ਗੋਲਡ ਸਮੱਗਲਿੰਗ, ਐੱਸ. ਜੀ. ਆਰ. ਡੀ. ਏਅਰਪੋਰਟ ''ਤੇ ਡਾਗ ਹੈਂਡਲਰ ਪਾਲ ਦਾ ਸਾਇਆ

Monday, Dec 11, 2017 - 10:31 AM (IST)

ਅੰਮ੍ਰਿਤਸਰ (ਨੀਰਜ) - ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਡੀ. ਆਰ. ਆਈ. ਦੀ ਟੀਮ ਵੱਲੋਂ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਸਵਾਰ ਪਤੀ-ਪਤਨੀ ਦੀ ਸੀਟ ਦੇ ਥੱਲੇ 15 ਕਿਲੋ ਸੋਨਾ ਜ਼ਬਤ ਕੀਤੇ ਜਾਣ ਤੋਂ ਬਾਅਦ ਇਕ ਵਾਰ ਫਿਰ ਗੋਲਡ ਸਮੱਗਲਿੰਗ ਤੇ ਕਸਟਮ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਚਰਚਾ 'ਚ ਆ ਗਈਆਂ ਹਨ ਤੇ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ ਤੇ ਪਹਿਲਵਾਨ ਦਾ ਨਾਂ ਚਰਚਾ 'ਚ ਆ ਗਿਆ ਹੈ। ਸੋਨੇ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਚੁੱਕਾ ਕਸਟਮ ਵਿਭਾਗ ਦੇ ਡਾਗ ਹੈਂਡਲਰ ਪਾਲ ਦਾ ਸਾਇਆ ਏਅਰਪੋਰਟ 'ਤੇ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਇੰਨੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਅੱਜ ਵੀ ਐੱਸ. ਜੀ. ਆਰ. ਡੀ. ਏਅਰਪੋਰਟ ਗੋਲਡ ਸਮੱਗਲਰਾਂ ਦੇ ਨਿਸ਼ਾਨੇ 'ਤੇ ਹੈ ਤੇ ਉਹ ਆਪਣੇ ਕੋਰੀਅਰ ਦੇ ਜ਼ਰੀਏ ਗੋਲਡ ਦੀ ਸਮੱਗਲਿੰਗ ਕਰਨ ਤੋਂ ਬਾਜ਼ ਨਹੀਂ ਆ ਰਹੇ।
ਅਜੇ ਕੁਝ ਦਿਨ ਪਹਿਲਾਂ ਹੀ ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਵੱਲੋਂ ਇਕ ਕਿਲੋ ਤੋਂ ਵੱਧ ਸੋਨਾ ਫੜਿਆ ਜਾ ਚੁੱਕਾ ਹੈ, ਜਿਸ ਨੂੰ ਬੜੀ ਹੀ ਤਕਨੀਕ ਨਾਲ ਬੈਗ 'ਚ ਲੁਕਾਇਆ ਗਿਆ ਸੀ। ਫਿਲਹਾਲ ਤਾਜ਼ਾ ਹਾਲਾਤ 'ਚ ਡੀ. ਆਰ. ਆਈ. ਦੀ ਟੀਮ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਪਰਦੇ ਦੇ ਪਿੱਛੇ ਬੈਠੇ ਵੱਡੇ ਖਿਡਾਰੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪਹੁੰਚ ਕਾਰਨ 15 ਕਿਲੋ ਸੋਨਾ ਜਹਾਜ਼ ਦੀ ਸੀਟ ਥੱਲੇ ਪਹੁੰਚ ਗਿਆ। ਇਸ ਘਟਨਾ ਦੇ ਸਾਹਮਣੇ ਆਉਣ ਨਾਲ ਜਹਾਜ਼ ਦੀ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਸੋਨੇ ਦੀ ਬਜਾਏ ਆਰ. ਡੀ. ਐਕਸ. ਜਾਂ ਕੋਈ ਹੋਰ ਖਤਰਨਾਕ ਪਦਾਰਥ ਵੀ ਸੀਟ ਥੱਲੇ ਰੱਖਿਆ ਜਾ ਸਕਦਾ ਸੀ।
ਦੁਬਈ ਏਅਰਪੋਰਟ 'ਤੇ ਜਹਾਜ਼ ਦੀ ਸਾਫ਼-ਸਫਾਈ ਕਰਨ ਵਾਲਾ ਸਟਾਫ ਤਾਂ ਜਾਂਚ ਦੇ ਦਾਇਰੇ 'ਚ ਹੈ ਹੀ, ਉਥੇ ਹੀ ਇਸ ਮਾਮਲੇ 'ਚ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਜਹਾਜ਼ ਦੀ ਸਾਫ਼-ਸਫਾਈ ਕਰਨ ਤੇ ਕੂੜਾ ਚੁੱਕਣ ਵਾਲਾ ਸਟਾਫ ਵੀ ਜਾਂਚ ਦੇ ਘੇਰੇ 'ਚ ਆ ਗਿਆ ਹੈ ਕਿਉਂਕਿ ਗ੍ਰਿਫਤਾਰ ਕੀਤੇ ਗਏ ਪਤੀ-ਪਤਨੀ ਆਪਣੇ-ਆਪ ਸੀਟ ਦੇ ਹੇਠੋਂ ਸੋਨਾ ਨਹੀਂ ਕੱਢ ਸਕਦੇ, ਇਸ ਨੂੰ ਯਾਤਰੀਆਂ ਦੇ ਉਤਰ ਜਾਣ ਤੋਂ ਬਾਅਦ ਹੀ ਕੱਢਿਆ ਜਾ ਸਕਦਾ ਹੈ ਤੇ ਇਹ ਕੰਮ ਏਅਰਪੋਰਟ 'ਤੇ ਤਾਇਨਾਤ ਕੋਈ ਨਾ ਕੋਈ ਕਰਮਚਾਰੀ ਹੀ ਕਰ ਸਕਦਾ ਹੈ।
ਏਅਰਪੋਰਟ ਦੇ ਟਾਇਲਟ 'ਚ ਪਿਆ ਕਰੋੜਾਂ ਦਾ ਲਾਵਾਰਸ ਸੋਨਾ ਕਿਸ ਦਾ?
ਹਵਾਈ ਜਹਾਜ਼ 'ਚ ਸਵਾਰ ਹੋ ਕੇ ਦੁਬਈ ਤੇ ਹੋਰ ਦੇਸ਼ਾਂ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਤੋਂ ਤਾਂ ਸੋਨਾ ਫੜਿਆ ਹੀ ਜਾ ਰਿਹਾ ਹੈ, ਉਥੇ ਹੀ ਐੱਸ. ਜੀ. ਆਰ. ਡੀ. ਏਅਰਪੋਰਟ ਦੇ ਟਾਇਲਟ ਤੋਂ ਜ਼ਬਤ ਕੀਤੇ ਗਏ ਕਰੋੜਾਂ ਰੁਪਇਆਂ ਦੇ ਲਾਵਾਰਸ ਸੋਨੇ ਦੇ ਮਾਲਕ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਇਸ ਮਾਮਲੇ 'ਚ ਵੀ ਏਅਰਪੋਰਟ 'ਤੇ ਹੀ ਤਾਇਨਾਤ ਕਿਸੇ ਨਾ ਕਿਸੇ ਕਰਮਚਾਰੀ ਦੀ ਮਿਲੀਭੁਗਤ ਹੋਣ ਦੀ ਚਰਚਾ ਰਹੀ ਹੈ। ਕਿਸੇ ਅਰਬ ਦੇਸ਼ ਤੋਂ ਆਇਆ ਸੋਨਾ ਸਾਰੀਆਂ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ 