ਗੁਰੂ ਨਗਰੀ ''ਅੰਮ੍ਰਿਤਸਰ'' ਨੇ ਭਰੀ ਸਫਲਤਾ ਦੀ ਇਕ ਹੋਰ ਉਡਾਰੀ!
Monday, Feb 04, 2019 - 07:01 PM (IST)

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਨੇ ਸਫਲਤਾ ਦੀ ਇਕ ਹੋਰ ਉਡਾਰੀ ਭਰ ਹੈ। ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਯਾਤਰੀਆਂ ਦੀ ਗਿਣਤੀ ਵਿਚ 48 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਏਅਰਪੋਰਟ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਤੇ ਏਅਰਪੋਰਟ ਦੇ ਸਟਰਕਚਰ ਵਿਚ ਹੋਏ ਸੁਧਾਰ ਕਾਰਨ ਹੋਇਆ ਹੈ। ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਡਾਟਾ ਮੁਤਾਬਕ ਦਸੰਬਰ 2017 ਵਿਚ ਏਅਰਪੋਰਟ 'ਤੇ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ 56, 284 ਸੀ ਜੋ ਦਸੰਬਰ 2018 ਤੱਕ ਵਧ ਕੇ 83, 276 ਹੋ ਗਈ। ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿਚ ਇਹ ਵਾਧਾ 48 ਫੀਸਦੀ ਰਿਹਾ। ਦੂਜੇ ਪਾਸੇ ਘਰੇਲੂ ਯਾਤਰੀਆਂ ਦੀ ਗਿਣਤੀ ਦਸੰਬਰ 2017 ਵਿਚ 1,62, 932 ਸੀ ਜੋ ਦਸੰਬਰ 2018 'ਚ ਵਧ ਕੇ 1,76,898 ਹੋ ਗਈ। ਘਰੇਲੂ ਯਾਤਰੀਆਂ ਵਿਚ 8.6 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਅੰਕੜਿਆਂ ਤੋਂ ਸਾਫ ਹੈ ਕਿ ਅੰਤਰਰਾਸ਼ਟਰੀ ਏਅਰਲਾਈਨ ਰਾਹੀਂ ਆਉਣ ਵਾਲੇ ਯਾਤਰੀਆਂ ਵਿਚ ਭਾਰੀ ਵਾਧਾ ਹੋਇਆ ਹੈ। ਇਹ ਵਾਧਾ ਸਾਲ 2018 'ਚ ਗੁਰੂ ਰਾਮ ਦਾਸ ਜੀ ਏਅਰਪੋਰਟ ਤੋਂ ਚਾਰ ਸਿੱਧੀਆਂ ਫਲਾਈਟ ਸ਼ੁਰੂ ਹੋਣ ਕਰਕੇ ਦਰਜ ਕੀਤਾ ਗਿਆ। ਅੰਮ੍ਰਿਤਸਰ ਏਅਰਪੋਰਟ ਤੋਂ ਏਅਰ ਇੰਡੀਆ ਟੂ ਬਰਮਿੰਘਮ, ਏਅਰ ਏਸ਼ੀਆ ਐਕਸ ਟੂ ਕੁਆਲਾਲੰਪੁਰ, ਇੰਡੀਗੋ ਫਲਾਈਟ ਟੂ ਦੁਬਈ ਤੇ ਸਪਾਈਸ ਜੈੱਟ ਫਲਾਈਟ ਟੂ ਬੈਂਕਾਕ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਵੱਡਾ ਲਾਭ ਹੋ ਰਿਹਾ ਹੈ।
ਦੂਜੇ ਪਾਸੇ ਅੰਮ੍ਰਿਤਸਰ ਤੋਂ ਪਟਨਾ, ਜੈਪੁਰ ਤੇ ਕੋਲਕਾਤਾ ਲਈ ਘਰੇਲੂ ਫਲਾਈਟ ਸ਼ੁਰੂ ਕੀਤੇ ਜਾਣ ਕਾਰਨ ਘਰੇਲੂ ਯਾਤਰੀਆਂ ਵਿਚ ਵੀ ਵਾਧਾ ਹੋਇਆ ਹੈ। ਮੌਜੂਦਾ ਸਮੇਂ ਵਿਚ ਏਅਰਪੋਰਟ ਤੋਂ 9 ਡੋਮੈਸਟਿਕ ਤੇ 8 ਅੰਤਰਰਾਸ਼ਟਰੀ ਸਿੱਧੀਆਂ ਫਲਾਈਟਸ ਹਨ। ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਅੰਮ੍ਰਿਤਸਰ ਤੋਂ ਲੰਡਨ, ਟੋਰਾਂਟੋ ਅਤੇ ਵੈਨਕੂਵਰ ਲਈ ਨਵੀਆਂ ਸਿੱਧੀਆਂ ਫਲਾਈਟਸ ਦੀ ਮੰਗ ਕੀਤੀ ਜਾ ਰਹੀ ਹੈ ਜੇ ਇਹ ਮੰਗ ਪੂਰੀ ਹੋ ਜਾਂਦੀ ਹੈ ਤਾਂ ਅੰਮ੍ਰਿਤਸਰ ਦੇ ਵਾਰੇ-ਨਿਆਰੇ ਹੋ ਜਾਣਗੇ।