ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦਾ ਸਮਰ ਸ਼ਡਿਊਲ ਜਾਰੀ

03/18/2018 9:52:53 AM

ਚੰਡੀਗੜ੍ਹ (ਲਲਨ)- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਵਲੋਂ ਸਮਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਰਨਵੇ ਦੀ ਮੁਰੰਮਤ ਨੂੰ ਧਿਆਨ 'ਚ ਰੱਖਦੇ ਹੋਏ ਹਵਾਈ ਅੱਡੇ ਤੋਂ ਆਖਰੀ ਉਡਾਣ ਦੁਪਹਿਰ 3 :35 ਵਜੇ ਉਡੇਗੀ। ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਸਮਰ ਸ਼ਡਿਊਲ 25 ਮਾਰਚ ਤੋਂ 27 ਅਕਤੂਬਰ ਤਕ ਲਾਗੂ ਰਹੇਗਾ। ਉਨ੍ਹਾਂ ਦੱਸਿਆ ਕਿ ਜਦੋਂ ਤਕ ਰਨਵੇ ਦੀ ਮੁਰੰਮਤ ਦਾ ਕੰਮ ਪੂਰਾ ਨਹੀਂ ਹੋ ਜਾਵੇਗਾ, ਉਦੋਂ ਤਕ ਹਰ ਐਤਵਾਰ ਨੂੰ ਰਨਵੇ ਬੰਦ ਰਹੇਗਾ। ਰਨਵੇ ਦੀ ਮੁਰੰਮਤ ਦੀ ਦੂਜੀ ਪਰਤ ਦਾ ਕੰਮ 12 ਤੋਂ 31 ਮਈ ਤਕ ਹੋਣਾ ਹੈ, ਇਸ ਲਈ ਏਅਰਪੋਰਟ ਬੰਦ ਰਹੇਗਾ। 
ਇਸ ਤੋਂ ਬਾਅਦ ਐਤਵਾਰ ਨੂੰ ਏਅਰਪੋਰਟ ਖੁੱਲ੍ਹ ਸਕਦਾ ਹੈ। ਸਮਰ ਸ਼ਡਿਊਲ ਦੇ ਹਿਸਾਬ ਨਾਲ ਏਅਰਪੋਰਟ 'ਤੇ ਪਹਿਲੀ ਫਲਾਈਟ ਸਵੇਰੇ 7:15 ਵਜੇ ਲੈਂਡ ਕਰੇਗੀ। ਸੀ. ਈ. ਓ. ਦਾ ਕਹਿਣਾ ਹੈ ਕਿ ਏਅਰ ਇੰਡੀਆ ਵਲੋਂ ਅਜੇ ਆਪਣਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ, ਜਦੋਂ ਉਹ ਸ਼ਡਿਊਲ ਜਾਰੀ ਕਰੇਗੀ ਤਾਂ ਇੰਟਰਨੈਸ਼ਨਲ ਏਅਰਪੋਰਟ ਤੋਂ 33 ਫਲਾਈਟਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਏਅਰਲਾਈਨਜ਼ ਵੀ 3-4 ਦਿਨਾਂ 'ਚ ਸ਼ਡਿਊਲ ਜਾਰੀ ਕਰ ਦੇਵੇਗੀ।  

ਸਮੇਂ 'ਚ ਜ਼ਿਆਦਾ ਨਹੀਂ ਹੋਈ ਤਬਦੀਲੀ
ਏਅਰਪੋਰਟ ਅਥਾਰਟੀ ਵਲੋਂ ਜਾਰੀ ਸਮਰ ਤੇ ਵਿੰਟਰ ਸ਼ਡਿਊਲ ਦੇ ਸਮੇਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ। ਅਥਾਰਟੀ ਵਲੋਂ ਜੋ ਵਿੰਟਰ ਸ਼ਡਿਊਲ ਜਾਰੀ ਕੀਤਾ ਗਿਆ ਸੀ, ਉਸਦੇ ਆਧਾਰ 'ਤੇ ਪਹਿਲੀ ਫਲਾਈਟ ਇਥੋਂ ਸਵੇਰੇ 7:25 ਵਜੇ ਰਵਾਨਾ ਹੁੰਦੀ ਸੀ, ਜਦੋਂਕਿ ਸਮਰ ਸ਼ਡਿਊਲ ਤਹਿਤ ਪਹਿਲੀ ਫਲਾਈਟ ਸਵੇਰੇ 7:15 ਵਜੇ ਦਿੱਲੀ ਲਈ ਰਵਾਨਾ ਹੋਵੇਗੀ।  

ਨਵੀਆਂ ਫਲਾਈਟਾਂ ਸ਼ਡਿਊਲ 'ਚ ਸ਼ਾਮਲ
ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਨੇ ਦੱਸਿਆ ਕਿ ਪੁਣੇ ਤੋਂ ਚੰਡੀਗੜ੍ਹ ਲਈ ਜੈੱਟ ਏਅਰਵੇਜ਼ ਦੀ ਫਲਾਈਟ ਨੂੰ ਸਮਰ ਸ਼ਡਿਊਲ 'ਚ ਸ਼ਾਮਲ ਕੀਤਾ। ਇਹ ਫਲਾਈਟ ਨੰ. 9 ਡਬਲਿਊ. 440 ਰੋਜ਼ਾਨਾ ਸਵੇਰੇ 11:40 ਵਜੇ ਚੱਲੇਗੀ ਤੇ ਚੰਡੀਗੜ੍ਹ ਇਹ ਦੁਪਹਿਰ 2:10 ਵਜੇ ਪਹੁੰਚ ਜਾਵੇਗੀ। ਚੰਡੀਗੜ੍ਹ-ਪੁਣੇ ਲਈ ਫਲਾਈਟ ਨੰ. 9 ਡਬਲਿਊ. 439 ਰੋਜ਼ਾਨਾ ਦੁਪਹਿਰ 2:20 ਵਜੇ ਉਡਾਣ ਭਰੇਗੀ ਤੇ ਸ਼ਾਮ 5:10 ਵਜੇ ਪੁਣੇ ਪਹੁੰਚ ਜਾਵੇਗੀ। ਇਸ ਏਅਰਲਾਈਨਜ਼ ਵਲੋਂ ਚੰਡੀਗੜ੍ਹ ਤੋਂ ਬੇਸਿਕ ਕਿਰਾਇਆ 4455 ਰੁਪਏ ਹੈ, ਜਦੋਂਕਿ ਪੁਣੇ ਤੋਂ ਚੰਡੀਗੜ੍ਹ ਦਾ ਬੇਸਿਕ ਕਿਰਾਇਆ 4153 ਰੁਪਏ ਹੈ।


Related News