'ਚ ਧੂੜ ਝੋਕ ਕੇ ਟਾਇਲਟ ਤੱਕ ਕਿਵੇਂ ਪਹੁੰਚ ਗਿਆ ਤੇ ਟਾਇਲਟ ਦੇ ਵਾਟਰ ਟੈਂਕ 'ਚ ਉਸ ਨੂੰ ਕਿਸ ਨੇ ਲੁਕਾਇਆ ਤੇ ਕਿਵੇਂ ਉਸ ਨੂੰ ਕੱਢਿਆ ਜਾਣਾ ਸੀ, ਇਹ ਸਭ ਸਵਾਲ ਅੱਜ ਤੱਕ ਪਹੇਲੀ ਬਣੇ ਹੋਏ ਹਨ ਪਰ ਇਸ ਮਾਮਲੇ 'ਚ ਵੀ ਇਹ ਸਾਬਤ ਹੋ ਰਿਹਾ ਹੈ ਕਿ ਕੋਈ ਨਾ ਕੋਈ ਕਰਮਚਾਰੀ ਇਸ ਗੋਰਖਧੰਦੇ 'ਚ ਸ਼ਾਮਲ ਹੈ।
1 ਕਿਲੋ ਦੇ ਪਿੱਛੇ 2 ਲੱਖ ਦੀ ਬੱਚਤ ਅਤੇ ਜ਼ਬਤ ਹੋਣ 'ਤੇ ਕਰੋੜਾਂ ਦਾ ਨੁਕਸਾਨ
ਸੋਨੇ ਦੀ ਸਮੱਗਲਿੰਗ ਰੋਕਣ 'ਚ ਮਾਹਿਰ ਕੁਝ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਇਕ ਕਿਲੋ ਸੋਨੇ ਦੇ ਪਿੱਛੇ ਡੇਢ ਤੋਂ 2 ਲੱਖ ਰੁਪਏ ਤੱਕ ਦੀ ਬੱਚਤ ਹੁੰਦੀ ਹੈ ਪਰ ਫੜੇ ਜਾਣ ਦੇ ਇਵਜ਼ 'ਚ ਕਰੋੜਾਂ ਰੁਪਇਆਂ ਦਾ ਨੁਕਸਾਨ ਵੀ ਤੈਅ ਹੈ ਪਰ ਗੋਲਡ ਮਾਫੀਆ ਇੰਨਾ ਸ਼ਾਤਿਰ ਹੈ ਕਿ ਵਾਰ-ਵਾਰ ਫੜੇ ਜਾਣ 'ਤੇ ਵੀ ਗੋਲਡ ਸਮੱਗਲਿੰਗ ਬੰਦ ਨਹੀਂ ਕਰਦਾ। ਇਸ 'ਚ ਦੁਬਈ ਤੇ ਹੋਰ ਦੇਸ਼ਾਂ 'ਚੋਂ ਸੋਨਾ ਲਿਆਉਣ ਵਾਲੇ ਕੋਰੀਅਰ ਨੂੰ ਵੀ 50 ਹਜ਼ਾਰ ਦੇਣਾ ਹੁੰਦਾ ਹੈ। ਮੁੱਖ ਰੂਪ 'ਚ ਦਿੱਲੀ ਤੇ ਮੁੰਬਈ ਜਿਹੇ ਸ਼ਹਿਰਾਂ 'ਚ ਵੱਡੇ ਪੱਧਰ 'ਤੇ ਗੋਲਡ ਦੀ ਸਮੱਗਲਿੰਗ ਹੁੰਦੀ ਹੈ ਪਰ ਸਖਤੀ ਹੋਣ ਤੋਂ ਬਾਅਦ ਅੰਮ੍ਰਿਤਸਰ ਜਿਹੇ ਛੋਟੇ ਏਅਰਪੋਰਟਾਂ ਵੱਲ ਵੀ ਗੋਲਡ ਸਮੱਗਲਰ ਆਪਣਾ ਰੁਖ਼ ਕਰ ਲੈਂਦੇ ਹਨ।
ਏ. ਪੀ. ਆਈ. ਐੱਸ. ਸਿਸਟਮ ਵੀ ਬੁਰੀ ਤਰ੍ਹਾਂ ਫੇਲ
ਗੋਲਡ ਸਮੱਗਲਰਾਂ ਨੂੰ ਫੜਨ ਲਈ ਕਸਟਮ ਵਿਭਾਗ ਨੂੰ ਏ. ਪੀ. ਆਈ. ਐੱਸ. (ਐਡਵਾਂਸ ਪੈਸੇਂਜਰਸ ਇਮਫਰਮੇਸ਼ਨ ਸਿਸਟਮ) ਦਿੱਤਾ ਗਿਆ ਹੈ, ਜਿਸ ਵਿਚ ਵਿਭਾਗ ਨੂੰ ਉਨ੍ਹਾਂ ਯਾਤਰੀਆਂ ਦੀ ਐਡਵਾਂਸ 'ਚ ਸੂਚਨਾ ਮਿਲ ਜਾਂਦੀ ਹੈ ਜੋ ਯਾਤਰੀ ਵਾਰ-ਵਾਰ ਦੁਬਈ ਜਿਹੇ ਦੇਸ਼ਾਂ ਦੀ ਯਾਤਰਾ ਕਰਦੇ ਹਨ। ਇਕ ਵਿਅਕਤੀ ਜੇਕਰ ਮਹੀਨੇ 'ਚ 3 ਵਾਰ ਜਾਂ ਇਸ ਤੋਂ ਵੀ ਵੱਧ ਵਾਰ ਦੁਬਈ ਜਾਂਦਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਦਾਲ 'ਚ ਕੁਝ ਕਾਲਾ ਹੈ, ਅਜਿਹੇ ਲੋਕ ਏ. ਪੀ. ਆਈ. ਐੱਸ. 