ਚੰਡੀਗੜ੍ਹ ਦੇ ਬੱਚੇ ਬਣੇ ਸ਼ਤਰੰਜ ਦੇ ਉਸਤਾਦ, ਤਕਰੀਬਨ 30 ਖਿਡਾਰੀ ਹੋ ਚੁੱਕੇ ਹਨ ਤਿਆਰ
Saturday, Jul 20, 2024 - 11:51 AM (IST)
ਚੰਡੀਗੜ੍ਹ (ਸ਼ੀਨਾ) : ਸ਼ਤਰੰਜ ਇਕ ਅਜਿਹੀ ਖੇਡ ਹੈ, ਜੋ ਬੱਚਿਆਂ ਨੂੰ ਧਿਆਨ ਕੇਂਦਰਿਤ ਕਰਨਾ ਸਿੱਖਣ ’ਚ ਮਦਦ ਕਰਦੀ ਹੈ ਅਤੇ ਦਿਮਾਗ਼ੀ ਹੁਨਰ ਨੂੰ ਸੁਧਾਰਦੀ ਹੈ। ਚੰਡੀਗੜ੍ਹ ਸੈਕਟਰ-23 ਦੀ ਸ਼ਤਰੰਜ ਅਕੈਡਮੀ ਦੇ ਸੰਸਥਾਪਕ ਅਤੇ ਟ੍ਰੇਨਰ ਨਵੀਨ ਬਾਂਸਲ ਨੇ 2005 ਤੋਂ ਬੱਚਿਆਂ ਨੂੰ ਸ਼ਤਰੰਜ ’ਚ ਮੁਹਾਰਤ ਹਾਸਲ ਕਰਵਾਉਣ ’ਚ ਯੋਗਦਾਨ ਪਾਇਆ ਹੈ। ਹੁਣ ਤੱਕ ਉਨ੍ਹਾਂ ਦੀ ਚੰਡੀਗੜ੍ਹ ਚੈੱਸ ਅਕੈਡਮੀ ਤੋਂ ਕਰੀਬ 30 ਬੱਚੇ ਇੰਟਰਨੈਸ਼ਨਲ ਰੇਟਡ ਖਿਡਾਰੀ ਰਹੇ ਹਨ। ਅਯਾਨ ਗਰਗ ਤੋਂ ਇਲਾਵਾ ਚੰਡੀਗੜ੍ਹ ਚੈੱਸ ਅਕੈਡਮੀ ਦੇ ਜ਼ਿਆਦਾਤਰ ਵਿਦਿਆਰਥੀ ਵੱਖ-ਵੱਖ ਉਮਰ ਵਰਗਾਂ ’ਚ ਸਟੇਟ ਚੈਂਪੀਅਨ ਬਣੇ ਅਤੇ ਅੰਤਰਰਾਸ਼ਟਰੀ ਰੇਟਿੰਗ ਵੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ਤਰੰਜ ਨੂੰ ਦਿਮਾਗ ਨੂੰ ਸਿਖਲਾਈ ਦੇਣ ਲਈ ਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਸ਼ਤਰੰਜ ਸਿੱਖਣ ਦੀ ਪ੍ਰਕਿਰਿਆ ਦਾ ਆਨੰਦ ਲੈਣਾ ਚਾਹੀਦਾ ਹੈ। ਸ਼ਤਰੰਜ ਸਿੱਖਣ ਤੇ ਖੇਡਣ ਨਾਲ ਬੱਚੇ ਆਨੰਦ ਦੇ ਨਾਲ-ਨਾਲ ਆਪਣੇ ਦਿਮਾਗ ਨੂੰ ਕਿਸੇ ਵੀ ਪੱਧਰ ਤੱਕ ਵਧਾ ਸਕਦੇ ਹਨ। ਆਲਮੀ ਸ਼ਤਰੰਜ ਦਿਹਾੜੇ ਮੌਕੇ ਜਾਣਦੇ ਹਾਂ ਚੰਡੀਗੜ੍ਹ ਦੇ ਉਨ੍ਹਾਂ ਬੱਚਿਆਂ ਬਾਰੇ ਜੋ ਸ਼ਤਰੰਜ ਦੇ ਉਸਤਾਦ ਬਣੇ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ Alert, ਸੂਬਾ ਵਾਸੀਆਂ ਲਈ ਜਾਰੀ ਹੋਈ ਚਿਤਾਵਨੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
11 ਸਾਲਾ ਅਯਾਨ ਗਰਗ ਨੇ ਦੁਨੀਆ ਭਰ ’ਚ ਪਾਈਆਂ ਧੁੰਮਾਂ
