ਮੈਰਿਜ ਪੈਲੇਸ ਮਾਲਕਾਂ ਨੂੰ ''ਫ੍ਰੀ ਜ਼ੋਨ ਸਰਟੀਫਿਕੇਟ'' ਬਣਵਾਉਣ ਦੀ ਹਦਾਇਤ
Friday, Oct 06, 2017 - 01:11 AM (IST)

ਬਟਾਲਾ/ਫਤਿਹਗੜ੍ਹ ਚੂੜੀਆਂ, (ਸਾਰੰਗਲ)- ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡੀ. ਐੱਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਐੱਸ. ਐੱਚ. ਓ. ਰਮਦਾਸ ਇੰਸਪੈਕਟਰ ਵਿਪਨ ਕੁਮਾਰ ਵੱਲੋਂ ਮੈਰਿਜ ਪੈਲੇਸ ਮਾਲਕਾਂ ਦੀ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਵਿਚ ਵੱਡੀ ਗਿਣਤੀ 'ਚ ਕਸਬਾ ਰਮਦਾਸ ਤੇ ਆਸ-ਪਾਸ ਦੇ ਇਲਾਕਿਆਂ ਦੇ ਮੈਰਿਜ ਪੈਲੇਸ ਮਾਲਕਾਂ ਜਿਨ੍ਹਾਂ ਵਿਚ ਡਾਇਮੰਡ ਪੈਲੇਸ ਦੇ ਅਸ਼ਵਨੀ ਕੁਮਾਰ, ਵਾਹਲਾ ਪੈਲੇਸ ਦੇ ਸਿਮਰਨਜੀਤ ਸਿੰਘ, ਸਿਮਰਨ ਪੈਲੇਸ ਦੇ ਜਸਵੰਤ ਸਿੰਘ, ਸੰਨੀ ਪੈਲੇਸ ਦੇ ਹਰਬੰਸ ਲਾਲ ਆਦਿ ਸ਼ਾਮਲ ਸਨ।
ਮੀਟਿੰਗ ਦੌਰਾਨ ਐੱਸ. ਐੱਚ. ਓ. ਨੇ ਮੈਰਿਜ ਪੈਲੇਸ ਮਾਲਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਪੈਲੇਸਾਂ ਵਿਚ ਵਿਆਹ/ਸ਼ਗਨ ਸਮਾਰੋਹਾਂ ਜਾਂ ਪਾਰਟੀ ਆਦਿ ਦੇ ਆਯੋਜਨ ਮੌਕੇ ਕਿਸੇ ਵੀ ਬਰਾਤੀ ਜਾਂ ਪਾਰਟੀ ਲਈ ਆਉਣ ਵਾਲੇ ਵਿਅਕਤੀ ਨੂੰ ਪੈਲੇਸ ਅੰਦਰ ਹਥਿਆਰ ਨਾ ਲੈ ਕੇ ਜਾਣ ਦੇਣ ਕਿਉਂਕਿ ਇਸ ਨਾਲ ਜਿਥੇ ਸਮਾਰੋਹ ਦੌਰਾਨ ਫਾਇਰ ਕੱਢਣ ਨਾਲ ਜਾਨਲੇਵਾ ਹਾਦਸਾ ਹੋ ਜਾਂਦਾ ਹੈ, ਉਥੇ ਨਾਲ ਹੀ ਖੁਸ਼ੀਆਂ ਭਰੇ ਇਹ ਸਮਾਗਮ ਗਮ ਵਿਚ ਬਦਲ ਜਾਂਦੇ ਹਨ। ਉਨ੍ਹਾਂ ਪੈਲੇਸ ਮਾਲਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਜ਼ਬਰਦਸਤੀ ਪੈਲੇਸ ਅੰਦਰ ਵਿਆਹ/ਸ਼ਾਦੀ ਮੌਕੇ ਹਥਿਆਰ ਲੈ ਕੇ ਜਾਣ ਦੀ ਜ਼ਿੱਦ ਕਰਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਥਾਣਾ ਰਮਦਾਸ ਦੀ ਪੁਲਸ ਨੂੰ ਦਿੱਤੀ ਜਾਵੇ ਤਾਂ ਜੋ ਪੁਲਸ ਸਮਾਂ ਰਹਿੰਦਿਆਂ ਸਬੰਧਤ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ ਅਤੇ ਇਸ ਦੇ ਬਾਵਜੂਦ ਜੇਕਰ ਕੋਈ ਮੈਰਿਜ ਪੈਲੇਸ ਮਾਲਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਲੋਕਾਂ ਨੂੰ ਹਥਿਆਰ ਅੰਦਰ ਲਿਜਾਣ ਦਿੰਦਾ ਹੈ ਤਾਂ ਪੈਲੇਸ ਅੰਦਰ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਮੌਕੇ ਉਸਦਾ ਜ਼ਿੰਮੇਵਾਰ ਸਬੰਧਤ ਮੈਰਿਜ ਪੈਲੇਸ ਮਾਲਕ ਹੀ ਹੋਵੇਗਾ।
ਉਨ੍ਹਾਂ ਮੀਟਿੰਗ ਵਿਚ ਹਾਜ਼ਰ ਸਮੂਹ ਮੈਰਿਜ ਪੈਲੇਸ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੈਲੇਸਾਂ ਅੰਦਰ ਹਥਿਆਰ ਲੈ ਕੇ ਜਾਣ 'ਤੇ ਮੁਕੰਮਲ ਰੋਕ ਲਈ 'ਫ੍ਰੀ ਜ਼ੋਨ ਸਰਟੀਫਿਕੇਟ' ਬਣਵਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਹਥਿਆਰ ਮੈਰਿਜ ਪੈਲੇਸ ਅੰਦਰ ਨਾ ਲਿਜਾਏ ਜਾ ਸਕਣ ਅਤੇ ਜੋ ਪੈਲੇਸ ਮਾਲਕ ਸਰਟੀਫਿਕੇਟ ਨਹੀਂ ਬਣਾਏੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਇਸ ਮੌਕੇ ਸਬ ਇੰਸਪੈਕਟਰ ਸਤਨਾਮ ਸਿੰਘ, ਏ. ਐੱਸ. ਆਈ ਸੁਖਵਿੰਦਰ ਸਿੰਘ ਮੌਜੂਦ ਸਨ।