'ਚ ਟਰੇਸ ਹੋ ਜਾਂਦੇ ਹਨ ਪਰ ਸਮੱਗਲਰਾਂ ਨੇ ਵੀ ਇਸ ਸਿਸਟਮ ਨੂੰ ਤੋੜਦੇ ਹੋਏ ਹਰ ਵਾਰ ਨਵੇਂ ਕੋਰੀਅਰ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਏ. ਪੀ. ਆਈ. ਐੱਸ. ਸਿਸਟਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਿਹਾ। ਕੁਝ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਮੱਗਲਰਾਂ ਦੀ ਮਦਦ ਕਰਦੀ ਹੈ।
ਅੱਜ ਤੱਕ ਨਹੀਂ ਫੜਿਆ ਗਿਆ ਕਿੰਗਪਿਨ
ਆਮ ਤੌਰ 'ਤੇ ਕਿਲੋ ਜਾਂ ਅੱਧਾ ਕਿਲੋ ਸੋਨਾ ਫੜੇ ਜਾਣ 'ਤੇ ਕਸਟਮ ਵਿਭਾਗ ਸੋਨਾ ਜ਼ਬਤ ਕਰ ਕੇ ਸਮੱਗਲਰਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੰਦਾ ਹੈ ਤੇ ਅੱਜ ਤੱਕ ਇਸ ਸੋਨੇ ਦੀ ਸਮੱਗਲਿੰਗ ਦੀ ਖੇਡ 'ਚ ਕਿਸੇ ਵੱਡੇ ਕਿੰਗਪਿਨ ਨੂੰ ਫੜਨ 'ਚ ਸੁਰੱਖਿਆ ਏਜੰਸੀਆਂ ਨਾਕਾਮ ਰਹੀਆਂ ਹਨ, ਜਿਸ ਕਾਰਨ ਸੋਨੇ ਦੀ ਸਮੱਗਲਿੰਗ ਬਾਦਸਤੂਰ ਜਾਰੀ ਹੈ। ਫਿਲਹਾਲ 15 ਕਿਲੋ ਸੋਨਾ ਫੜੇ ਜਾਣ ਦੇ ਮਾਮਲੇ 'ਚ ਦੇਖਣਾ ਹੈ ਕਿ ਕੀ ਡੀ. ਆਰ. ਆਈ. ਕਿੰਗਪਿਨ ਨੂੰ ਫੜ ਪਾਉਂਦੀ ਹੈ ਜਾਂ ਫਿਰ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਂਦਾ ਹੈ।
1 ਕਿਲੋ ਕੱਢਣ ਦਾ 30 ਹਜ਼ਾਰ ਲੈਂਦਾ ਹੈ ਇਕ ਕਰਮਚਾਰੀ : ਸੋਨੇ ਦੀ ਸਮੱਗਲਿੰਗ ਦੇ ਮਾਮਲੇ 'ਚ ਕਸਟਮ ਵਿਭਾਗ ਦੇ ਇਕ ਕਰਮਚਾਰੀ ਦਾ ਨਾਂ ਚਰਚਾ 'ਚ ਹੈ, ਜੋ 1 ਕਿਲੋ ਸੋਨਾ ਕੱਢਣ ਦੇ ਬਦਲੇ 30 ਤੋਂ 40 ਹਜ਼ਾਰ 'ਚ ਸੌਦੇਬਾਜ਼ੀ ਕਰਦਾ ਹੈ। ਸ਼ਹਿਰ ਦੀ 'ਵਿਖਤਾਸ ਸੋਨਾ ਮੰਡੀ' ਦੇ ਇਕ ਸੋਨਾ ਵਪਾਰੀ ਨੇ ਦੱਸਿਆ ਕਿ ਵਿਭਾਗੀ ਮਿਲੀਭੁਗਤ ਨਾਲ ਹੀ ਇਹ ਕੰਮ ਹੋ ਰਿਹਾ ਹੈ।