ਚੰਡੀਗੜ੍ਹ ਸੈਕਟਰ-23 ਦੇ ਰਹਿਣ ਵਾਲੇ 11 ਸਾਲਾ ਅਯਾਨ ਗਰਗ ਨੇ 2023 ’ਚ ਸੰਯੁਕਤ ਅਰਬ ਅਮੀਰਾਤ ’ਚ ਏਸ਼ੀਅਨ ਯੂਥ ਅੰਡਰ-12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਉਹ 6 ਸਾਲ ਦੀ ਉਮਰ ’ਚ ਚੰਡੀਗੜ੍ਹ ਸ਼ਤਰੰਜ ਅਕੈਡਮੀ ’ਚ ਸ਼ਾਮਲ ਹੋਇਆ ਅਤੇ ਟ੍ਰੇਨਰ ਨਵੀਨ ਬਾਂਸਲ ਕੋਲੋਂ ਸਿਖਲਾਈ ਲਈ। ਉਸ ਨੇ ਅੰਡਰ 12 ਓਪਨ ਵਰਗ ’ਚ ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ 2023-24 ’ਚ ਕਾਂਸੀ ਦਾ ਤਗਮਾ ਜਿੱਤਿਆ। ਇਹ ਟੂਰਨਾਮੈਂਟ ਮਲੇਸ਼ੀਆ ਦੇ ਮੇਲਾਕਾ ’ਚ ਹੋਇਆ, ਜਿੱਥੇ 11 ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣ ਲਈ ਪਹੁੰਚੇ ਸਨ। ਅੰਡਰ 12 ਇੰਟਰਨੈਸ਼ਨਲ ਚੈੱਸ ਵੈਸਟਰਨ ਮੁਕਾਬਲੇ ’ਚ ਰੇਪਿਡ ਬਲਿਟਸ ਤੇ ਕਲਾਸੀਕਲ ਮੁਕਾਬਲੇ ’ਚ ਸਿਲਵਰ ਤੇ ਗੋਲਡ ਮੈਡਲ ਮਿਲਿਆ। ਉਸ ਨੇ ਦੱਸਿਆ ਕਿ ਉਹ ਦਿਨ ’ਚ 6 ਘੰਟੇ ਪ੍ਰੈਕਟਿਸ ਨੂੰ ਦਿੰਦਾ ਹੈ। ਉਸ ਨੂੰ ਅਕਤੂਬਰ 2023 ’ਚ ਕੌਮੀ ਅੰਡਰ 11 ਸ਼ਤਰੰਜ ਚੈਂਪੀਅਨਸ਼ਿਪ ’ਚ 382 ਭਾਗੀਦਾਰਾਂ ’ਚੋਂ ਨੌਵਾਂ ਸਥਾਨ ਮਿਲਿਆ ਅਤੇ 28 ਤੇ 29 ਅਕਤੂਬਰ 2023 ਨੂੰ ਏ. ਐੱਸ. ਸੀ. ਓਪਨ ਰੇਟਿੰਗ ਸ਼ਤਰੰਜ ਟੂਰਨਾਮੈਂਟ ’ਚ ਪੂਰੇ ਭਾਰਤ ’ਚ 617 ਮੁਕਾਬਲੇਬਾਜ਼ਾਂ ’ਚੋਂ ਉਸ ਨੂੰ ਅੱਠਵਾਂ ਸਥਾਨ ਮਿਲਿਆ। ਇਸ ਤੋਂ ਇਲਾਵਾ ਦਸੰਬਰ 2023 ’ਚ ਉਸ ਨੇ ਏਸ਼ੀਆ ਯੂਥ ਅੰਡਰ 12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ’ਚ ਕਾਂਸੇ ਦਾ ਮੈਡਲ ਜਿੱਤਿਆ। ਜਨਵਰੀ 2024 ਤੱਕ ਦੂਜੇ ਮੈਟਰਿਕਸ ਕੱਪ ਇੰਟਰਨੈਸ਼ਨਲ ਓਪਨ ਫਾਈਡ ਰੇਟਿੰਗ ਸ਼ਤਰੰਜ ਟੂਰਨਾਮੈਂਟ ’ਚੋਂ ਉਸ ਨੂੰ ਪੂਰੇ ਭਾਰਤ ਤੇ ਵਿਦੇਸ਼ਾਂ ਤੋਂ ਆਏ 574 ਮੁਕਾਬਲੇਬਾਜ਼ਾਂ ’ਚੋਂ ਪੰਜਵਾਂ ਸਥਾਨ ਮਿਲਿਆ।
ਇਹ ਵੀ ਪੜ੍ਹੋ : ਕੇਂਦਰ ਨੂੰ ਪੰਜਾਬ ਲਈ ਵੀ ਵਿਸ਼ੇਸ਼ ਪੈਕੇਜ ਦੇਣ ’ਤੇ ਵਿਚਾਰ ਕਰਨਾ ਚਾਹੀਦੈ : ਸਾਹਨੀ
ਸਭ ਤੋਂ ਛੋਟੀ ਉਮਰ ਦੀ ਖਿਡਾਰਨ ਜੀਆਨਾ ਗਰਗ
