿਕਾਂ ਨੂੰ ਧੀਆਂ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਤਾਂ ਜੋ ਲੜਕੀਆਂ ਖਿਲਾਫ਼ ਕਿਸੇ ਵੀ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਲਗਾਈਆਂ ਜਾ ਰਹੀਆਂ ਨਾਮ ਵਾਲੀਆਂ ਰਿਫਲੈਕਟਿਵ ਪਲੇਟਾਂ ’ਤੇ ਰਾਤ ਸਮੇਂ ਲਾਈਟ ਪੈਣ ’ਤੇ ਬੱਚੀਆਂ ਦੇ ਨਾਮ ਉਨ੍ਹਾਂ ਦੇ ਰੁਸ਼ਨਾਉਂਦੇ ਭਵਿੱਖ ਵਾਂਗ ਚਮਕਣਗੇ।

ਅਪਨੀਤ ਰਿਆਤ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਬਾਲੜੀ ਦਿਵਸ ਦਾ ਸਿਰਲੇਖ ‘ਮੇਰੀ ਆਵਾਜ਼-ਸਾਡਾ ਬਰਾਬਰ ਭਵਿੱਖ’ ਬਹੁਤ ਹੀ ਢੁਕਵਾਂ ਹੈ ਜੋ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹਰ ਖੇਤਰ ਵਿੱਚ ਚੰਗੇਰੇ ਭਵਿੱਖ ਦੀ ਗਵਾਹੀ ਭਰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਲਿੰਗ ਅਨੁਪਾਤ ਦੀ ਦਰ ਦੇ ਖੇਤਰ ਵਿੱਚ ਅਵੱਲ ਦਰਜਾ ਪ੍ਰਾਪਤ ਕਰ ਚੁੱਕਾ ਹੈ ਜੋ ਕਿ ਬਹੁਤ ਹੀ ਚੰਗਾ ਸੰਕੇਤ ਹੈ ਅਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਵਿੱਚ ਵੀ ਜ਼ਿਲ੍ਹਾ ਹੁਸ਼ਿਆਰਪੁਰ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ।

ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ ਨੇ ਵੀ ਇਸ ਮੌਕੇ ਕਿਹਾ ਕਿ ਇਹ ਨਾਮ ਵਾਲੀਆਂ ਰਿਫਲੈਕਟਿਵ ਪਲੇਟਾਂ ‘ਮੇਰੀ ਬੇਟੀ, ਮੇਰੀ ਸ਼ਾਨ’ ਸਿਰਲੇਖ ਹੇਠ ਲਾਈਆਂ ਜਾ ਰਹੀਆਂ ਹਨ ਤਾਂ ਜੋ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਨੂੰ ਹੋਰ ਸੁਹਿਰਦ ਹੁੰਗਾਰਾ ਮਿਲ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਨੇ ਮੇਰੀ ਬੇਟੀ, ਮੇਰੀ ਸ਼ਾਨ ਵਾਲੀਆਂ ਪਲੇਟਾਂ ਬੱਚੀ ਭਾਵਨਾ, ਸੁਨਾਕਸ਼ੀ ਚੇਤਨਾ, ਮੁਸਕਾਨ ਅਤੇ ਕਿਰਦੀਪ ਦੇ ਮਾਪਿਆਂ ਨੂੰ ਸੌਂਪੀਆਂ।
ਡਿਪਟੀ ਕਮਿਸ਼ਨਰ ਵਲੋਂ ਪੁਲਿਸ ਵਿੱਚ ਸੇਵਾਵਾਂ ਦੇ ਰਹੀਆਂ ਲੜਕੀਆਂ ਵਿੱਚ ਸਬ-ਇੰਸਪੈਕਟਰ ਸੰਦੀਪ ਕੌਰ, ਗੁਰਜੀਤ ਕੌਰ, ਹੈਡਕਾਂਸਟੇਬਲ ਰਾਜਦੀਪ ਕੌਰ ਅਤੇ ਨੀਲਮ ਰਾਣੀ, ਕਾਂਸਟੇਬਲ ਪਰਮਜੀਤ ਕੌਰ, ਰਾਜਵੀਰ ਕੌਰ, ਆਸ਼ਾ ਰਾਣੀ, ਲਵਪ੍ਰੀਤ, ਸਪਨਾ, ਦਲਜੀਤ ਕੌਰ ਨੂੰ ਵੀ ‘ਮੇਰੀ ਆਵਾਜ਼, ਸਾਡਾ ਬਰਾਬਰ ਭਵਿੱਖ’ ਦਾ ਸਮਾਜ ਨੂੰ ਸੰਦੇਸ਼ ਦੇਣ ਦੇ ਮਕਸਦ ਨਾਲ ਵਧਾਈ ਪੱਤਰ ਸੌਂਪੇ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਣਜੀਤ ਕੌਰ, ਰਾਜ ਬਾਲਾ ਤੇ ਜਸਵਿੰਦਰ ਕੌਰ, ਵਨ ਸਟਾਪ ਸੈਂਟਰ ਦੀ ਪ੍ਰਸ਼ਾਸਕ ਮੰਜੂ ਬਾਲਾ ਅਤੇ ਪ੍ਰਿੰਸੀਪਲ ਮਿਡਲ ਲੇਵਲ ਟਰੇਨਿੰਗ ਸੈਂਟਰ ਸੀਮਾ ਸ਼ਰਮਾ ਨੇ ਵੀ ਲੜਕੀਆਂ ਦੇ ਚਹੁੰਮੁੱਖੀ ਵਿਕਾਸ ਦੇ ਸੰਦਰਭ ਵਿੱਚ ਉਤਸ਼ਾਹਿਤ ਕਰਨ ਵਾਲੀਆਂ ਤਕਰੀਰਾਂ ਕੀਤੀਆਂ।


author

Bharat Thapa

Content Editor

Related News