ਜਹਾਜ਼ ਤੱਕ ਪਹੁੰਚ ਜਾਂਦਾ ਸੀ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ
ਅੰਮ੍ਰਿਤਸਰ ਏਅਰਪੋਰਟ 'ਤੇ ਸੋਨੇ ਦੀ ਖੇਪ ਨਾਲ ਫੜੇ ਗਏ ਕਸਟਮ ਵਿਭਾਗ ਦੇ ਮੁਅੱਤਲ ਹੋ ਚੁੱਕੇ ਕਰਮਚਾਰੀ ਡਾਗ ਹੈਂਡਲਰ ਪਾਲ ਦੀ ਗੱਲ ਕਰੀਏ ਤਾਂ ਉਂਝ ਤਾਂ ਉਸ ਦਾ ਕੰਮ ਸਨਿਫਰ ਡਾਗ ਨਾਲ ਸਾਮਾਨ ਦੀ ਚੈਕਿੰਗ ਆਦਿ ਕਰਨਾ ਸੀ ਪਰ ਕੁਝ ਵਿਭਾਗੀ ਅਧਿਕਾਰੀਆਂ ਦਾ ਸਿਰ 'ਤੇ ਹੱਥ ਹੋਣ ਕਾਰਨ ਉਸ ਦੀ ਇੰਨੀ ਪਹੁੰਚ ਸੀ ਕਿ ਉਹ ਜਹਾਜ਼ ਤੱਕ ਵੀ ਪਹੁੰਚ ਜਾਂਦਾ ਸੀ। ਪਾਲ ਨੂੰ ਫੜੇ ਜਾਣ ਤੋਂ ਬਾਅਦ ਇਸ ਮਾਮਲੇ 'ਚ ਵਿਭਾਗ ਦੇ ਹੀ ਕੁਝ ਅਧਿਕਾਰੀਆਂ ਦਾ ਨਾਂ ਵੀ ਭੁੜਕਿਆ ਸੀ ਪਰ ਵਿਭਾਗੀ ਮਿਲੀਭੁਗਤ ਕਾਰਨ ਇਸ ਮਾਮਲੇ 'ਚ ਹੋਰ ਅਧਿਕਾਰੀਆਂ ਦੇ ਨਾਂ ਦਬਾਅ ਦਿੱਤੇ ਗਏ ਅਤੇ ਇਕੱਲੇ ਪਾਲ 'ਤੇ ਹੀ ਸਾਰੀ ਗਾਜ ਡਿੱਗ ਗਈ ਤੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ। ਪਾਲ ਦੇ ਫੜੇ ਜਾਣ ਦੇ ਸਮੇਂ ਵਿਭਾਗ ਦੇ ਇਕ ਇੰਸਪੈਕਟਰ ਦਾ ਨਾਂ ਕਾਫ਼ੀ ਚਰਚਾ 'ਚ ਰਿਹਾ ਸੀ, ਜਿਸ ਨੂੰ ਬਾਅਦ 'ਚ ਖੁੱਡੇ ਲਾਈਨ ਲਾ ਕੇ ਤਬਾਦਲਾ ਕਰ ਦਿੱਤਾ ਗਿਆ। ਇਸ ਤਰ੍ਹਾਂ ਵਿਭਾਗ ਦੇ ਪਹਿਲਵਾਨ ਤੋਂ ਤਾਂ ਆਪਣੇ-ਆਪ ਵਿਭਾਗ ਦੇ ਹੀ ਡੀ. ਸੀ. ਨੇ ਰੇਡ ਕਰ ਕੇ ਸੋਨਾ ਫੜ ਲਿਆ ਸੀ, ਜਦੋਂ ਉਹ ਸੋਨੇ ਦੀ ਖੇਪ ਨੂੰ ਆਪਣੀ ਕਾਰ 'ਚ ਰੱਖ ਕੇ ਸਵਾਰ ਹੋਣ ਲੱਗਾ ਸੀ। ਇਸ ਮਾਮਲੇ 'ਚ ਕੁਝ ਸੁਨਿਆਰਾਂ ਨੂੰ ਵੀ ਵਿਭਾਗ ਨੇ ਤਲਬ ਕੀਤਾ ਸੀ।
ਗੁਦਾ 'ਚ ਸੋਨਾ ਲੁਕਾ ਕੇ ਸਮੱਗਲਿੰਗ ਦੇ ਕੇਸ ਹੋਏ ਘੱਟ
