ਬਲਬੀਰ ਸਿੱਧੂ ਵਲੋਂ  ਘੱਟੋ-ਘੱਟ 1000 ਕੋਵਿਡ-19 ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਿਦਾਇਤ

Friday, Feb 12, 2021 - 08:24 PM (IST)

ਚੰਡੀਗੜ੍ਹ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸਿਵਲ ਸਰਜਨਾਂ ਨੂੰ ਕੋਵਿਡ ਸਬੰਧੀ ਸਾਰੀਆਂ ਸਾਵਧਾਨੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ 10 ਲੱਖ ਦੀ ਅਬਾਦੀ ਪਿੱਛੇ ਘੱਟੋ-ਘੱਟ 1000 ਕੋਵਿਡ-19 ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਿਦਾਇਤ ਦਿੱਤੀ ਹੈ। ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਾਲ (ਕੰਟੈਕਟ ਟਰੇਸਿੰਗ) ਵਿਚ ਤੇਜ਼ੀ ਲਿਆਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਧੀਨ ਹਰ ਪਾਜ਼ੇਟਿਵ ਮਰੀਜ਼ ਦੇ ਘੱਟੋ ਘੱਟ 20 ਸੰਪਰਕਾਂ ਦਾ ਪਤਾ ਲਗਾਉਣ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਕੰਟੈਕਟ ਟਰੇਸਿੰਗ ਪ੍ਰਤੀ ਪਾਜ਼ੇਟਿਵ ਕੇਸ ਨੂੰ ਵਧਾ ਕੇ 4 ਤੋਂ ਤਕਰੀਬਨ 12 ਕੀਤੀ ਗਈ ਹੈ। ਸਿੱਧੂ ਨੇ ਦੱਸਿਆ ਕਿ ਕੋਵਿਡ ਦੇ ਸਿਖਰ ਦੌਰਾਨ ਪੰਜਾਬ ’ਚ ਰੋਜ਼ਾਨਾ 2500 ਤੋਂ 3000 ਕੇਸ ਸਾਹਮਣੇ ਆਉਂਦੇ ਸਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਪਿਛਲੇ ਦੋ ਮਹੀਨਿਆਂ ਦੌਰਾਨ, ਮਾਮਲਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ 95 ਫੀਸਦੀ ਰਿਕਵਰੀ ਦਰ ਨਾਲ ਰੋਜ਼ਾਨਾ ਦੇ ਕੇਸ ਘੱਟ ਕੇ ਔਸਤਨ 200 ਪ੍ਰਤੀ ਦਿਨ ਰਹਿ ਗਏ ਹਨ।  

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਵੱਡਾ ਹੁੰਗਾਰਾ, 88 ਹਜ਼ਾਰ ਫਰੰਟਲਾਈਨ ਵਰਕਰਾਂ ਨੂੰ ਲੱਗਿਆ ਟੀਕਾ

ਸਿਹਤ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੂਬੇ 'ਚ ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ 11.2.2021 ਨੂੰ 309 ਕੇਸ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕੋਵਿਡ -19 ਅਜੇ ਖ਼ਤਮ ਨਹੀਂ ਹੋਇਆ ਅਤੇ ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਲਈ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੱਥ ਧੋਣ ਜਿਹੀਆਂ ਕੋਵਿਡ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਟੀਕਾਕਰਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ  ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕੋਵਿਡ-19 ਟੀਕਾਕਰਣ ਲਈ 2.05 ਲੱਖ ਹੈਲਥ ਕੇਅਰ ਵਰਕਰ ਅਤੇ 1.77 ਲੱਖ ਫਰੰਟ ਲਾਈਨ ਵਰਕਰ ਰਜਿਸਟਰ ਹੋ ਚੁੱਕੇ ਹਨ। ਲਗਭਗ 74,286 ਹੈਲਥ ਕੇਅਰ ਵਰਕਰਾਂ ਅਤੇ 23,085 ਫਰੰਟ ਲਾਈਨ ਵਰਕਰਾਂ ਦਾ ਟੀਕਾਕਰਣ ਹੋ ਚੁੱਕਾ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮਾਲ ਅਤੇ ਪੀ. ਆਰ. ਆਈ. ਮਹਿਕਮਿਆਂ ਦੇ ਫਰੰਟ ਲਾਈਨ ਵਰਕਰਾਂ ਦੇ ਟੀਕਾਕਰਨ ਲਈ ਲਾਭਪਾਤਰੀਆਂ ਨੂੰ 17 ਫਰਵਰੀ ਤੱਕ ਰਜਿਸਟਰ ਕੀਤਾ ਜਾ ਸਕਦਾ ਹੈ। ਹੈਲਥ ਕੇਅਰ ਵਰਕਰਾਂ ਲਈ ਟੀਕਾਕਰਣ ਦੀ ਆਖਰੀ ਤਰੀਕ ਜਾਂ ਪਹਿਲੀ ਖੁਰਾਕ ਦੀ ਸੀਮਾ 12 ਫਰਵਰੀ ਤੋਂ ਵਧਾ ਕੇ 19 ਫਰਵਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨੌਦੀਪ ਕੌਰ ਦੀ ਰਿਹਾਈ ਲਈ ਕੌਮੀ ਮਹਿਲਾ ਕਮਿਸ਼ਨ ਫੌਰੀ ਦਖ਼ਲ ਦੇਵੇ: ਅਰੁਣਾ ਚੌਧਰੀ

ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਹਰ ਯੋਗ ਲਾਭਪਾਤਰੀ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਇਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਹੈ। ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਅਮਰੀਕਾ, ਬ੍ਰਾਜ਼ੀਲ, ਫਰਾਂਸ, ਸਪੇਨ, ਇੰਗਲੈਂਡ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ। ਅਮਰੀਕਾ ਵਿਚ ਸਭ ਤੋਂ ਜ਼ਿਆਦਾ 1,00,000 ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਪਰ ਭਾਰਤ ਵਿਚ ਕੇਸਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਹੋਰਨਾਂ ਸੂਬਿਆਂ ਬਾਰੇ ਚਿੰਤਾ ਜ਼ਾਹਰ ਕਰਦਿਆਂ, ਜਿੱਥੇ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਸਿੱਧੂ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕੇਰਲ ਵਿਚ ਲਗਾਤਾਰ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਫੈਸਲੇ ਲਏ ਹਨ। ਸਿਹਤ ਮਹਿਕਮੇ ਵੱਲੋਂ ਹੁਣ ਤੱਕ 80 ਕੰਟੇਨਮੈਂਟ ਜ਼ੋਨ ਅਤੇ 2081 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ।

ਇਹ ਵੀ ਪੜ੍ਹੋ : ਕੈਪਟਨ ਬੌਖ਼ਲਾਹਟ ’ਚ ਆ ਕੇ ਕਰਵਾ ਰਿਹਾ ਅਕਾਲੀ ਆਗੂਆਂ ’ਤੇ ਵਰਕਰਾਂ ’ਤੇ ਹਮਲੇ : ਮਜੀਠੀਆ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News