ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ''ਤੇ ਹਮਲੇ ਦਾ ਮਾਸਟਰਮਾਈਂਡ ਰੰਗਾ ਕਤਲ ਕੇਸ ''ਚ ਬਰੀ

Thursday, Jul 25, 2024 - 01:16 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ. ਪੀ. ਜੀ. ਹਮਲੇ ਦੇ ਦੋਸ਼ ’ਚ ਜੇਲ੍ਹ ’ਚ ਬੰਦ ਦੀਪਕ ਰੰਗਾ ਨੂੰ ਜ਼ਿਲ੍ਹਾ ਅਦਾਲਤ ਨੇ ਸੈਕਟਰ-15 ਸਥਿਤ ਪੀ. ਜੀ. ਅੰਦਰ ਵੜ ਕੇ ਹੋਏ 2 ਵਿਦਿਆਰਥੀਆਂ ਦੇ ਕਤਲ ਮਾਮਲੇ ’ਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਦਾਇਰ ਮਾਮਲੇ ਤਹਿਤ ਦਸੰਬਰ 2019 ਦੀ ਰਾਤ ਨੂੰ ਚਾਰ ਹਥਿਆਰਬੰਦ ਵਿਅਕਤੀ ਸੈਕਟਰ-10 ਡੀ. ਏ. ਵੀ. ਕਾਲਜ ’ਚ ਬੀ. ਏ. ਫਾਈਨਲ ਦੇ 2 ਵਿਦਿਆਰਥੀਆਂ ਬਾਰੇ ਪੁੱਛਗਿੱਛ ਕਰਦਿਆਂ ਦਾਖ਼ਲ ਹੋਏ। ਜਦੋਂ  ਵਿਦਿਆਰਥੀਆਂ ਨੇ ਉਕਤ ਵਿਦਿਆਰਥੀਆਂ ਦੇ ਟਿਕਾਣੇ ਬਾਰੇ ਅਣਜਾਣਤਾ ਪ੍ਰਗਟਾਈ ਤਾਂ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ 21 ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਉਨ੍ਹਾਂ ਵੱਲੋਂ ਕੀਤੀ ਫਾਇਰਿੰਗ ’ਚ ਕਈ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ 2 ਵਿਦਿਆਰਥੀਆਂ ਨੇ ਪੀ. ਜੀ. ਆਈ. ’ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ ਐੱਸ. ਡੀ. ਕਾਲਜ ਦੇ ਵਿਦਿਆਰਥੀ ਅਜੈ ਤੇ ਸੈਕਟਰ-11 ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ ’ਚ ਬੀ. ਐੱਸ. ਸੀ. ਫਾਈਨਲ ਦੇ ਵਿਦਿਆਰਥੀ ਵਿਨੀਤ ਵਜੋਂ ਹੋਈ ਸੀ। ਦੋਵੇਂ ਹੀ ਹਿੰਦੁਸਤਾਨ ਸਟੂਡੈਂਟ ਐਸੋਸੀਏਸ਼ਨ ਨਾਲ ਜੁੜੇ ਹੋਏ ਸਨ। ਇਸ ਮਾਮਲੇ ’ਚ ਸੈਕਟਰ-11 ਥਾਣਾ ਪੁਲਸ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਪੁਲਸ ਲਈ ਵੱਡਾ ਝਟਕਾ
ਪਾਸ਼ ਇਲਾਕੇ ’ਚ ਵਾਪਰੇ ਇਸ ਚਰਚਿਤ ਕਤਲ ਮਾਮਲੇ ’ਚ ਪੁਲਸ ਨੇ ਕੁੱਲ 5 ਜਣਿਆਂ ਨੂੰ ਮੁਲਜ਼ਮ ਬਣਾਇਆ ਸੀ। ਦੀਪਕ ਰੰਗਾ ਨੂੰ ਮਾਮਲੇ ’ਚ ਬਰੀ ਕਰਦਿਆਂ ਅਦਾਲਤ ਨੇ ਕਿਹਾ ਕਿ ਉਸ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋ ਰਹੇ, ਜਿਸ ਕਾਰਨ ਉਸ ਨੂੰ ਬਰੀ ਕੀਤਾ ਜਾਂਦਾ ਹੈ। ਉਸ ਨੂੰ ਦੋਸ਼ਾਂ ਤੋਂ ਮੁਕਤ ਕਰਨ ਦਾ ਸੁਣਾਇਆ ਗਿਆ ਇਹ ਫ਼ੈਸਲਾ ਪੁਲਸ ਲਈ ਵੱਡਾ ਝਟਕਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਦਾਲਤ ਫਰਵਰੀ 2023 ’ਚ ਇਸ ਮਾਮਲੇ ’ਚ ਡੀ. ਏ. ਵੀ. ਕਾਲਜ ਦੇ ਸਾਬਕਾ ਵਿਦਿਆਰਥੀ ਆਗੂ ਅੰਕਿਤ ਨਰਵਾਲ, ਅਮਿਤ, ਸੁਨੀਲ ਤੇ ਵਿੱਕੀ ਸਮੇਤ ਚਾਰ ਜਣਿਆਂ ਨੂੰ ਬਰੀ ਕਰ ਚੁੱਕੀ ਹੈ। ਦੀਪਕ ਰੰਗਾ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ. ਪੀ. ਜੀ. ਹਮਲੇ ਦੇ ਮਾਮਲੇ ’ਚ ਜਨਵਰੀ, 2022 ’ਚ ਯੂ. ਪੀ. ਦੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਹਮਲੇ ਦਾ ਮਾਸਟਰਮਾਈਂਡ ਹੈ।
 


Babita

Content Editor

Related News