ਏਅਰਪੋਰਟ 'ਤੇ ਗੋਲਡ ਸਮੱਗਲਿੰਗ ਦੇ ਕੇਸਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਕੁਝ ਸਾਲ ਪਹਿਲਾਂ ਗੋਲਡ ਸਮੱਗਲਰ ਸੋਨੇ ਦੀ ਸਮੱਗਲਿੰਗ ਲਈ ਆਪਣੀ ਗੁਦਾ 'ਚ ਸੋਨਾ ਲੁਕਾ ਕੇ ਲਿਆਉਣਾ ਵੱਧ ਸੁਰੱਖਿਅਤ ਮਹਿਸੂਸ ਕਰਦੇ ਸਨ, ਹਾਲਾਂਕਿ ਇਹ ਕੰਮ ਕਾਫ਼ੀ ਔਖਾ ਤੇ ਪੀੜਾਦਾਇਕ ਰਹਿੰਦਾ ਸੀ। ਜਿਸ ਸਥਾਨ ਤੋਂ ਮਲ ਨਿਕਲਦਾ ਹੈ, ਉਸ ਵਿਚ ਇਕ ਕਿਲੋ ਸੋਨਾ ਲੁਕਾ ਕੇ ਹਵਾਈ ਜਹਾਜ਼ 'ਚ ਯਾਤਰਾ ਕਰਨਾ ਆਸਾਨ ਕੰਮ ਨਹੀਂ ਹੁੰਦਾ। ਇਸ ਹਾਲਤ 'ਚ ਗੁਦਾ 'ਚ ਸੋਨਾ ਲੁਕਾਉਣ ਵਾਲੇ ਕੋਰੀਅਰ ਕੁਝ ਖਾਂਦੇ-ਪੀਂਦੇ ਵੀ ਨਹੀਂ ਸਨ ਤਾਂ ਕਿ ਉਨ੍ਹਾਂ ਨੂੰ ਮਲ ਨਾ ਆਏ ਪਰ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਗੁਦਾ 'ਚ ਸੋਨਾ ਲੁਕਾ ਕੇ ਲਿਆਉਣ ਵਾਲੇ ਕੋਰੀਅਰਾਂ ਨੂੰ ਫੜਨ ਦੇ ਇੰਨੇ ਕੇਸ ਬਣਾ ਦਿੱਤੇ ਕਿ ਕੋਰੀਅਰਾਂ ਨੇ ਗੁਦਾ 'ਚ ਸੋਨਾ ਲੁਕਾ ਕੇ ਸਮੱਗਲਿੰਗ ਕਰਨ ਦਾ ਕੰਮ ਕਾਫ਼ੀ ਘੱਟ ਕਰ ਦਿੱਤਾ ਅਤੇ ਮੌਜੂਦਾ ਹਾਲਾਤ 'ਚ ਸੋਨੇ ਦੀ ਸਮੱਗਲਿੰਗ ਕਰਨ ਦੇ ਹੱਥਕੰਡੇ ਬਦਲ ਦਿੱਤੇ ਹਨ।  ਅੱਜ ਅਤਿ-ਆਧੁਨਿਕ ਤਕਨੀਕ ਨਾਲ ਸੋਨੇ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ, ਜਿਸ 'ਚ ਸੋਨੇ ਨੂੰ ਪਤਲੀਆਂ ਤਾਰਾਂ ਦੇ ਰੂਪ 'ਚ ਬੈਗ ਜਾਂ ਪਰਸ 'ਚ ਲੁਕਾਇਆ ਜਾਂਦਾ ਹੈ ਤੇ ਮਾਹਿਰ ਲੋਕ ਇਹ ਕੰਮ ਕਰਦੇ ਹਨ। ਹਰ ਵਾਰ ਨਵੀਂ ਤਕਨੀਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਕਿ ਕਸਟਮ ਵਿਭਾਗ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦਿੱਤਾ ਜਾ ਸਕੇ। ਫਿਲਹਾਲ ਜਹਾਜ਼ ਦੀ ਸੀਟ 'ਚ 15 ਕਿਲੋ ਸੋਨਾ ਫੜੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਸੋਨੇ ਦੀ ਸਮੱਗਲਿੰਗ ਦੇ ਨਾਲ-ਨਾਲ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਜਹਾਜ਼ 'ਚ ਸਵਾਰ ਯਾਤਰੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਥੋਂ ਤੱਕ ਸੁਰੱਖਿਅਤ ਰਹਿ ਸਕਦੇ ਹਨ।


Related News