ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੇ ਯਾਤਰੀ ਟਰਮੀਨਲ ਦਾ ਡਾਕਟਰ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ

Wednesday, Jan 05, 2022 - 05:59 PM (IST)

ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੇ ਯਾਤਰੀ ਟਰਮੀਨਲ ਦਾ ਡਾਕਟਰ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ

ਹਲਵਾਰਾ (ਮਨਦੀਪ) : ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੇ ਯਾਤਰੀ ਟਰਮੀਨਲ ਦੀ ਉਸਾਰੀ ਲਈ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ, ਇਲਾਕੇ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿਚ ਨੀਂਹ ਪੱਥਰ ਰੱਖਿਆ। ਇਸ ਮੌਕੇ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਹ ਹਲਕਾ ਰਾਏਕੋਟ ਨੂੰ ਕੌਮਾਂਤਰੀ ਨਕਸ਼ੇ ਉੱਪਰ ਸਥਾਪਿਤ ਕਰਨ ਲਈ ਅਰਸੇ ਤੋਂ ਯਤਨਸ਼ੀਲ ਸਨ ਅਤੇ ਅੱਜ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿਚ ਸਿਹਰਾ ਪੰਜਾਬ ਸਰਕਾਰ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਜ਼ਮੀਨ ਗ੍ਰਹਿਣ ਕਰਨ ਤੋਂ ਲੈ ਕੇ ਉਸਾਰੀ ਦੇ ਹਰ ਪੜਾਅ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ।

ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਦੇ ਬਾਵਜੂਦ ਉਦਘਾਟਨੀ ਸਮਾਗਮ ਵਿਚ ਪਹੁੰਚੇ ਇਲਾਕੇ ਦੇ ਵੱਡੀ ਗਿਣਤੀ ਪੰਚਾਂ-ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ 46 ਕਰੋੜ ਰੁਪਏ ਦੇ ਅਨੁਮਾਨਿਤ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਪ੍ਰਾਜੈਕਟ ਲਈ ਕਰੀਬ 162 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਸੀ। ਉਨ੍ਹਾਂ ਇਸੇ ਸਾਲ ਦੇ ਜੂਨ ਤੱਕ ਟਰਮੀਨਲ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਦੀ ਉਮੀਦ ਪ੍ਰਗਟਾਈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਟਰਮੀਨਲ ਦੀ ਇਮਾਰਤ ਕਰੀਬ ਦੋ ਹਜ਼ਾਰ ਵਰਗ ਮੀਟਰ ਵਿਚ ਬਣਾਈ ਜਾ ਰਹੀ ਹੈ, ਜਿਸ ਵਿਚ ਟੈਕਸੀ ਵੇਅ ਤੋਂ ਲੈ ਕੇ ਅੰਦਰੂਨੀ ਸੁਰੱਖਿਆ ਅਤੇ ਇਮੀਗਰੇਸ਼ਨ ਅਤੇ ਪਾਰਕਿੰਗ ਆਦਿ ਸ਼ਾਮਲ ਹੈ ਅਤੇ ਇਸੇ ਸਾਲ ਜੁਲਾਈ ਨੂੰ ਫ਼ਲਾਈਟਾ ਸ਼ੂਰੂ ਹੋ ਜਾਣਗੀਆਂ ।

ਉਨ੍ਹਾਂ ਇਹ ਵੀ ਦੱਸਿਆ ਕਿ ਉਸਾਰੀ ਦਾ ਕੰਮ ਦੋ ਵੱਖ-ਵੱਖ ਕੰਪਨੀਆਂ ਨੂੰ ਸੌਪਿਆ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਫੰਡਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਤੋਂ ਇਲਾਵਾ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਅਮਰ ਸਿੰਘ, ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਜਗਦੀਪ ਸਿੰਘ ਬਿੱਟੂ, ਸਰਪੰਚ ਲਖਵੀਰ ਸਿੰਘ ਐਤੀਆਣਾ ਅਤੇ  ਹੋਰ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।


author

Gurminder Singh

Content Editor

Related News