ਸਿਟੀ ਬਿਊਟੀਫੁਲ ਤੋਂ ਸ਼ਤਰੰਜ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਜੀਆਨਾ ਗਰਗ ਹੈ, ਜੋ ਅਯਾਨ ਗਰਗ ਦੀ ਭੈਣ ਹੈ ਅਤੇ ਕੇ. ਜੀ. ’ਚ ਪੜ੍ਹਦੀ ਹੈ। 4 ਸਾਲ ਦੀ ਉਮਰ ਤੋਂ ਹੀ ਉਸ ਨੇ ਸ਼ਤਰੰਜ ’ਚ ਸਿਖਲਾਈ ਨਵੀਨ ਬਾਂਸਲ ਤੋਂ ਲੈਣੀ ਸ਼ੁਰੂ ਕੀਤੀ ਸੀ ਤੇ ਹੁਣ ਉਹ 6 ਸਾਲ ਦੀ ਹੈ। ਉਸ ਨੂੰ 1 ਮਈ 2024 ਨੂੰ ਇੰਟਰਨੈਸ਼ਨਲ ਚੈੱਸ ਫੈਡਰੇਸ਼ਨ ਦੀ ਵੈੱਬਸਾਈਟ 'ਤੇ ਦਿਖਾਈ ਗਈ ਪਹਿਲੀ ਰੇਟਿੰਗ 1558 ਹੈ। ਉਹ ਦੁਨੀਆ ਦੀ ਇਕਲੌਤੀ ਖਿਡਾਰਣ ਹੈ, ਜਿਸ ਨੂੰ 5 ਸਾਲ 11 ਮਹੀਨਿਆਂ ਦੀ ਉਮਰ ’ਚ ਰੇਟਿੰਗ ਮਿਲੀ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਵੱਡੇ ਭਰਾ ਅਯਾਨ ਵਾਂਗ ਸ਼ਤਰੰਜ ਖਿਡਾਰੀ ਬਣਨਾ ਚਾਹੁੰਦੀ ਹੈ।
ਸ਼ੌਂਕ ਸ਼ੌਂਕ ’ਚ ਸ਼ੁਰੂ ਕਰ ਕੇ ਕਈ ਚੈਂਪੀਅਨਸ਼ਿਪ ’ਚ ਹਿੱਸਾ ਲੈ ਚੁੱਕਿਆ ਵੇਦਾਂਤ ਗਰਗ
ਸੈਕਟਰ-23 ਦਾ ਰਹਿਣ ਵਾਲਾ 13 ਸਾਲਾ ਵੇਦਾਂਤ ਗਰਗ 7 ਸਾਲ ਦੀ ਉਮਰ ਤੋਂ ਆਪਣੀ ਭੈਣ ਤੋਂ ਪ੍ਰੇਰਿਤ ਹੋ ਕੇ ਕੋਰੋਨਾ ਸਮੇਂ ਸ਼ਤਰੰਜ ਸਿੱਖਣ ਲੱਗ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਕਦੇ ਪ੍ਰੈਕਟਿਸ ਨਹੀਂ ਛੱਡੀ। ਉਸ ਨੇ ਦੱਸਿਆ ਕਿ ਸ਼ਤਰੰਜ ਉਸ ਲਈ ਪਹਿਲਾਂ ਸਿਰਫ਼ ਇਕ ਸ਼ੌਕ ਸੀ ਪਰ ਲਾਕਡਾਊਨ ਸਮੇਂ ਉਹ ਇਸ ਖੇਡ ਪ੍ਰਤੀ ਸੱਚਮੁੱਚ ਗੰਭੀਰ ਹੋ ਗਿਆ। ਉਸ ਨੇ ਸੀ. ਐੱਚ. ਡੀ. ਚੈਂਪੀਅਨਸ਼ਿਪ 2021, ਅੰਡਰ 17 ਸਟੇਟ ਚੈਂਪੀਅਨਸ਼ਿਪ 2024, ਅੰਡਰ 15 ਸਟੇਟ ਚੈਂਪੀਅਨਸ਼ਿਪ 2022 ’ਚ ਹਿੱਸਾ ਲਿਆ। ਉਸ ਦਾ ਕਹਿਣਾ ਹੈ ਕਿ ਉੱਤਰੀ ਭਾਰਤ ’ਚ ਬਹੁਤ ਸਾਰੇ ਗ੍ਰੈਂਡਮਾਸਟਰ ਜਾਂ ਖਿਤਾਬ ਵਾਲੇ ਖਿਡਾਰੀ ਨਹੀਂ ਹਨ, ਉਹ ਉੱਤਰੀ ਭਾਰਤ ਦੇ ਖਿਡਾਰੀਆਂ ਲਈ ਪ੍ਰੇਰਨਾ ਬਣਨਾ ਚਾਹੁੰਦਾ ਹੈ। ਜਿਵੇਂ ਵਿਸ਼ਵਨਾਥਨ ਆਨੰਦ ਸਰ ਪੂਰੇ ਭਾਰਤ ਲਈ ਹਨ, ਮੈਂ ਉੱਤਰੀ ਭਾਰਤ ਲਈ ਬਣਨਾ ਚਾਹੁੰਦਾ ਹਾਂ। ਉਹ ਸ਼ਤਰੰਜ ਲਈ ਦਿਨ ’ਚ 4 ਤੋਂ 5 ਘੰਟੇ ਪ੍ਰੈਕਟਿਸ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8